ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/167

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸਲੀ ਨਾਂ ਦੀ ਥਾਂ ਉਸ ਨੂੰ 'ਰਾਧਾ’ ‘ਰਾਧਾ' ਕਰਕੇ ਸੰਬੋਧਨ ਕੀਤਾ ਹੋਇਆ ਸੀ। ਉਸ ਭੈਣ ਦੇ ਯਾਰ ਨੇ ਬਾਂਦਰ ਮੂੰਹ ਡੌਂਡਕੀ ਪਿੱਟ ਦਿੱਤੀ ਸੀ। ਦਸ ਦਸ ਸਾਲ ਦੇ ਮੁੰਡੇ ਕੁੜੀਆਂ ਵੀ ਉਸ ਨੂੰ ‘ਰਾਧਾ’ ‘ਰਾਧਾ' ਨਾਉਂ ਲੈ ਕੇ ਖਿਝਾਉਂਦੇ ਹਨ। ਇਹ ਨਾਉਂ ਉਸ ਦਾ ਮੈਂ ਇਸ ਕਰਕੇ ਰੱਖਿਆ ਸੀ, ਜਿਸ ਦਾ ਉਸ ਨੂੰ ਪਤਾ ਸੀ ਜਾਂ ਮੈਨੂੰ ਪਤਾ ਸੀ। ਉਸ ਦਾ ਇਹ ਨਾਉਂ ਮੈਂ ਹੀ ਲੈਂਦਾ ਸਾਂ। ਇਹ ਮੁਹੱਬਤ ਦਾ ਨਾਉਂ ਸੀ। ਉਸ ਦੇ ਮਾਪਿਆਂ ਦਾ ਨਾਉਂ ਛੱਡ ਕੇ ਹੁਣ ਲੋਕਾਂ ਨੇ ਉਸ ਦਾ ਮੁਹੱਬਤ ਦਾ ਨਾਉਂ ਮਸ਼ਹੂਰ ਕਰ ਲਿਆ ਸੀ। ਉਸ ਨੂੰ ਚਿੰਤਾ ਵੱਢ ਵੱਢ ਖਾਣ ਲੱਗੀ। ‘ਰਾਧਾ’ ਸ਼ਬਦ ਉਸ ਲਈ ਛੁਰੀਆਂ ਗੰਡਾਸੇ ਬਣ ਗਿਆ। ਉਸ ਦਾ ਅੰਦਰ ਸੁੱਕਣ ਲੱਗ ਪਿਆ।

ਮੁਹੱਬਤ ਇੱਕ ਕੱਚਾ ਧਾਗਾ ਹੈ, ਜਿਸ ਦੀ ਕੋਈ ਮੁਨਿਆਦ ਨਹੀਂ। ਜਿੰਨਾ ਚਿਰ ਇਹ ਪਰਖਣ ਵਿੱਚ ਨਹੀਂ ਆਉਂਦਾ ਬੱਸ ਓਨਾ ਚਿਰ ਹੀ ਆਪਣੇ ਆਪ ਵਿੱਚ ਇੱਕ ਧਾਗਾ ਹੈ, ਪਰ ਜਦੋਂ ਇਸ ਨਾਲ ਦੋ ਜ਼ਿੰਦਗੀਆਂ ਬੰਨ੍ਹੀਆਂ ਹੋਈਆਂ ਹੋਣ ਤੇ ਸਮਾਜ ਦੀ ਜ਼ਾਲਮ ਨਜ਼ਰ ਇਸ ਨੂੰ ਲੱਗ ਜਾਵੇ ਤਾਂ ਇਹ ਟੁੱਟਦਾ ਪਤਾ ਵੀ ਨਹੀਂ ਲਾਉਂਦਾ।

ਆਪਣੇ ਦੋਸਤ ਦੇ ਘਰ ਚੁਬਾਰੇ ਦੀ ਛੱਤ 'ਤੇ ਖੜ੍ਹ ਕੇ ਅੱਜ ਜਦ ਮੈਂ ਉਸ ਦੇ ਮਿਲਣ ਦੀ ਅੰਗੜਾਈ ਲਈ ਤਾਂ ਦੂਰ ਉਸ ਦੇ ਅਗਵਾੜ ਵਿੱਚ ਉੱਚੇ ਚੁਬਾਰੇ `ਤੇ ਖੜ੍ਹੀ ਇੱਕ ਬੁੜ੍ਹੀ ਨੇ ਮੇਰੀ ਨੁਹਾਰ ਪਛਾਣ ਲਈ ਤੇ ਉਸ ਨੂੰ ਜਾ ਕੇ ਦੱਸ ਦਿੱਤਾ। ਉਹ ਬੁੜ੍ਹੀ ਸ਼ਾਇਦ ਉਸ ਦੀ ਭੇਤਣ ਹੀ ਹੋਵੇਗੀ। ਅੱਧੇ ਘੰਟੇ ਬਾਅਦ ਹੀ ਉਹੀ ਬੁੜ੍ਹੀ ਮੇਰੇ ਕੋਲ ਆ ਠਹਿਕੀ। ਉਸ ਵੱਲੋਂ ਸੁਨੇਹਾ ਸੀ- ‘ਰਾਧਾ ਦੀ ਹੁਣ ਮਰੀ ਦੀ ਖ਼ਬਰ ਲੈਣ ਆਈਂ। ਲੋਕਾਂ ਦੇ ‘ਰਾਧਾ’ ‘ਰਾਧਾ’ ਦੇ ਤੀਰਾਂ ਨੇ ਮੇਰਾ ਕਾਲਜਾਂ ਛਾਨਣੀ ਬੇਝ ਕਰ ਰੱਖਿਐ। ਤੇਰੀ ‘ਰਾਧਾ’ ਕਹਿੰਦੀ ਐ-ਤੂੰ ਇੱਥੋਂ ਹੁਣੇ ਮੁੜ ਜਾ ਤੇ ਇਸ ਪਿੰਡ ਹੁਣ ਕਦੇ ਨਾ ਆਈਂ।'

ਤੇ ਹੁਣ ਮੇਰੇ ਦਿਮਾਗ਼ ਵਿਚੋਂ ਉਸ ਦਾ ਵਜੂਦ ਇਸ ਤਰਾਂ ਤਿਲ੍ਹਕ ਤਿਲ੍ਹਕ ਜਾਂਦਾ ਹੈ, ਜਿਵੇਂ ਇੱਕ ਦਿਨ ਕੜਾ ਚੜ੍ਹਾਉਣ ਤੋਂ ਪਹਿਲਾਂ ਉਸ ਦੇ ਹੱਥਾਂ ਵਿਚੋਂ ਸਾਬਣ ਦੀ ਟਿੱਕੀ ਤਿਲ੍ਹਕਦੀ ਸੀ।♦

ਕੱਚਾ ਧਾਗਾ

167