ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਚਰ ਹੋ ਗਿਆ। ਅਮਰਜੀਤ ਨੇ ਨਿਰਮਲ ਨੂੰ ਆਪਣੇ ਸਾਈਕਲ ਦੇ ਪਿੱਛੇ ਬਿਠਾ ਲਿਆ ਤੇ ਉਸ ਦਾ ਪੰਚਰ ਸਾਈਕਲ ਦੂਜੇ ਹੱਥ ਨਾਲ ਬਰਾਬਰ ਫੜ ਕੇ ਉਹ ਦੋਵੇਂ ਦਫ਼ਤਰ ਆ ਗਏ।ਉਸ ਦਿਨ ਜਿਵੇਂ ਅਮਰਜੀਤ ਨੇ ਨਿਰਮਲ ਦਾ ਦਿਲ ਜਿੱਤ ਲਿਆ ਸੀ।

ਉਸ ਦਿਨ ਦਫ਼ਤਰ ਵਿੱਚ ਜਦ ਉਹ ਕੰਮ 'ਤੇ ਆ ਕੇ ਬੈਠੇ, ਨਿਰਮਲ ਦੀ ਸੀਟ ਦੇ ਬਿਲਕੁੱਲ ਉੱਪਰ ਇੱਕ ਬੰਦ ਰੋਸ਼ਨਦਾਨ ਵਿੱਚ ਗੋਲੀ ਕਬੂਤਰੀ ਨੇ ਆਲ੍ਹਣਾ ਪਾ ਲਿਆ ਹੋਇਆ ਸੀ। ਸ਼ਾਇਦ ਅੱਜ ਹੀ ਸ਼ੁਰੂ ਕੀਤਾ ਸੀ। ਇੱਕ ਖੁੱਲ੍ਹੇ ਰੋਸ਼ਨਦਾਨ ਵਿੱਚ ਦੀ ਕਬੂਤਰੀ ਤੇ ਉਹ ਦਾ ਕਬੂਤਰ ਦਬਾ ਦਬ ਨਿੰਮ੍ਹ, ਬੇਰੀ ਤੇ ਕਿੱਕਰ ਦੇ ਡੱਕੇ ਬਾਹਰੋਂ ਲਿਆਉਣ ਵਿੱਚ ਰੁੱਝੇ ਹੋਏ ਸਨ।ਨਿਰਮਲ ਬਿੰਦ ਦੀ ਬਿੰਦ ਉਨ੍ਹਾਂ ਵੱਲ ਦੇਖਦੀ ਰਹੀ ਤੇ ਖੁਸ਼ਕ ਜਿਹੀ ਮੁਸਕਰਾਹਟ ਬੁੱਲ੍ਹਾਂ 'ਤੇ ਲਿਆਉਂਦੀ ਰਹੀ। ਫੇਰ ਇੱਕ ਲੰਮਾ ਸਾਰਾ ਸਾਹ ਸੂਤਵਾਂ ਹਉਕਾ ਲੈ ਕੇ ਆਪਣੇ ਕੰਮ ਵਿੱਚ ਲੱਗ ਗਈ।

ਨਿਰਮਲ ਮੰਗੀ ਨੂੰ ਦੋ ਸਾਲ ਹੋ ਗਏ ਸਨ। ਉਹ ਦੇ ਪਿਓ ਨੇ ਮੁੰਡੇ ਦੇ ਮਾਪਿਆਂ ਨੂੰ ਚਿੱਠੀ ਪਵਾਈ ਕਿ ਉਹ ਵਿਆਹ ਲੈ ਲੈਣ। ਮਾਪਿਆਂ ਦਾ ਜਵਾਬ ਆਇਆ ਕਿ ਮੁੰਡੇ ਦੀ ਮਰਜ਼ੀ ਹੈ-ਜਦੋਂ ਚਾਹੇ, ਵਿਆਹ ਕਰਵਾ ਲਵੇ।

ਨਿਰਮਲ ਦਾ ਪਿਓ ਮੁੰਡੇ ਨੂੰ ਚੰਡੀਗੜ੍ਹ ਚਿੱਠੀ ਪਵਾਉਣ ਬਾਰੇ ਸੋਚ ਹੀ ਰਿਹਾ ਸੀ ਕਿ ਉਸ ਦੀ ਚਿੱਠੀ ਆਪ ਹੀ ਗਈ। ਲਿਖਿਆ ਸੀ ਕਿ ਨਿਰਮਲ ਕਲੱਬ ਜਾਇਆ ਕਰੇ ਤਾਂ ਕਿ ਉਹ ਹਾਈ ਸਰਕਲ ਵਿੱਚ ਬੋਲਣਾ ਚਾਲਣਾ, ਖਾਣਾ-ਪੀਣਾ ਤੇ ਉੱਠਣਾ ਬੈਠਣਾ ਸਿੱਖ ਲਵੇ। ਉਸ ਸ਼ਹਿਰ ਵਿੱਚ ਓਸੇ ਨਾਲ ਇੱਕ ਛੋਟੀ ਜਿਹੀ ਕਲੱਬ ਬਣ ਗਈ ਸੀ, ਜਿੱਥੇ ਸ਼ਾਮ ਨੂੰ ਵੱਡੇ-ਵੱਡੇ ਅਫ਼ਸਰ, ਉਨ੍ਹਾਂ ਦੀਆਂ ਪਤਨੀਆਂ ਤੇ ਸ਼ਹਿਰ ਦੇ ਲਟਬੌਰੇ ਮੁੰਡੇ ਕੁੜੀਆਂ ਜਾਂਦੇ ਤੇ ਹੱਸ ਖੇਡ, ਖਾ ਪੀ ਕੇ ਵੱਡੀ ਰਾਤ ਘਰ ਨੂੰ ਮੁੜਦੇ। ਇਸ ਕਲੱਬ ਦੀ ਖ਼ਬਰ ਪ੍ਰੈੱਸ ਵਿੱਚ ਆ ਚੁੱਕੀ ਸੀ। ਇਸੇ ਕਰਕੇ ਸ਼ਾਇਦ ਮੁੰਡੇ ਨੂੰ ਚੰਡੀਗੜ੍ਹ ਬੈਠੇ ਨੂੰ ਉਸ਼ ਸ਼ਹਿਰ ਵਿੱਚ ਕਲੱਬ ਦਾ ਪਤਾ ਲੱਗਿਆ ਸੀ। ਉਸ ਨੇ ਆਪਣੀ ਉਸ ਚਿੱਠੀ ਵਿੱਚ ਇਹ ਵੀ ਲਿਖਿਆ ਸੀ ਕਿ ਨਿਰਮਲ ਪਿੰਡ ਜਾਣ ਦੀ ਥਾਂ ਕਾਲਜ ਹੋਸਟਲ ਵਿੱਚ ਹੀ ਉੱਥੇ ਠਹਿਰਿਆ ਕਰੇ ਤਾਂ ਕਿ ਹੋਸਟਲ ਲਾਈਫ਼ ਮਾਣ ਸਕੇ। ਨਿਰਮਲ ਨੇ ਉਹ ਚਿੱਠੀ ਦੰਦਾਂ ਵਿੱਚ ਜੀਭ ਲੈ ਕੇ ਪੜ੍ਹੀ ਤੇ ਪੜ੍ਹ ਕੇ ਰੱਖ ਲਈ। ਜਿਹੜੀ ਚਿੱਠੀ ਵਿਆਹ ਬਾਰੇ ਉਸ ਦੇ ਪਿਓ ਨੇ ਲਿਖਵਾਈ, ਉਹ ਲਿਖ ਕੇ ਪਾ ਦਿੱਤੀ।

ਪੰਦਰਾਂ ਦਿਨਾਂ ਬਾਅਦ ਵਕੀਲ ਸਾਹਿਬ ਦਾ ਲਿਫ਼ਾਫ਼ਾ ਆਇਆ, ਲਿਖਿਆ ਸੀ ਕਿ ਵਿਆਹ ਉਹ ਆਪਣਾ ਤੀਜਾ ਸਾਲ ਮੁਕਾ ਕੇ ਹੀ ਲਵੇਗਾ।ਵਿਆਹ ਬੜੀ ਧੂਮਧਾਮ ਨਾਲ ਹੋਣਾ ਚਾਹੀਦਾ ਹੈ। ਰੇਡੀਓ, ਮੋਟਰ ਸਾਈਕਲ, ਫ਼ਰਨੀਚਰ ਤੋਂ ਹੋਰ ਚੀਜ਼ਾਂ ਵਧੀਆ ਕੁਆਲਿਟੀ ਦੀਆਂ ਹੋਣ। ਰਿਫਰੈਜਰੀਏਟਰ ਜ਼ਰੂਰ ਹੋਵੇ।

ਨਿਰਮਲ ਨੇ ਚਿੱਠੀ ਪੜ੍ਹੀ ਤੇ ਉਸ ਦਾ ਮੂੰਹ ਲਾਲ ਹੋ ਗਿਆ। ਨਾ ਉਹ ਕੁਝ ਬੋਲੀ ਤੇ ਨਾ ਰੋਈ। ਜਦ ਕਦੇ ਵਕੀਲ ਸਾਹਿਬ ਦੀ ਚਿੱਠੀ ਆਈ ਤਾਂ ਨਿਰਮਲ ਨੇ ਮਨੋਂ ਜੋੜ ਕੇ ਏਧਰ ਓਧਰ ਦੀਆਂ ਗੱਲਾਂ ਵੱਡੇ ਭਰਾ ਤੇ ਬਿਰਧ ਪਿਓ ਨੂੰ ਦੱਸ ਦਿੱਤੀਆਂ ਸਨ ਤੇ ਹੁਣ ਵੀ ਉਸ ਨੇ ਚਿੱਠੀ ਦੀ ਹੋਰ ਗੱਲ ਬਣਾ ਕੇ ਵੱਡੇ ਭਰਾ ਤੇ ਪਿਓ ਨੂੰ ਦੱਸ ਦਿੱਤਾ ਸੀ ਕਿ ਉਹ ਵਿਆਹ ਲੈ ਕੇ ਬਹੁਤ ਖ਼ੁਸ਼ ਹਨ। ਜਦੋਂ ਮਰਜ਼ੀ ਦੇ ਦਿਓ।

150

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ