ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਥੋਡੇ ਪਿੰਡ ਰਜਾਈ ’ਚ ਰੂੰ ਕਿੰਨੀ ਪੌਂਦੇ ਐ?' ਸਲੋਚਨਾ ਨੇ ਰਮੇਸ਼ ਦੇ ਕੰਨ ਵਿੱਚ ਫ਼ਜੂਲ ਜਿਹਾ ਸਵਾਲ ਪੁੱਛਿਆ।

'ਤਿੰਨ ਕਿੱਲੋਂ ਰਮੇਸ਼ ਨੇ ਦੱਸਿਆ।

‘ਤੇ ਥੋਡੀ ਏਸ ਰਜਾਈ 'ਚ ਤਾਂ ਪਾਈਆਂ ਰੂੰ ਮਸ੍ਹਾਂ ਹੋਣੀ ਐ!’ ਸਲੋਚਨਾ ਨੂੰ ਜਿਵੇਂ ਜ਼ਮਾਨੇ ਭਰ ਦੀ ਠਾਰੀ ਚੜ੍ਹੀ ਹੋਈ ਸੀ। ਰਮੇਸ਼ ਨੂੰ ਵੀ ਸ਼ਾਇਦ ਲੱਗਦਾ ਸੀ ਕਿ ਉਸ ’ਤੇ ਰਜਾਈ ਦੀ ਥਾਂ ਕੋਈ ਪਤਲੀ ਪਤੰਗ ਖੇਸੀ ਲਈ ਹੋਈ ਹੈ।

ਪੰਜ ਵਜੇ ਉਨ੍ਹਾਂ ਨੂੰ ਮਹਿਸੂਸ ਹੋਇਆ ਜਿਵੇਂ ਰਾਤ ਮੁੜਕੇ ਫੇਰ ਸ਼ੁਰੂ ਹੋਣ ਵਾਲੀ ਹੈ। ਰੇਡੀਅਮ ਦੇ ਚਾਨਣ ਵਿੱਚ ਆਪਣੇ ਗੁੱਟ 'ਤੇ ਬੱਝੀ ਘੜੀ ਰਮੇਸ਼ ਜਦ ਦੇਖਦਾ ਤਾਂ ਉਸ ਦੀਆਂ ਅੱਖਾਂ ਦਾ ਵਿਸਵਾਸ਼ ਖੋਇਆ ਜਾਂਦਾ, ਜਿਵੇਂ ਘੜੀ ਦੀਆਂ ਸੂਈਆਂ ਕਿਸੇ ਮੇਲੇ ਵਿੱਚ ਲੱਗਿਆ ਚੱਕਰ ਚੂੰਢਾ ਬਣੀਆਂ ਪਈਆਂ ਹੋਣ। ਚੰਦਰੀ ਸਵੇਰ ਦਾ ਚਾਨਣ ਤਖ਼ਤਿਆਂ ਦੀਆਂ ਵਿਰਲਾਂ ਵਿੱਚ ਦੀ ਧੁੰਦਲਾ ਧੁੰਦਲਾ ਝਾਕਣ ਲੱਗ ਪਿਆ ਸੀ।

ਸੂਰਜ ਚੜ੍ਹੇ ਰਮੇਸ਼ ਨੇ ਆਪਣੀਆਂ ਅੱਖਾਂ ਟੋਹ ਕੇ ਦੇਖਿਆ, ਜਿਵੇਂ ਪੈਣ ਲੱਗਿਆਂ ਰਾਤ ਨੂੰ ਉਨ੍ਹਾਂ ਵਿੱਚ ਰੋੜ ਪਾ ਕੇ ਸੁੱਤਾ ਹੋਵੇ। ਸਲੋਚਨਾ ਦੀਆਂ ਅੱਖਾਂ ਜਿਵੇਂ ਹੋਰ ਨਸ਼ੀਲੀਆਂ ਹੋ ਗਈਆਂ ਹੋਣ। ਉਸ ਦਾ ਬਦਾਮੀ ਰੰਗ ਜਿਵੇਂ ਬੱਗਾ ਬੱਗਾ ਹੋ ਗਿਆ ਸੀ।

ਨਾਸ਼ਤਾ ਖਵਾ ਕੇ ਰਮੇਸ਼ ਉਸ ਨੂੰ ਜਦੋਂ ਬੱਸ ਅੱਡੇ 'ਤੇ ਛੱਡਣ ਗਿਆ ਤਾਂ ਬੱਸ ਚੜ੍ਹਨ ਲੱਗੀ ਨੂੰ ਖੜ੍ਹਾ ਕੇ ਉਸ ਨੇ ਮਿੱਠੀ ਚਹੇਡ ਕੀਤੀ, 'ਤੇਰੀ ਗੁੱਤ ਦਾ ਰੀਬਨ ਖੁੱਲ੍ਹ ਗਿਆ, ਸਲੋਚਨਾ!'

‘ਮੇਰੀ ਗੁੱਤ ਦਾ ਰਿਬਨ ਖੁੱਲ੍ਹਿਆ ਤਾਂ ਮੈਨੂੰ ਦੀਂਹਦੈ, ਪਰ ਮੇਰਾ ਸਭ ਕੁਸ ਤੇਰੇ ਮੋਹ ਦੀ ਕੁੰਡੀ ਨਾਲ ਜਿਹੜਾ ਚਿਪਕ ਗਿਐ, ਉਹਦਾ ਕੋਈ ਕੀ ਕਰੇ?' ਸਲੋਚਨਾ ਦੀ ਹੌਲੀ ਦੇ ਕੇ ਕਹੀ ਏਸ ਗੱਲ ਨੇ ਰਮੇਸ਼ ਨੂੰ ਇੱਕ ਸੱਜਰੀ ਧੁੜਧੜੀ ਛੇੜ ਦਿੱਤੀ।

164

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ