ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿੰਦੀ ਨੇ ਧਰਤੀ 'ਤੋਂ ਇੱਕ ਡੀਹਟੀ ਚੁੱਕੀ ਤੇ ਪਿੱਪਲ ਦੇ ਕੂਲੇ ਕੂਲੇ ਪਿੰਡੇ ਵਿੱਚ 'ਸੱਸਾ' ਅੱਖਰ ਖੋਦ ਦਿੱਤਾ। ਸੁਲੱਖਣ ਨੇ ਨਿੰਦੀ ਦੇ ਹੱਥੋਂ ਉਹੀ ਡੀਹਟੀ ਫੜ ਕੇ ‘ਸੱਸੇ' ਦੇ ਮੂਹਰੇ ‘ਨੰਨਾ' ਉੱਕਰ ਦਿੱਤਾ। ਦਿਨ ਚੜ੍ਹਨ ਵਾਲਾ ਸੀ ਤੇ ਫੇਰ ਉਹ ਆਪੋ ਆਪਣੇ ਘਰਾਂ ਨੂੰ ਪਰਛਾਵਿਆਂ ਵਾਂਗ ਤੁਰ ਗਏ।

ਦੂਜੇ ਦਿਨ ਸੁਲੱਖਣ ਵਰਕਸ਼ਾਪ ਦਾ ਸਾਰਾ ਛਿੱਛ ਪੱਤ ਇੱਕ ਟਰਾਲੀ ਵਿੱਚ ਲੱਦ ਕੇ ਆਪਣੇ ਪਿੰਡ ਨੂੰ ਲੈ ਗਿਆ। ਉਸ ਵਰਕਸ਼ਾਪ ਨੇ ਉਹ ਨੂੰ ਵਫ਼ਾ ਨਹੀਂ ਸੀ ਕੀਤਾ। ਉਸ ਦੀ ਸਲਾਹ ਹੋ ਗਈ ਸੀ ਕਿ ਉਹ ਕਲਕੱਤੇ ਜਾ ਕੇ ਕਿਸੇ ਵੱਡੀ ਵਰਕਸ਼ਾਪ ਦੀ ਨੌਕਰੀ ਕਰ ਲਵੇ।

ਨਿੰਦੀ ਤੇ ਸੁਲੱਖਣ ਦੀ ਉਡਦੀ ਉਡਦੀ ਗੱਲ ਉਸ ਪਿੰਡ ਦੇ ਕਈ ਬੰਦਿਆਂ ਦੇ ਕੰਨ ਸਰੋਤ ਹੋ ਚੁੱਕੀ ਸੀ। ਇਸ ਲਈ ਉਹ ਸੰਗਦਾ ਤੇ ਡਰਦਾ ਹੁਣ ਕਦੇ ਵੀ ਉਸ ਪਿੰਡ ਨਹੀਂ ਸੀ ਗਿਆ।

ਨਿੰਦੀ ਦਾ ਨਤੀਜਾ ਨਿਕਲ ਗਿਆ ਸੀ ਤੇ ਉਹ ਬੀ. ਏ. ਵਿਚੋਂ ਪਾਸ ਹੋ ਗਈ ਸੀ।

ਡਿਗਰੀ ਲੈਣ ਜਦ ਉਹ ਪਟਿਆਲੇ ਗਈ ਤਾਂ ਸੁਲੱਖਣ ਵੀ ਕਿਤੋਂ ਨਾ ਕਿਤੋਂ ਸੂਹ ਲੈ ਕੇ ਓਥੇ ਧਮਕਿਆ। ਕਾਲਜ ਵਿੱਚ ਡਿਗਰੀ ਲੈ ਕੇ ਉਹ ਦੋਵੇਂ ਜਣੇ ਬੱਸ ਸਟੈਂਡ ਦੇ ਚੜ੍ਹਦੇ ਪਾਸੇ ਦੋ ਸੜਕਾਂ ਦੇ ਵਿਚਾਲੇ ਇੱਕ ਵੱਡੇ ਸਾਰੇ ਪੁਲ ਤੋਂ ਪਰ੍ਹਾਂ ਇੱਕ ਸਰੀਂਹ ਦੇ ਦਰਖ਼ਤ ਥੱਲੇ ਦੋ ਘੰਟੇ ਨਿੱਕੀਆਂ ਨਿੱਕੀਆਂ ਤੇ ਵਿਅਰਥ ਜਿਹੀਆਂ ਗੱਲਾਂ ਕਰਦੇ ਰਹੇ। ਅਖ਼ੀਰ ਵਿੱਚ ਸੁਲੱਖਣ ਨੇ ਨਿੰਦੀ ਨੂੰ ਦੱਸਿਆ ਕਿ ਕਲਕੱਤੇ ਉਸ ਦੀ ਨੌਕਰੀ ਦਾ ਪ੍ਰਬੰਧ ਬਣ ਗਿਆ ਹੈ ਤੇ ਉਹ ਪੰਦਰਾਂ ਵੀਹ ਦਿਨਾਂ ਵਿਚ ਹੀ ਪੰਜਾਬ ਨੂੰ ਛੱਡ ਰਿਹਾ ਹੈ। ਨਿੰਦੀ ਦਾ ਰੁੱਗ ਭਰ ਕੇ ਕਾਲਜਾ ਨਿਕਲ ਗਿਆ ਤੇ ਉਹ ਵੱਖੀਆਂ ਘੁੱਟ ਕੇ ਥਾਂ ਦੀ ਥਾਂ ਲੰਮਾ ਸਾਰਾ ਹਉਂਕਾ ਭਰ ਕੇ ਬੈਠ ਗਈ।

ਉਸ ਵੱਡੇ ਉੱਚੇ ਪੁਲ ਤੋਂ ਲੈ ਕੇ ਗੁਰਦੁਆਰੇ ਨੂੰ ਜਾਂਦੀ ਸੜਕ ਰੇਲਵੇਂ ਚੂੰਗੀ ਤੱਕੀ ਸੁਲੱਖਣ ਨੀਵੀਂ ਪਾਈ ਨੰਦੀ ਨਾਲ ਤੁਰਿਆ ਗਿਆ। ਦੁੱਖ ਨਿਵਾਰਨ ਤੋਂ ਅੱਗੇ ਤ੍ਰਿਪੜੀ ਵਿੱਚ ਨਿੰਦੀ ਨੇ ਆਪਣੀ ਕਿਸੇ ਸਹੇਲੀ ਦੇ ਘਰ ਜਾਣਾ ਸੀ। ਰੇਲਵੇ ਚੂੰਗੀ ਕੋਲ ਆ ਕੇ ਸੁਲੱਖਣ ਉਸ ਤੋਂ ਵਿਦਾ ਹੋਣ ਲੱਗਿਆ। ਨਿੰਦੀ ਕਹਿੰਦੀ- ‘ਗੁਰਦੁਆਰੇ ਤਾਈਂ ਹੋਰ ਚੱਲ ’ਤੇ ਸੁਲੱਖਣ ਚੁੱਪ ਚਾਪ ਗੁਰਦੁਆਰੇ ਤੱਕ ਨਿੰਦੀ ਦੇ ਨਾਲ ਨਾਲ ਹੋ ਤੁਰਿਆ। ਨਾ ਨਿੰਦੀ ਨੇ ਮੂੰਹੋਂ ਕੁਝ ਬੋਲਿਆ, ਨਾ ਸੁਲੱਖਣ ਨੇ। ਦੁੱਖ ਨਿਵਾਰਨ ਦੇ ਕੋਲ ਜਾ ਕੇ ਦੋਵਾਂ ਨੇ ਇੱਕ ਦੂਜੇ ਨੂੰ ਹੱਥ ਜੋੜੇ ਤੇ ਵਿਛੜ ਗਏ। ਬਿੰਦ ਦੀ ਬਿੰਦ ਦੋਵਾਂ ਦੀਆਂ ਅੱਖਾਂ ਇੱਕ ਦੂਜੇ ਵੱਲ ਗੱਡੀਆਂ ਰਹੀਆਂ।

ਪਿੰਡ ਆ ਕੇ ਨਿੰਦੀ ਬਹੁਤਾ ਕਰਕੇ ਘਰ ਹੀ ਰਹਿੰਦੀ। ਨਾ ਕੁਝ ਪੜ੍ਹਦੀ ਤੇ ਨਾ ਹੀ ਕੋਈ ਹੋਰ ਕੰਮ ਕਰਦੀ। ਬੀ. ਐੱਡ. ਵਿੱਚ ਦਾਖ਼ਲ ਹੋਣ ਦਾ ਖ਼ਿਆਲ ਵੀ ਉਸ ਨੇ ਛੱਡ ਦਿੱਤਾ। ਬੁੱਸਿਆ ਜਿਹਾ ਮੂੰਹ ਕਰਕੇ ਉਹ ਆਪਣੀ ਮਾਂ ਨੂੰ ਕਹਿੰਦੀ ਰਹਿੰਦੀ- 'ਮੈਨੂੰ ਭੁੱਖ ਨਹੀਂ ਲੱਗਦੀ। ਰੋਟੀ ਖਾਨੀ ਆਂ ਤਾਂ ਓਵੇਂ ਦੀ ਓਵੇਂ ਦਿਲ 'ਤੇ ਪਈ ਰਹਿੰਦੀ ਐ। ਸਿਰ ਨੂੰ ਘੁਮੇਰ ਆਉਂਦੀ ਐ।'

ਪਿੱਪਲ ਦੀ ਪਰਕਰਮਾ

159