ਨਿੰਦੀ ਹੁਣ ਵੀ ਵੱਡੇ ਤੜਕੇ ਉੱਠਦੀ ਸੀ।ਉਹਦੀ ਮਾਂ ਘੂਕ ਸੁੱਤੀ ਪਈ ਹੁੰਦੀ। ਉਹ ਪੋਲੇ ਪੋਲੇ ਪੈਰੀਂ ਆਵੇ ਕੋਲ ਦੀ ਛੱਪੜ ਵਾਲੇ ਰਾਹ ਨੂੰ ਲੰਘ ਕੇ ਸਰਕੜੇ ਦੇ ਬੂਝਿਆਂ ਵਿੱਚ ਦੀ ਸੂਏ ਦੇ ਵੱਡੇ ਪੁਲ 'ਤੇ ਜਾ ਖੜ੍ਹਦੀ। ਚਾਰ ਚੁਫ਼ੇਰਾ ਦੇਖ ਕੇ ਝੱਟ ਪਿੱਪਲ ਦੀਆਂ ਜੜਾਂ ਹੇਠ ਜਾ ਬੈਠਦੀ। ਗੋਡਿਆਂ ਵਿੱਚ ਸਿਰ ਥੁੰਨ ਕੇ ਬੈਠੀ ਰਹਿੰਦੀ। ਖੜੀ ਹੁੰਦੀ ਤੇ ਪਿੱਪਲ ਦੇ ਕੂਲੇ ਕੂਲੇ ਪਿੰਡੇ ਤੇ ‘ਸੱਸੇ’ ਨੂੰ ਉਂਗਲਾਂ ਦੇ ਪੋਟਿਆਂ ਨਾਲ ਟੋਹ ਟੋਹ ਦੇਖਦੀ। 'ਨੰਨਾ’ ਤੇ ‘ਸੱਸਾ’ ਦਿਨੋਂ ਦਿਨ ਡੂੰਘੇ ਹੁੰਦੇ ਜਾਂਦੇ ਸਨ ਤੇ ਚੌੜੇ ਹੁੰਦੇ ਜਾਂਦੇ, ਉਸ ਨੂੰ ਦਿਖਾਈ ਦਿੰਦੇ। ਨਿੰਦੀ ਨੂੰ ਮਹਿਸੂਸ ਹੁੰਦਾ, ਜਿਵੇਂ ਉਹ ਕਿਸੇ ਸੁਪਨੇ ਦੀ ਜ਼ਿੰਦਗੀ ਹੰਢਾ ਰਹੀ ਹੈ।
ਕਹਿੰਦਾ ਉਹ ਪਿੱਪਲ ਉਸ ਖੇਤ ਵਿੱਚ ਬੀਜੀ ਫ਼ਸਲ 'ਤੇ ਆਪਣੇ ਚੌੜੇ ਆਕਾਰ ਦਾ ਪਰਛਾਵਾ ਪਾ ਕੇ ਫ਼ਸਲ ਚੰਗੀ ਨਹੀਂ ਹੋਣ ਦਿੰਦਾ। ਖੇਤ ਦੇ ਮਾਲਕ ਨੇ ਇੱਕ ਦਿਨ ਦਸ ਦਿਹਾੜੀਏ ਇਕੱਠੇ ਕਰਕੇ ਪਿੱਪਲ ਵਢਵਾ ਦਿੱਤਾ। ਨਿੰਦੀ ਦੂਜੇ ਦਿਨ ਜਦ ਵੱਡੇ ਤੜਕੇ ਗਈ ਤਾਂ ਪਿੱਪਲ ਦਾ ਸਾਰਾ ਸੰਸਾਰ ਉੱਜੜਿਆ ਪਿਆ ਸੀ। ਉਹ ਨਿੰਮੋਝੂਣੀ ਹੋ ਕੇ ਮੁੱਢ ਕੋਲ ਬੈਠ ਗਈ। ਦੂਰ ਦੂਰ ਤੱਕ ਖਿੰਡੇ ਪਏ ਡਾਹਣਿਆਂ ਤੋਂ ਹੀ ਉਸ ਨੇ ਇੱਕ ਗੇੜਾ ਦਿੱਤਾ ਤੇ ਘਰ ਨੂੰ ਆ ਗਈ ਆਉਣ ਸਾਰ ਮੂਧੇ ਮੂੰਹ ਮੰਜੇ ਵਿੱਚ ਪੈ ਗਈ। ਮੁੜਕੇ ਉਹ ਕਦੇ ਕੱਟ ਵਾਲੀ ਥਾਂ 'ਤੇ ਨਾ ਗਈ। ਦਿਨੋ ਦਿਨ ਉਸ ਨੂੰ ਪਤਾ ਨਹੀਂ ਕੀ ਹੁੰਦਾ ਸੀ। ਲਾਲ ਗਾਜਰ ਵਰਗੇ ਰੰਗ 'ਤੇ ਜਿਵੇਂ ਕਿਸੇ ਨੇ ਵਸਾਰ ਧੂੜ ਦਿੱਤਾ ਸੀ। ਉਸ ਦੇ ਸਿਰ ਦੇ ਸੰਘਣੇ ਵਾਲ ਜਿਵੇਂ ਕਿਸੇ ਨੇ ਫੜ ਫੜ ਪੱਟ ਦਿੱਤੇ ਸਨ। ਉਸ ਦੀਆਂ ਅੱਖਾਂ ਜਿਵੇਂ ਉਨ੍ਹਾਂ ਵਿੱਚ ਕੁਝ ਵੀ ਨਹੀਂ ਹੁੰਦਾ।
ਉਹ ਦੀ ਮਾਂ ਅੰਤਾਂ ਦੀ ਝੁਰਦੀ ਤੇ ਕਹਿੰਦੀ ਹੁੰਦੀ ‘ਮੇਰੀ ਤਾਂ ਸੌ ਪੁੱਤਾਂ ਵਰਗੀ ਇੱਕੋ ਧੀ ਐ। ਜੇ ਕਿਤੇ ਇਹ ਉੱਠਦੀ ਬੈਠਦੀ ਹੋ ਜੇ! ਪਰ ਨਿੰਦੀ ਸਾਰਾ ਕੁਝ ਢਿੱਡ ਵਿੱਚ ਲੈ ਕੇ ਹੀ ਸਦਾ ਲਈ ਚੁੱਪ ਹੋ ਗਈ।
160
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ