ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/152

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਾਰਡ

ਦਸਵੀਂ ਪਾਸ ਕੀਤੀ ਤੇ ਮੇਰਾ ਜੀਆ ਕਰਦਾ ਸੀ ਕਿ ਕਾਲਜ ਵਿੱਚ ਪੜ੍ਹਾ, ਪਰ ਘਰ ਦੀ ਹਾਲਤ ਦੇਖ ਕੇ ਦੜ ਵੱਟ ਲੈਂਦਾ ਸਾਂ। ਮਾੜੀ ਮੋਟੀ ਨੌਕਰੀ ਕਰਨ ਤੋਂ ਬਿਨਾਂ ਮੇਰੇ ਸਾਹਮਣੇ ਹੁਣ ਹੋਰ ਕੋਈ ਰਾਹ ਨਹੀਂ ਸੀ। ਭਗਵਾਨ ਸਿੰਘ ਕੁਦਰਤੀ ਪਿੰਡ ਆਇਆ ਹੋਇਆ ਸੀ। ਮੈਂ ਉਸ ਕੋਲ ਆਪਣੀ ਮਜਬੂਰੀ ਦੱਸੀ। ਉਸ ਨੇ ਬੜੀ ਦਰਿਆ ਦਿਲੀ ਦਿਖਾਈ ਤੇ ਮੈਨੂੰ ਆਪਣੇ ਨਾਲ ਪਟਿਆਲੇ ਲੈ ਜਾਣ ਲਈ ਆਖਿਆ। ਕਾਲਜ ਦੀ ਪੜਾਈ ਕਰਨ ਦਾ ਚਾਅ ਮੇਰੇ ਵਿੱਚ ਠਾਠਾਂ ਮਾਰਨ ਲੱਗ ਪਿਆ। ਭਗਵਾਨ ਸਿੰਘ ਦਾ ਲੱਖ ਲੱਖ ਸ਼ੁਕਰ ਮੈਂ ਕੀਤਾ। ਉਹ ਕਈ ਸਾਲਾਂ ਤੋਂ ਪਟਿਆਲੇ ਇੱਕ ਵੱਡਾ ਅਫ਼ਸਰ ਲੱਗਿਆ ਹੋਇਆ ਸੀ।

ਇੱਕ ਪੈਸਾ ਵੀ ਮੈਨੂੰ ਘਰੋਂ ਖ਼ਰਚ ਨਹੀਂ ਸੀ ਕਰਨਾ ਪੈਂਦਾ। ਰੋਟੀ ਤੇ ਹੋਰ ਖਾਣ ਪੀਣ ਸਾਰਾ ਭਗਵਾਨ ਸਿੰਘ ਦੇ ਸਿਰੋਂ! ਕਾਲਜ ਦੀ ਫੀਸ ਤੇ ਹੋਰ ਖ਼ਰਚ ਵੀ ਉਹੀ ਕਰਦਾ। ਪੜ੍ਹਾਈ ਮੈਂ ਚਿੱਤ ਲਾ ਕੇ ਕਰਦਾ ਸਾਂ।ਓਥੇ ਜਾ ਕੇ ਮੇਰਾ ਦਿਲ ਵੀ ਬੜਾ ਲੱਗ ਗਿਆ ਸੀ। ਭਗਵਾਨ ਸਿੰਘ ਦੇ ਆਪ ਕੋਈ ਪੁੱਤ-ਧੀ ਨਹੀਂ ਸੀ। ਉਹ ਮੈਨੂੰ ਆਪਣਾ ਹੀ ਬੱਚਾ ਸਮਝਦਾ ਸੀ। ਉਸ ਦੀ ਘਰਵਾਲੀ ਤਾਂ ਮੈਨੂੰ ਬਹੁਤਾ ਹੀ ਪਿਆਰ ਕਰਦੀ।

ਨਾਲ ਲੱਗਦੀ ਕੋਠੀ ਵੀ ਇੱਕ ਵੱਡੇ ਅਫ਼ਸਰ ਦੀ ਸੀ। ਕੰਡਿਆਂਵਾਲੀ ਲੋਹੇ ਦੀ ਤਾਰ ਨੇ ਸਾਡੀ ਕੋਠੀ ਨਾਲੋਂ ਉਨ੍ਹਾਂ ਦੀ ਕੋਠੀ ਨੂੰ ਅੱਡ ਕੀਤਾ ਹੋਇਆ ਸੀ। ਇਸ ਤਰ੍ਹਾਂ ਪਾਲੋਂ ਪਾਲ ਹੋਰ ਵੀ ਪੰਜ ਸੱਤ ਕੋਠੀਆਂ ਸਨ। ਕੋਠੀਆਂ ਦੇ ਸਾਹਮਣੇ ਸੜਕ ਦੇ ਨਾਲ-ਨਾਲ ਲੀਲਾ ਭਵਨ ਦੀ ਉੱਚੀ ਲੰਮੀ ਕੰਧ ਖੜ੍ਹੀ ਸੀ। ਸੁਣਿਆ ਕਿ ਲੀਲ੍ਹਾ ਭਵਨ ਦੇ ਅੰਦਰ ਖ਼ਾਸ ਇਜਾਜ਼ਤ ਲੈ ਕੇ ਜਾਣਾ ਪੈਂਦਾ ਹੈ। ਅੰਦਰ ਨੰਗੀਆਂ ਔਰਤਾਂ ਦੇ ਬੁੱਤ ਹਨ। ਦੇਸ਼ ਦੇ ਚੰਗੇ ਚੰਗੇ ਬੁੱਤ ਘਾੜਿਆਂ ਨੇ ਚਿੱਟੇ ਪੱਥਰ ਵਿਚ ਔਰਤ ਦਾ ਨੰਗ ਉਘਾੜ ਕੇ ਸ਼ਾਇਦ ਮਹਾਰਾਜੇ ਦੀ ਲਿੰਗ ਪ੍ਰੇਰਨਾ ਦੇ ਸਾਧਨ ਬਣਾਏ ਹੋਣਗੇ। ਸਾਡੇ ਮਾਲੀ ਤੋਂ ਗੱਲਾਂ ਸੁਣ ਸੁਣ ਮੇਰਾ ਜੀਅ ਕਰਦਾ ਕਿ ਉੱਡ ਕੇ ਇਨ੍ਹਾਂ ਮੂਰਤੀਆਂ ਨੂੰ ਦੇਖ ਆਵਾਂ।

ਸਾਡੀ ਕੋਠ ਵਿੱਚ ਕਈ ਕਿਸਮ ਦੇ ਫੁੱਲ ਬੂਟੇ ਲੱਗੇ ਹੋਏ ਸਨ। ਭਗਵਾਨ ਸਿੰਘ ਦੀ ਘਰਵਾਲੀ ਨੂੰ ਫੁੱਲਾਂ ਦਾ ਬੜਾ ਸ਼ੌਕ ਸੀ।ਮੈਂ ਨਿੱਤ ਸਵੇਰੇ ਉੱਠਦਾ ਤੇ ਬੁਟਿਆ ਦੀ ਗੋਡੀ ਤੇ ਹੋਰ ਸੰਭਾਲ ਵਿੱਚ ਮਾਲੀ ਦੀ ਮਦਦ ਕਰਦਾ।ਨਾਲ ਲੱਗਦੀਕੋਠੀਵਾਲੇ ਪਾਸੇ ਕੰਡਿਆਂ ਦੀ ਤਾਰ ਦੇ ਨਾਲ-ਨਾਲ ਗੁਲਾਬ ਲੱਗਿਆ ਹੋਇਆ ਸੀ। ਸੂਹੇ ਗੁਲਾਬ ਦੀ ਧੁਰ ਤਾਈਂ ਪੂਰੀ ਕਤਾਰ ਖੜ੍ਹੀ ਸੀ। ਇੱਕ ਦਿਨ ਮਾਲੀ ਨੇ ਦੱਸਿਆ-'ਨਾਲ ਲੱਗਦੀ ਕੋਠੀ ਵਾਲਿਆਂ ਦੀ ਵੱਡੀ ਕੁੜੀ ਨਿੱਤ

152
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ