ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/157

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪਿੱਪਲ ਦੀ ਪਰਕਰਮਾ

ਪਿੰਡ ਦੇ ਲਹਿੰਦੇ ਪਾਸੇ ਇੱਕ ਬਹੁਤ ਵੱਡਾ ਆਵਾ ਹੈ। ਬਹੁਤ ਵੱਡਾ ਆਵਾ, ਜਿਵੇਂ ਹਿਮਾਲਾ ਦਾ ਕੋਈ ਪਹਾੜ ਕਿਸੇ ਨੇ ਖੁੱਗ ਕੇ ਲਿਆ ਧਰਿਆ ਹੋਵੇ। ਆਵੇ ਦੀ ਸੱਜੀ ਵੱਖੀ ਵਿੱਚ ਇੱਕ ਵੱਡਾ ਸਾਰਾ ਛੱਪੜ ਹੈ। ਛੱਪੜ ਦੇ ਵਿਚਾਲ ਦੀ ਮਿੱਟੀ ਪਾ ਕੇ ਲੋਕਾਂ ਨੇ ਗੱਡਾ ਲੰਘਣ ਜੋਗਾ ਉੱਚਾ ਉੱਚਾ ਰਾਹ ਬਣਾਇਆ ਹੋਇਆ ਹੈ। ਉਸ ਰਾਹੋ ਰਾਹ ਜਾ ਕੇ ਤੇ ਸਰਕੜੇ ਦੇ ਬੂਝਿਆਂ ਨਾਲ ਘਿਰੀ ਦੋ ਤਿੰਨ ਫਰਲਾਂਗ ਧਰਤੀ ਲੰਘ ਕੇ ਅੱਗੇ ਸੂਏ ਦਾ ਇੱਕ ਵੱਡਾ ਪੁਲ ਹੈ।ਉੱਚਾ ਸਾਰਾ ਵੱਡਾ ਪੁਲ। ਪੁਲ ਤੋਂ ਲਹਿੰਦੇ ਪਾਸੇ ਨੂੰ ਢਿਲਕ ਕੇ ਪਹੇ ਦੀ ਖੱਬੀ ਵੱਟ 'ਤੇ ਪਿੱਪਲ ਦਾ ਇੱਕ ਵੱਡਾ ਸਾਰਾ ਮੁੱਢ ਖੜ੍ਹਾ ਹੈ। ਇਕੱਲਾ ਕਾਰਾ ਮੁੱਢ ਜਿਵੇਂ ਮਲੇ ਝਾੜੀਆਂ ਦੀ ਧਰਤੀ ਵਿੱਚ ਕੋਈ ਬੁਰਾ ਝੋਟਾ ਸਿਰ ਸਿੱਟੀ ਬੈਠਾ ਹੋਵੇ।

ਜਦ ਉਹ ਪਿੱਪਲ ਸਾਬਤ ਖੜ੍ਹਾ ਸੀ ਤਾਂ ਕੁੱਕੜ ਬਾਂਗ ਦਿੱਤੀ ਤੋਂ ਵੱਡੇ ਤੜਕੇ ਉੱਠ ਕੇ ਇੱਕ ਕੁੜੀ ਨਿੱਚ ਉਸ ਦੀ ਪਰਕਰਮਾ ਕਰਕੇ ਜਾਂਦੀ ਹੁੰਦੀ।

ਆਪਣੀ ਮਾਂ ਦੀ ਉਹ ਇਕੱਲੀ ਧੀ ਸੀ। ਨਾ ਪਿਓ, ਨਾ ਕੋਈ ਭਰਾ।

ਤੜਕੇ ਜਦ ਉਹ ਉੱਠਦੀ, ਉਸ ਦੀ ਮਾਂ ਘੂਕ ਸੁੱਤੀ ਪਈ ਹੁੰਦੀ। ਉਸ ਦੀ ਮਾਂ ਨੂੰ ਪਤਾ ਸੀ ਕਿ ਕੁੜੀ ਨੂੰ ਮੂੰਹ ਹਨੇਰੇ ਬਾਹਰ ਜੰਗਲ ਪਾਣੀ ਜਾਣ ਦੀ ਆਦਤ ਹੈ।

ਉਹ ਤੜਕੇ ਤੜਕੇ ਉੱਠਦੀ। ਵੱਡੇ ਆਵੇ ਕੋਲ ਦੀ ਛੱਪੜ ਵਾਲਾ ਰਾਹ ਲੰਘ ਕੇ ਛੇਤੀ ਛੇਤੀ ਸੂਏ ਦੇ ਪੁਲ ’ਤੇ ਜਾ ਖੜਦੀ। ਤੇ ਫਿਰ ਚਾਰ ਚੁਫ਼ੇਰਾ ਦੇਖ ਕੇ ਪਿੱਪਲ ਦੀਆਂ ਜੜ੍ਹਾਂ ਵਿੱਚ ਜਾ ਬਹਿੰਦੀ। ਗੋਡਿਆਂ ਵਿੱਚ ਸਿਰ ਦੇ ਕੇ ਪਤਾ ਨਹੀਂ ਕੀ ਸੋਚਦੀ ਰਹਿੰਦੀ। ਫੇਰ ਉੱਠਦੀ ਤੇ ਪਿੱਪਲ ਦੇ ਕੂਲੇ ਕੂਲੇ ਪਿੰਡੇ ਨੂੰ ਟੋਂਹਦੀ ਤੇ ਉਸ ਦੇ ਉਦਾਲੇ ਇੱਕ ਗੇੜਾ ਦੇ ਕੇ ਚੁੱਪ ਚਾਪ ਘਰ ਨੂੰ ਮੁੜ ਜਾਂਦੀ।

ਉਸ ਦੀ ਮਾਂ ਕਦੇ ਕਦੇ ਫਿਕਰ ਕਰਦੀ ਕਿ ਕੁੜੀ ਮੁਟਿਆਰ ਹੈ। ਐਨੇ ਹਨੇਰੇਂ ਘਰੋਂ ਬਾਹਰ ਜਾਣਾ ਠੀਕ ਨਹੀਂ। ਉਹ ਗੱਲੀਂ ਗੱਲੀਂ ਉਸ ਨੂੰ ਸਮਝਾਉਂਦੀ ਕਿ ਭਾਈ ਦਿਨ ਚੜ੍ਹੇ ਬਾਹਰ ਜਾ ਆਇਆ ਕਰ। ਵਖ਼ਤ ਮਾੜੇ, ਪਰ ਕੁੜੀ ਇੱਕ ਨਾ ਜਾਣਦੀ।

ਕੁੜੀ ਉਹ ਪਟਿਆਲਿਓਂ ਬੀ. ਏ. ਦਾ ਇਮਤਿਹਾਨ ਦੇ ਕੇ ਆਈ ਸੀ ਤੇ ਨਤੀਜੇ ਨੂੰ ਉਡੀਕਦੀ ਸੀ।

ਜਦੋਂ ਉਹ ਬੀ. ਏ. ਵਿੱਚ ਪੜ੍ਹਦੀ ਹੁੰਦੀ ਤਾਂ ਮਗਰੋਂ ਉਸ ਦੀ ਮਾਂ ਕੋਲ, ਗਵਾਂਢ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਇੱਕ ਨੌਜਵਾਨ ਆਇਆ ਜਾਇਆ ਕਰਦਾ ਸੀ। ਉਸ ਦੀ ਮਾਂ ਨੌਜਵਾਨ ਨੂੰ ਪਿਆਰ ਕਰਨ ਲੱਗ ਪਈ ਸੀ। ਉਹ ਦੀ ਧੀ ਤੇ ਉਹ

ਪਿੱਪਲ ਦੀ ਪਰਕਰਮਾ
157