ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/151

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇੱਕ ਸਵੇਰ ਜਦੋਂ ਨਿਰਮਲ ਨੇ ਰੋਜ਼ ਦੀ ਤਰ੍ਹਾਂ ਦਫ਼ਤਰ ਜਾਣਾ ਸੀ, ਉਹ ਸਵਖ਼ਤੇ ਹੀ ਉੱਠੀ, ਆਪਣੇ ਅਟੈਚੀ ਵਿੱਚ ਕੱਪੜੇ ਪਾਏ ਤੇ ਤਿਆਰੀ ਕਰਦੀ ਨੂੰ ਅੱਧਾ ਘੰਟਾ ਦੇਰ ਹੋ ਗਈ। ਭਰਜਾਈ ਨੇ ਪੁੱਛਿਆ- 'ਬੀਬੀ ਨਣਦੇ, ਅੱਜ ਤੇਰੇ ਅਛਨੇ ਪਛਨੇ ਨਹੀਂ ਮੁੱਕਦੇ? ਕਿੱਧਰ ਉਧਲੇਂਗੀ?' ਨਿਰਮਲ ਨੇ ਖਿੜ ਖਿੜ ਮੋਤੀਆਂ ਦੀ ਬੀੜ ਵਿਚੋਂ ਸਾਰਾ ਹਾਸਾ ਡੋਲ੍ਹ ਦਿੱਤਾ ਤੇ ਕਹਿੰਦੀ- 'ਨੌਕਰੀ ਦਾ ਮਾਮਲੈ ਬਹੇਲੇ, ਅੱਜ ਬਾਹਰ ਕੈਂਪ 'ਤੇ ਜਾਣੈ।' ਤੇ ਭਰਜਾਈ ਨੇ ਨਣਦ ਨੂੰ ਬੁੱਕਲ ਵਿੱਚ ਘੁੱਟ ਲਿਆ। ਤੁਰਨ ਵੇਲੇ ਇੱਕ ਪਲ ਨਿਰਮਲ ਨੇ ਆਪਣੇ ਬਿਰਧ ਪਿਓ ਵੱਲ ਨਜ਼ਰ ਭਰ ਕੇ ਦੇਖਿਆ ਤੇ ਅੱਖਾਂ ਗਿੱਲੀਆਂ ਕਰ ਲਈਆਂ। ਵੱਡਾ ਭਰਾ ਉਹ ਦਾ ਕਦੋਂ ਦਾ ਖੇਤ ਗਿਆ ਹੋਇਆ ਸੀ। ਭਤੀਜੇ ਭਤੀਜੀਆਂ ਨੂੰ ਆਨੀ ਬਹਾਨੀ ਉਹ ਪਿਆਰ ਜਿਹਾ ਦਿੰਦੀ ਫਿਰਦੀ ਸੀ। ਭਰਜਾਈ ਨੇ ਉਹ ਦੀ ਵੱਖੀ ਵਿੱਚ ਚੂੰਢੀ ਭਰ ਲਈ- ‘ਚੀਨ ਨੂੰ ਤਾਂ ਨੀ ਜਾਂਦੀ, ਬਾਪੂ ਦੀਏ ਧੋਲਾਂ? ਕਿਵੇਂ ਜਵਾਕਾਂ ਦੀਆਂ ਲਾਲਾਂ ਚਟਦੀ ਫਿਰਦੀ ਐਂ ਛੇਤੀ ਘਰੋ ਨਿਕਲ, ਫੇਰ ਕਹੇਂਗੀ-ਮੇਰਾ ਸਾਹਬ ਝਿੜਕਦੈ।'

ਉਸ ਦਿਨ ਆਥਣੇ ਤਾਂ ਘਰ ਦਿਆਂ ਨੂੰ ਉਡੀਕ ਕੋਈ ਨਹੀਂ ਸੀ ਤੇ ਨਿਰਮਲ ਦੂਜੇ ਆਥਣ ਵੀ ਨਾ ਆਈ। ਤਿੰਨ ਦਿਨ, ਚਾਰ ਦਿਨ ਤੇ ਪੰਜਵੇਂ ਦਿਨ ਘੁਸਰ ਮੁਸਰ ਹੋਣ ਲੱਗ ਪਈ।ਜ਼ਿਲ੍ਹਾ ਕਚਹਿਰੀ ਵਿੱਚ ਜਾ ਕੇ ਬਾਪੂ ਦੀ ਧੋਲ ਮੋਲ ਨਿਰਮਲ ਨੇ ਅਮਰਜੀਤ ਨਾਲ ਵਿਆਹ ਕਰਵਾ ਲਿਆ ਸੀ।

ਇੱਕ ਕੁੜੀ ਧੋਲ ਮੋਲ

151