ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/165

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੱਚਾ ਧਾਗਾ

ਤਿੰਨ ਸਾਲਾਂ ਪਿੱਛੋਂ ਅੱਜ ਮੈਂ ਉਸ ਦੇ ਪਿੰਡ ਗਿਆ ਸਾਂ-ਉਹ ਦੇ ਘਰ ਤੋਂ ਦੂਜੇ ਅਗਵਾੜ ਆਪਣੇ ਇੱਕ ਦੋਸਤ ਦੇ ਘਰ। ਉਸ ਦੇ ਵਿਛੋੜੇ ਦਾ ਗ਼ਮ ਮੈਥੋਂ ਝੱਲਿਆ ਨਾ ਗਿਆ ਤੇ ਫੇਰ ਉਸ ਗ਼ਮ ਵਿੱਚ ਐਨੀ ਤਾਕਤ ਆਈ ਕਿ ਉਹ ਖਿੱਚ ਕੇ ਮੈਨੂੰ ਉਸ ਦੇ ਪਿੰਡ ਲੈ ਗਈ।

ਉਸ ਦਾ ਖ਼ੂਬਸੂਰਤ ਮੂੰਹ ਇੱਕ ਪਰੀ ਦਾ ਮੂੰਹ ਸੀ-ਪਰੀ ਜਿਹੜੀ ਕਿ ਹੁਸਨ ਮਗਰ ਭੱਜਦੀ ਲਾਲਸਾ ਨੂੰ ਸੁਪਨੇ ਵਿੱਚ ਹੀ ਮਿਲਦੀ ਹੈ। ਅੱਜ ਉਹ ਲਾਲਸਾ ਉਸ ਦਾ ਖੂਬਸੂਰਤ ਮੂੰਹ ਦੇਖਣ ਲਈ ਮੈਨੂੰ ਉਸ ਦੇ ਪਿੰਡ ਲੈ ਗਈ ਸੀ।

ਕਈ ਸਾਲਾਂ ਦੀ ਗੱਲ ਹੈ, ਪਹਿਲੇ ਦਿਨ ਜਦ ਉਹ ਮੇਰੇ ਕੋਲ ਆਈ ਸੀ ਤਾਂ ਮੇਰੀਆਂ ਹਾਬੜੀਆਂ ਅੱਖਾਂ ਓਸੇ ਦਿਨ ਉਸ ਦੇ ਅੰਗ ਅੰਗ ਨੂੰ ਟੋਹ ਰਹੀਆਂ ਸਨ। ਲੰਮਾ ਲੰਝਾ ਸਰੀਰ, ਬਦਾਮਾਂ ਦੇ ਫੋਲਕਾਂ ਨਾਲ ਸ਼ਰਤ ਰੱਖਣ ਵਾਲਾ ਰੰਗ ਤੇ ਮੋਟੀਆਂ ਮੋਟੀਆਂ ਅੱਖਾਂ ਦੀਆਂ ਗਹਿਰਾਈਆਂ ਵਿੱਚ ਤਰਦੇ ਨੀਲ ਗਗਨ। ਉਸ ਵਰਗੀ ਮੁਕੰਮਲ ਕੁੜੀ ਹੋਰ ਕੌਣ ਸੀ।

ਉਹ ਮੇਰੇ ਕੋਲ ਆਉਂਦੀ ਸੀ, ਜਿਵੇਂ ਕੋਈ ਸੂਰਜ ਆਪ ਚੱਲ ਕੇ ਕਿਸੇ ਗੁਫ਼ਾ ਵਿੱਚ ਆ ਬਹਿੰਦਾ ਹੋਵੇ।ਉਹ ਆਉਂਦੀ ਸੀ, ਜਿਵੇਂ ਕੋਈ ਸੇਕ ਬਰਫ਼ ਦੇ ਘਰ ਵਿੱਚ ਆ ਬੈਠੇ।

ਉਸ ਨੂੰ ਕਾਸੇ ਦਾ ਲਾਲਚ ਨਹੀਂ ਸੀ। ਲੋਕ ਆਪਣੀਆਂ ਮਹਿਬੂਬ ਕੁੜੀਆਂ ਨੂੰ ਵਧੀਆ ਤੋਂ ਵਧੀਆ ਸੂਟ ਲੈ ਲੈ ਦਿੰਦੇ ਹਨ। ਉਨ੍ਹਾਂ ਨੂੰ ਸੌ ਸੌ ਕੁਸ ਖਵਾਉਂਦੇ ਪਿਆਉਂਦੇ ਹਨ। ਨਾ ਮੈਂ ਉਸ ਨੂੰ ਕੋਈ ਸੂਟ ਸਿਲਾ ਕੇ ਦਿੱਤਾ ਸੀ ਤੇ ਨਾ ਕੋਈ ਹੋਰ ਨਿਸ਼ਾਨੀ ਦਿੱਤੀ। ਹੋਰ ਖਾਣਾ ਪੀਣਾ ਤਾਂ ਕੀ, ਉਸ ਨੇ ਕਦੇ ਫੋਕੀ ਚਾਹ ਦੀ ਪਿਆਲੀ ਵੀ ਮੈਥੋਂ ਪੀਤੀ ਨਾ। ਮੈਂ ਉਸ ਨੂੰ ਦੇਣ ਜੋਗਾ ਵੀ ਕੀ ਸੀ। ਉਸ ਦੇ ਪਿੰਡ ਬਿਜਲੀ ਮਹਿਕਮੇ ਦੇ ਦਫ਼ਤਰ ਵਿੱਚ ਮੈਂ ਇੱਕ ਮਾਮੂਲੀ ਕਲਰਕ ਹੀ ਤਾਂ ਸੀ ਤੇ ਹੁਣ ਵੀ ਉਹੀ ਕਲਰਕ ਹੀ ਹਾਂ। ਮੈਂ ਉਨ੍ਹਾਂ ਦੇ ਘਰ ਦੇ ਗਵਾਂਢ ਵਿੱਚ ਰਹਿੰਦਾ ਸੀ ਤੇ ਪਤਾ ਨਹੀਂ ਕਾਹਤੋਂ ਉਸ ਨਾਲ ਮੇਰੀ ਸਾਂਝ ਪੈ ਗਈ ਸੀ।

ਉਸ ਨੇ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਮੇਰੇ ਲੱਖਾਂ ਸਸਤੇ ਹੁੰਗਾਰੇ ਸੁਣੇ। ਮੈਂ ਆਪਣੀ ਸਮਝ ਦਾ ਸਾਰਾ ਜ਼ੋਰ ਪਾ ਕੇ ਜਦੋਂ ਕਦੇ ਵੀ ਕੋਈ ਗੱਲ ਉਸ ਤੋਂ ਮਨਵਾਈ ਸੀ ਤਾਂ ਉਸ ਨੇ ਕਦੇ ਵੀ ਨਾਂਹ ਨਹੀ ਸੀ ਆਖੀ। ਮੁਹੱਬਤ ਦੀ ਦੁਨੀਆ ਵਿੱਚ ਸ਼ਾਇਦ 'ਨਾਂਹ' ਸ਼ਬਦ ਲਿਖਿਆ ਹੀ ਨਹੀਂ ਹੋਇਆ।

ਕੱਚਾ ਧਾਗਾ
165