ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨੂੰ ਫੜਾ ਦਿੱਤਾ। ਦੋਵੇਂ ਚਾਹ ਪੀ ਰਹੇ ਸਨ। ਫ਼ੌਜੀ ਨੇ ਹੀ ਉਸ ਨੂੰ ਇਕੱਠੇ ਬੈਠ ਕੇ ਚਾਹ ਪੀਣ ਸਿਖਾਇਆ ਹੋਵੇਗਾ। ਨਹੀਂ ਤਾਂ ਪਿੰਡਾਂ ਵਿੱਚ ਕਿਹੜੀ ਤੀਵੀਂ ਪੀਂਦੀ ਸੀ ਪਤੀ ਨਾਲ ਚਾਹ? ਉਹ ਦੋ ਮਹੀਨਿਆਂ ਦੀ ਛੁੱਟੀ ਤੱਕ ਠੰਡੀ ਬਣੀ ਹੋਈ। ਫ਼ੌਜੀ ਤੇ ਉਹ ਦੀ ਤੀਵੀਂ ਵੱਲ ਚੰਦਨ ਤੱਕ ਹੀ ਰਿਹਾ ਸੀ ਕਿ ਮਿਹਰ ਚਾਹ ਦਾ ਡੋਲੂ ਲੈ ਆਇਆ। ਇੱਕ ਗਲਾਸ ਤੇ ਇੱਕ ਬਾਟੀ ਵੀ। ਕੁਲਜੀਤ ਬਾਟੀ ਵਿੱਚ ਚਾਹ ਪੀਂਦਾ ਹੁੰਦਾ। ਗਲਾਸ ਤੇ ਬਾਟੀ ਵਿੱਚ ਚਾਹ ਪਾ ਕੇ ਉਹ ਕੁਲਜੀਤ ਨੂੰ ਜਗਾਉਣ ਲੱਗਿਆ। ਕੁਲਜੀਤ ਹੂੰ ਕਹਿੰਦਾ ਤੇ ਫਿਰ ਸੌਂ ਜਾਂਦਾ। ਸੂਰਜ ਚੜ੍ਹਨ ਲੱਗਿਆ ਸੀ। ਚਾਨਣ ਦੀਆਂ ਲਾਲ ਪਿਚਕਾਰੀਆਂ ਗੁੰਬਦੀ ਅਕਾਸ਼ ਵੱਲ ਲਗਾਤਾਰ ਚੱਲ ਰਹੀਆਂ ਸਨ। ਪੂਰਬੀ ਦਿਸ਼ਾ ਵੱਲ ਤਾਂਬਈ ਬੱਦਲ ਚਿੱਟੇ ਹੋਣ ਲੱਗੇ। ਹਵਾ ਵਿਚਲੀ ਮਿੱਠੀ-ਮਿੱਠੀ ਠੰਡ ਨੂੰ ਥੋੜ੍ਹਾ-ਥੋੜ੍ਹਾ ਸੇਕ ਲੱਗਣ ਲੱਗਿਆ।

ਉਸ ਨੇ ਚਾਹ ਪੀਤੀ ਤੇ ਫਿਰ ਕੁਲਜੀਤ ਨੂੰ ਮੋਢਿਓਂ ਝੰਜੋੜ ਕੇ ਜਗਾ ਲਿਆ। ਉਹ ਚੂੰ-ਚੂੰ ਕਰਨ ਲੱਗਿਆ। ਚੰਦਨ ਕੜਕਿਆ, ਚਾਹ ਪਾਣੀ ਬਣੀ ਜਾਂਦੀ ਹੈ। ਕੁਲਜੀਤ ਉੱਠਿਆ ਤੇ ਰੋਣ ਵਾਂਗ ਕਹਿਣ ਲੱਗਿਆ, ਪਹਿਲਾਂ ਨਾਲ ਪਾਓ ਮੈਨੂੰ ਆਪਣੇ। ਚੰਦਨ ਬੋਲਿਆ ਨਹੀਂ। ਕੁਲਜੀਤ ਉਸ ਦੇ ਨਾਲ ਆ ਪਿਆ। ਚੰਦਨ ਫੇਰ ਕੜਕਿਆ, ਚਾਹ ਪੀ ਪਹਿਲਾਂ। ਕੁਲਜੀਤ ਨੇ ਬਾਟੀ ਚੁੱਕੀ ਤੇ ਇੱਕੋ ਸਾਹ ਸਾਰੀ ਕੋਸੀ-ਕੋਸੀ ਚਾਹ ਪੀ ਗਿਆ। ਹੁਣ ਕੁਲਜੀਤ ਚੰਦਨ ਦੇ ਢਿੱਡ 'ਤੇ ਪਿਆ ਸੀ। ਚੰਦਨ ਉਸ ਨੂੰ ਆਪਣੀ ਹਿੱਕ ਨਾਲ ਘੁੱਟਣ ਲੱਗਿਆ। ਕੁਲਜੀਤ ਦੇ ਪਿੰਡ ਵਿੱਚ ਜਿਵੇਂ ਦੇਵਾਂ ਦੇ ਪਿੰਡੇ ਦਾ ਨਿੱਘ ਹੋਵੇ। ਦੇਵਾਂ ਦੀ ਯਾਦ ਦੇ ਨਾਲ ਹੀ ਉਸ ਨੇ ਕੁਲਜੀਤ ਨੂੰ ਦੱਬ ਕੇ ਘੁੱਟ ਲਿਆ। ਕੁਲਜੀਤ ਚੀਕਿਆ।

'ਕਿਉਂ?'

'ਥੋਡਾ ਕੜਾ ਚੁਭ ਗਿਆ, ਮੇਰੇ ਕੰਨ ’ਤੇ।'

ਤੇ ਫਿਰ ਢਿੱਡ 'ਤੇ ਬੈਠਾ ਹੋ ਕੇ ਕੁਲਜੀਤ ਚੰਦਨ ਦੀ ਛਾਤੀ ਨੂੰ ਚੁੰਮਣ ਦੀ ਕੋਸ਼ਿਸ਼ ਕਰਨ ਲੱਗਿਆ। ਹੁਣ ਚੰਦਨ ਦੀ ਚੀਕ ਨਿਕਲ ਗਈ। ਉਸ ਨੂੰ ਧੁੜਧੁੜੀ ਆਈ। ਨਾਲ ਦੀ ਨਾਲ ਉਸ ਨੂੰ ਮਹਿਸੂਸ ਹੋਇਆ, ਜਿਵੇਂ ਉਹ ਆਪ ਦੇਵਾਂ ਹੋਵੇ।

ਦੇਵਾਂ ਉਹ ਦੀ ਪਤਨੀ ਬਹੁਤ ਧਾਰਮਿਕ ਸੀ। ਉਹ ਅਨਪੜ੍ਹ ਸੀ। ਅਨਪੜ੍ਹ ਦੀ ਧਾਰਮਿਕਤਾ ਅੰਨ੍ਹੀ ਹੁੰਦੀ ਹੈ ਤੇ ਖ਼ਤਰਨਾਕ।ਉਹ ਹਰ ਦੁਆਰ ਅੱਧ-ਕੁੰਭੀ ਦਾ ਨ੍ਹਾਉਣ ਕਰਨ ਲਈ ਯਾਤਰੀਆਂ ਦੀ ਭੀੜ ਵਿੱਚ ਮਿੱਧੀ ਗਈ ਤੇ ਮਰ ਗਈ। ਰਾਣੀਸਰ ਉਸ ਦੀ ਲਾਸ਼ ਪਹੁੰਚੀ ਤਾਂ ਲੱਗਭਗ ਸਾਰਾ ਪਿੰਡ ਦੇਵਾਂ ਦੀ ਨੇਕ-ਨਾਮੀ ਦੇ ਗੁਣ ਗਾ ਰਿਹਾ ਸੀ ਤੇ ਉਹ ਨੂੰ ਭਾਗਾਂ ਵਾਲੀ ਸਮਝਣ ਲੱਗਿਆ। ਉਹ ਤੀਰਥ ’ਤੇ ਆਪਣੇ ਸਾਹ ਤਿਆਗ ਆਈ। ਸਿੱਧੀ ਸੁਰਗਾਂ ਨੂੰ ਗਈ। ਬੁੜ੍ਹੀਆਂ ਕਹਿ ਰਹੀਆਂ ਸਨ, ਪਰ ਚੰਦਨ ਦਾ ਘਰ ਉੱਜੜ ਗਿਆ। ਦੇਵਾ ਦੀ ਧਾਰਮਿਕਤਾ ਨੇ ਉਹ ਨੂੰ ਲੈ ਲਿਆ। ਉਹ ਸੁਰਗਾਂ ਨੂੰ ਗਈ ਹੋਵੇਗੀ, ਭਾਵੇਂ ਨਹੀਂ, ਪਰ ਚੰਦਨ ਲਈ ਇੱਥੇ ਹੀ ਨਰਕ ਸ਼ੁਰੂ ਹੋ ਗਿਆ। ਵੱਸਦਾ ਸੰਸਾਰ ਉਹ ਦੇ ਵਾਸਤੇ ਦੂਜਾ ਵਿਆਹ ਔਖਾ ਮਸਲਾ ਸੀ। ਉਹ ਦੇ ਤਿੰਨ ਬੱਚੇ ਸਨ। ਵੱਡੀ ਕੁੜੀ, ਜੋ ਵਿਆਹ-ਵਰ ਦਿੱਤੀ ਗਈ। ਵੱਡਾ ਮੁੰਡਾ ਦਸਵੀਂ ਵਿੱਚ ਪੜ੍ਹਦਾ ਸੀ ਤੇ ਛੋਟਾ

16

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ