ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੀਜੀ ਜਮਾਤ ਵਿੱਚ। ਮਾਂ ਤੋਂ ਕੰਮ ਨਹੀਂ ਹੁੰਦਾ ਸੀ। ਮਿਹਰ ਹੀ ਰੋਟੀ ਪਕਾਉਂਦਾ ਤੇ ਹੋਰ ਸਾਰਾ ਕੰਮ। ਤਿੰਨੇ ਪਿਓ-ਪੁੱਤ ਵੰਡ ਕੇ ਕੰਮ ਕਰਦੇ। ਚੰਦਨ ਦੀ ਮਾਂ ਤਾਂ ਆਪ ਮਰਨ ਕਿਨਾਰੇ ਸੀ। ਦੇਵਾਂ ਦੇ ਮਰਨ ਪਿੱਛੋਂ ਚੰਦਨ ਦੀ ਭੈਣ ਚਾਰ ਪੰਜ ਮਹੀਨੇ ਰਾਣੀਸਰ ਰਹੀ ਸੀ। ਪਰ ਕਿੰਨਾ ਕੁ ਚਿਰ ਹੋਰ ਰਹਿੰਦੀ ਉਹ? ਉਹ ਦਾ ਵੀ ਘਰ ਸੀ। ਉਹਦਾ ਵੀ ਪਰਿਵਾਰ ਸੀ। ਚੰਦਨ ਦੀ ਕੁੜੀ ਛੇ ਕੁ ਮਹੀਨਿਆਂ ਬਾਅਦ ਆਉਂਦੀ ਤੇ ਚਲੀ ਜਾਂਦੀ।

ਬਿਗਾਨਾ ਪੁੱਤ ਕਦ ਰਹਿਣ ਦਿੰਦਾ ਸੀ ਉਹ ਨੂੰ ਓਥੇ?

ਦੇਵਾਂ ਮਰੀ ਨੂੰ ਦੋ ਸਾਲ ਹੋ ਚੱਲੇ ਸਨ। ਹੋਰ ਤਾਂ ਸਭ ਕੁਝ ਰਾਹ ਪੈ ਗਿਆ, ਇੱਕ ਗੱਲ ਚੰਦਨ ਨੂੰ ਬਹੁਤ ਤੰਗ ਕਰਦੀ। ਉਸ ਨੂੰ ਕੋਈ ਸਮਝ ਨਾ ਆਉਂਦੀ ਕਿ ਉਹ ਕੀ ਕਰੇ। ਕਦੇ-ਕਦੇ ਤਾਂ ਉਹ ਦਾ ਜੀਅ ਕਰਦਾ ਕਿ ਉਹ ਕੰਧ ਨਾਲ ਟੱਕਰ ਮਾਰੇ ਜਾਂ ਕੁਝ ਖਾ ਲਵੇ ਤਾਂ ਕਿ ਇਹ ਗੱਲ ਉਸ ਵਿੱਚ ਰਹੇ ਹੀ ਨਾ।

ਦੇਵਾਂ ਉਹ ਦੇ ਮੰਜੇ 'ਤੇ ਮਹੀਨੇ ਵਿੱਚ ਇੱਕ ਵਾਰ ਆਉਂਦੀ ਹੁੰਦੀ ਤੇ ਫਿਰ ਨ੍ਹਾਉਂਦੀ ਤੇ ਕੱਪੜੇ ਬਦਲਦੀ। ਕੋਈ ਪਾਠ ਜਿਹਾ ਕਰਨ ਲੱਗਦੀ। ਉਹ ਦੇ ਗਲ ਵਿੱਚ ਮਾਲਾ ਹੁੰਦੀ। ਤੜਕੇ ਉੱਠ ਕੇ ਉਹ ਭਜਨ ਕਰਦੀ ਤੇ ਬਾਹਮਣਾਂ ਦੇ ਘਰ ਸੀਧਾ ਦੇ ਕੇ ਆਉਂਦੀ। ਅਜਿਹੀ ਔਰਤ ਤੋਂ ਚੰਦਨ ਨੂੰ ਕਚਿਆਣ ਆਉਂਦੀ। ਨਾ ਕੋਈ ਨਖ਼ਰਾ, ਨਾ ਅੱਖਾਂ ਵਿੱਚ ਸ਼ਰਾਰਤ, ਸਰੀਰ ਵਿੱਚ ਕੋਈ ਥਿਰਕਣ ਨਹੀਂ, ਨਾ ਕੋਈ ਮੂੰਹ ਦੀ ਅਵਾਜ਼-ਹਾਏ। ਊਏ। ਪਰ ਉਹ ਉਹਦੀ ਵਫ਼ਾਦਾਰ ਬੜੀ ਸੀ। ਉਸ ਨੂੰ ਬੇਥਾਹ ਪਿਆਰ ਕਰਦੀ। ਉਹ ਨੂੰ ਆਪਣਾ ਪਤੀ-ਪਰਮੇਸ਼ਰ ਸਮਝਦੀ। ਚੰਦਨ ਖੁਸ਼ ਸੀ। ਮਹੀਨੇ ਬਾਅਦ ਹੀ ਸਹੀ, ਉਹ ਨੂੰ ਅੰਨ੍ਹਾ ਹੋ ਕੇ ਮਿਲਦਾ। ਉਹ ਤਾਂ ਉਹ ਦਾ ਪੋਰ-ਪੋਰ ਹਿਲਾ ਦਿੰਦਾ। ਹੁਣ ਜਦ ਉਹ ਨਹੀਂ ਤਾਂ ਉਹ ਉਸ ਨੂੰ ਤਰਸ ਗਿਆ। ਉਹ ਨੂੰ ਨਹੀਂ, ਕਿਸੇ ਵੀ ਔਰਤ ਨੂੰ ਤਰਸ ਗਿਆ ਸੀ।

ਸੂਰਜ ਉੱਚਾ ਉੱਠ ਆਇਆ। ਗਵਾਂਢੀਆਂ ਦੇ ਚੁਬਾਰੇ ਦੀ ਓਟ ਕਰਕੇ ਉਹ ਦੇ ਮੰਜੇ ਤੱਕ ਧੁੱਪ ਅਜੇ ਨਹੀਂ ਪਹੁੰਚੀ। ਪਰ ਉਹ ਦੇ ਪਿੰਡੇ 'ਤੇ ਚਿਪਚਪਾਹਟ ਦੀ ਪਤਲੀ ਤਹਿ ਜੰਮਣ ਲੱਗੀ। ਕੁਲਜੀਤ ਕਦੋਂ ਦਾ ਥੱਲੇ ਉਤਰ ਗਿਆ ਤੇ ਹਾਣੀ ਮੁੰਡਿਆਂ ਨਾਲ ਖੇਡਣ ਲਈ ਘਰੋਂ ਬਾਹਰ ਸੀ। ਉਹ ਨੇ ਆਪਣਾ ਤੇ ਕੁਲਜੀਤ ਦਾ ਬਿਸਤਰਾ ਇਕੱਠਾ ਕੀਤਾ, ਹੱਥ ਵਿੱਚ ਡੋਲੂ ਤੇ ਗਿਲਾਸ-ਬਾਟੀ ਲੈ ਕੇ ਥੱਲੇ ਉਤਰ ਆਇਆ। ਦੂਜੀ ਵਾਰ ਉਹ ਮੰਜੇ ਖੜ੍ਹੇ ਕਰਨ ਗਿਆ ਤਾਂ ਪਾਣੀ ਵਾਲੀ ਦੋ ਘੜੇ ਵੀ ਚੁੱਕ ਲਿਆਇਆ।

ਉਸ ਦਿਨ ਐਤਵਾਰ ਸੀ। ਚੰਦਨ ਨੇ ਸਲਾਹ ਕੀਤੀ ਕਿ ਉਹ ਅੱਜ ਬਾਹਰ ਖੇਤਾਂ ਵਿੱਚ ਜੰਗਲ ਪਾਣੀ ਜਾ ਕੇ ਆਵੇ। ਨਹੀਂ ਤਾਂ ਹੋਰ ਦਿਨਾਂ ਵਿੱਚ ਛੇਤੀ-ਛੇਤੀ ਤਿਆਰ ਹੋਣਾ ਹੁੰਦਾ, ਕਿੰਨੇ ਹੀ ਘਰ ਦੇ ਕੰਮ ਹੁੰਦੇ, ਉਹ ਘਰ ਵਿੱਚ ਬਣੀ ‘ਬੋਰ-ਟੱਟੀ' ਵਰਤਦਾ।

ਉਹ ਬਾਹਰੋਂ ਮੁੜਿਆ ਤਾਂ ਮਿਹਰ ਕੱਦੂ ਦੀ ਸਬਜ਼ੀ ਚੁੱਲ੍ਹੇ ਧਰੀਂ ਪਰਾਤ ਵਿੱਚ ਆਟਾ ਗੁੰਨ੍ਹ ਰਿਹਾ ਸੀ। ਕੁਲਜੀਤ ਵਿਹੜੇ ਵਿੱਚ ਲੱਕੜ ਦੇ ਟਰੈਕਟਰ ਨਾਲ ਮੂੰਹ ਦੀ ਛੁੱਕ-ਛੁੱਕ ਕਰਕੇ ਖੇਡ ਰਿਹਾ ਸੀ। ਮਾਂ ਅੱਖਾਂ ਨੂੰ ਬਹੁਤ ਨਜ਼ਦੀਕ ਲਿਜਾ ਕੇ ਚਾਕੂ ਨਾਲ ਇੱਕ ਗਠਾ ਕੱਟ ਰਹੀ ਸੀ। ਹੂੰਗਰ ਵੀ ਮਾਰ ਰਹੀ ਸੀ। ਉਹ ਦਾ ਸਾਹ ਚੜ੍ਹਿਆ ਹੋਇਆ ਸੀ।

ਅੱਧਾ ਆਦਮੀ

17