ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/148

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮਲ ਨੇ ਦਸਵੀਂ ਜਮਾਤ ਪਾਸ ਕਰ ਲਈ ਤੇ ਉਹ ਦਾ ਮੰਗੇਤਰ ਵੀ ਬੀ. ਏ. ਵਿਚੋਂ ਪਾਸ ਹੋ ਗਿਆ।ਨਿਰਮਲ ਦੇ ਪਿਓ ਨੇ ਉਹ ਦਾ ਵਿਆਹ ਦੇਣਾ ਚਾਹਿਆ। ਮੁੰਡਾ ਕਹਿੰਦਾ ਕਿ ਮੈਂ ਤਾਂ ਹੋਰ ਪੜ੍ਹਨਾ ਹੈ ਤੇ ਉਹ ਚੰਡੀਗੜ੍ਹ ਵਕਾਲਤ ਵਿੱਚ ਦਾਖ਼ਲ ਹੋ ਗਿਆ।

ਇੱਕ ਸਾਲ ਲੰਘ ਗਿਆ।

ਮੁੰਡੇ ਦੀ ਚੰਡੀਗੜ੍ਹ ਤੋਂ ਸਿੱਧੀ ਚਿੱਠੀ ਆਈ। ਉਸ ਨੇ ਨਿਰਮਲ ਦੇ ਪਿਓ ਨੂੰ ਲਿਖਿਆ ਸੀ ਕਿ ਉਹ ਨਿਰਮਲ ਨੂੰ ਕਾਲਜ ਵਿੱਚ ਪੜ੍ਹਨ ਲਾ ਦੇਣ। ਬੀ. ਏ. ਕਰੇ, ਭਾਵੇਂ ਨਾ ਕਰੇ, ਪਰ ਦੋ ਸਾਲ ਘੱਟੋ ਘੱਟ ਕਾਲਜ ਵਿੱਚ ਜ਼ਰੂਰ ਲਾਵੇ ਤਾਂ ਕਿ ਉਸ ਨੂੰ ਮਾਡਰਨ ਸੁਸਾਇਟੀ ਦਾ ਪਤਾ ਲੱਗ ਜਾਵੇ। ਇਹ ਵੀ ਲਿਖਿਆ ਸੀ ਕਿ ਨਿਰਮਲ ਬੈਡਮਿੰਟਨ ਜ਼ਰੂਰ ਖੇਡਿਆ ਕਰੇ ਤੇ ਇਸ ਖੇਡ ਵਿੱਚ ਪੂਰੀ ਮਾਹਰ ਹੋ ਜਾਵੇ।

ਨਿਰਮਲ ਦਾ ਪਿਓ ਤਾਂ ਅਨਪੜ੍ਹ ਸੀ ਤੇ ਵੱਡਾ ਭਰਾ ਵੀ ਅਨਪੜ੍ਹ ਚਿੱਠੀ ਨਿਰਮਲ ਨੇ ਪੜ੍ਹੀ ਤੇ ਪੜ੍ਹ ਕੇ ਕੋਲ ਹੀ ਰੱਖ ਲਈ। ਵੱਡੇ ਭਰਾ ਤੇ ਪਿਓ ਨੂੰ ਕੁਝ ਨਾ ਦੱਸਿਆ। ਚਿੱਤ ਵਿੱਚ ਉਹ ਬਹੁਤ ਉਦਾਸ ਰਹਿਣ ਲੱਗੀ।

ਉਨ੍ਹਾਂ ਦਾ ਪਿੰਡ ਨੇੜੇ ਦੇ ਸ਼ਹਿਰ ਤੋਂ ਦੋ ਮੀਲ ਦੀ ਵਿੱਥ 'ਤੇ ਹੀ ਸੀ। ਪੱਕੀ ਸੜਕ ਉਨ੍ਹਾਂ ਦੇ ਪਿੰਡ ਤਾਂ ਮਿਡਲ ਸਕੂਲ ਹੀ ਸੀ ਤੇ ਉਸ ਨੇ ਦਸਵੀਂ ਜਮਾਤ ਨੇੜੇ ਦੇ ਸ਼ਹਿਰੋਂ ਕੀਤੀ ਸੀ। ਸਾਈਕਲ 'ਤੇ ਜਾਂਦੀ ਹੁੰਦੀ, ਸਾਈਕਲ 'ਤੇ ਆਉਂਦੀ ਹੁੰਦੀ। ਦਸਵੀਂ ਪਾਸ ਕਰਨ ਸਾਰ ਉਹ ਓਸੇ ਸ਼ਹਿਰ ਬਲਾਕ ਦੇ ਦਫ਼ਤਰ ਵਿੱਚ ਕਲਰਕ ਲੱਗ ਗਈ ਸੀ। ਸਾਈਕਲ 'ਤੇ ਚਲੀ ਜਾਂਦੀ, ਸਾਈਕਲ ਤੇ ਆ ਜਾਂਦੀ। ਉਹ ਆਪਣੀ ਤਨਖ਼ਾਹ ਸਾਰੀ ਦੀ ਸਾਰੀ ਡਾਕਖ਼ਾਨੇ ਦੀ ਕਾਪੀ ਵਿੱਚ ਜਮਾ ਕਰਵਾ ਦਿੰਦੀ। ਉਹ ਦਾ ਵੱਡਾ ਭਰਾ ਕਿਰਸਾਂ ਕਰ ਕਰ ਭੈਣ ਵਾਸਤੇ ਦਾਜ ਤਿਆਰ ਕਰਦਾ। ਪਿਓ ਕੁੜੀ ਦੇ ਫ਼ਿਕਰਾਂ ਵਿੱਚ ਦਿਨ ਦਿਨ ਘਟਦਾ ਰਹਿੰਦਾ, ਝੂਰਦਾ ਰਹਿੰਦਾ। ਫ਼ੌਜ ਵਿੱਚ ਜਿਹੜਾ ਭਰਾ ਨੌਕਰ ਸੀ, ਉਹ ਵਰੇ ਛਿਮਾਹੀ ਸੌ ਦੋ ਸੌ ਭੇਜ ਦਿੰਦਾ। ਪਰ ਉਸ ਦੇ ਵੀ ਤਾਂ ਵਹੁਟੀ ਸੀ, ਦੋ ਜਵਾਕ ਸਨ ਤੇ ਉਹ ਦਾ ਵਿਚਾਰੇ ਦਾ ਆਪ ਹੀ ਮਸਾਂ ਪਲ ਪੂਰਾ ਹੁੰਦਾ ਸੀ। ਵਹੁਟੀ ਉਹ ਦੀ ਪੇਕੀਂ ਰਹਿੰਦੀ ਤੇ ਜਿਹੜੇ ਖ਼ਰਚ ਉਹ ਭੇਜਦਾ, ਬੈਠੀ ਖਾਈਂ ਜਾਂਦੀ। ਪੁਲਿਸ ਵਿੱਚ ਜਿਹੜਾ ਸੀ, ਉਹ ਲੋਕਾਂ ਤੋਂ ਲੁੱਟ ਖਸੁੱਟ ਕਰਕੇ ਵੀ ਨੰਗ ਦਾ ਨੰਗ ਰਹਿੰਦਾ। ਉਸ ਦੀ ਘਰਵਾਲੀ ਤੇ ਜਵਾਕ, ਸਗੋਂ ਕਦੇ ਕਦੇ ਪਿੰਡ ਆ ਕੇ ਵੱਡੇ ਭਰਾ ਨੂੰ ਦੱਦ ਲੱਗ ਜਾਂਦੇ। ਉਸ ਸ਼ੇਰ ਦੇ ਬੱਚੇ ਨੇ ਕਦੇ ਵੀ ਪਿਓ ਦੇ ਹੱਥ ’ਤੇ ਆ ਕੇ ਥੁੱਕਿਆ ਤੱਕ ਨਹੀਂ ਸੀ। ਸ਼ਰਾਬ ਬੇਥਾਹ ਪੀਂਦਾ ਸੀ। ਰਾਤਾਂ ਬਾਹਰ ਕੱਟਦਾ ਸੀ। ਕਿਸੇ ਨਾ ਕਿਸੇ ਮੁਕੱਦਮੇ ਵਿੱਚ ਅੜਿਆ ਹੀ ਰਹਿੰਦਾ। ਦਸ ਵਾਰੀ ਮੁਅੱਤਲ ਹੋਇਆ ਸੀ, ਦਸ ਵਾਰੀ ਬਹਾਲ ਹੋਇਆ ਸੀ। ਨਿਰਮਲ ਦਾ ਫ਼ਿਕਰ ਤਾਂ ਪਿਓ ਨੂੰ ਸੀ ਜਾਂ ਵੱਡੇ ਭਰਾ ਨੂੰ, ਜਿਸ ਦੀ ਉਹ ਧੀਆਂ ਵਰਗੀ ਛੋਟੀ ਭੈਣ ਸੀ।

ਛੇ ਕੁ ਮਹੀਨਿਆਂ ਬਾਅਦ ਹੀ ਚੰਡੀਗੜ੍ਹ ਤੋਂ ਚਿੱਠੀ ਆਈ, ਜਿਸ ਵਿੱਚ ਪੁੱਛਿਆ ਸੀ ਕਿ ਨਿਰਮਲ ਕਾਲਜ ਵਿੱਚ ਦਾਖ਼ਲ ਹੋ ਗਈ ਹੈ ਜਾਂ ਨਹੀਂ ਤੇ ਪੁੱਛਿਆ ਸੀ ਕਿ ਉਹ ਬੈਡਮਿੰਟਨ ਖੇਡਦੀ ਹੁੰਦੀ ਹੈ ਜਾਂ ਨਹੀਂ। ਨਿਰਮਲ ਨੇ ਚਿੱਠੀ ਪੜੀ ਤੇ ਰੱਖ ਲਈ। ਪਿਤਾ

148
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ