ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/170

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦੀ ਫਿਰਦੀ ਤੇ ਆਥਣ ਵੇਲੇ ਭੱਠੀ 'ਤੇ ਦਾਣੇ ਭੁੰਨ ਕੇ ਡੰਗ ਦੇ ਦਾਣੇ ਕਰਕੇ ਲਿਆਉਂਦੀ। ਉਸ ਨੂੰ ਆਪਣੇ 'ਤੇ ਤਰਸ ਆ ਰਿਹਾ ਸੀ, ਜਿਹੜਾ ਇੱਕ ਹਜ਼ਾਰ ਰੁਪਈਏ ਦੇ ਵਿਆਜ ਵਿੱਚ ‘ਸਰਦਾਰ' ਦੇ ਸਾਰੇ ਦਿਨ ਦਾ ਗੁਲਾਮ ਬਣਿਆ ਹੋਇਆ ਸੀ।

ਉਹ ਦਾ ‘ਸਰਦਾਰ’ ਬਹੁਤ ਵੱਡਾ ਜਿੰਮੀਦਾਰ ਸੀ। ਉਸ ਕੋਲ ਸੱਠ ਸੱਤਰ ਕਿੱਲੇ ਆਪ ਦੀ ਜ਼ਮੀਨ ਸੀ ਤੇ ਐਨੀ ਹੀ ਹੋਰ ਹੋਰ ਜ਼ਮੀਨ ਉਸ ਨੇ ਗਹਿਣੇ ਲਈ ਹੋਈ ਸੀ। ਹਾੜ੍ਹੀ ਸੌਣੀ ਉਸਦੇ ਹਜ਼ਾਰਾਂ ਮਣ ਦਾਣੇ ਘਰ ਆਉਂਦੇ। ਘੱਟ ਜ਼ਮੀਨਾਂ ਵਾਲੇ ਜੱਟਾਂ, ਮਜ਼੍ਹਬੀ, ਰਾਮਦਾਸੀਆਂ ਤੇ ਹੋਰ ਗ਼ਰੀਬ ਲੋਕਾਂ ਨੂੰ ਵਿਆਜੂ ਰੁਪਈਏ ਵੀ ਉਹ ਦਿੰਦਾ ਸੀ। ਕਿਸੇ ਨੂੰ ਦੋ ਸੌ, ਕਿਸੇ ਨੂੰ ਸੌ, ਕਿਸੇ ਨੂੰ ਪੰਜਾਹ ਤੇ ਕਿਸੇ-ਕਿਸੇ ਦਸ ਵੀਹ ਰੁਪਈਏ ਵੀ ਉਹ ਵਿਆਜ 'ਤੇ ਦੇ ਦਿੰਦਾ। ਸਾਰੇ ਹਾਰੇ ਟੁੱਟੇ ਲੋਕ ਉਸ ਦੀ ਸ਼ਾਨੀ ਭਰਦੇ, ਉਹ ਦੀਆਂ ਸਾਰੀਆਂ ਸਾਮੀਆਂ ਉਹ ਦੇ ਪੈਰਾਂ ਥੱਲੇ ਹੱਥ ਦਿੰਦੀਆਂ। ਉੱਤੋਂ-ਉੱਤੋਂ ਉਹ ਮਿੱਠਾ ਬੜਾ ਸੀ। ਹਰ ਬੰਦੇ ਨੂੰ ਪਹਿਲਾਂ ਬੁਲਾਉਂਦਾ। ਐਵੇਂ ਹੀ ਹਰ ਇੱਕ ਨੂੰ ‘ਮਹਾਰਾਜ' ਕਹਿ ਦਿੰਦਾ। ਵਿਚੋਂ ਪਰ ਉਹ ਇੰਕ ਜੋਕ ਸੀ, ਜਿਸ ਦੇ ਲੱਗ ਜਾਂਦੀ, ਸਾਰਾ ਖੂਨ ਚੂਸੇ ਬਿਨਾਂ ਨਹੀਂ ਸੀ ਲਹਿੰਦੀ।

ਜੈਬੇ ਦਾ ਸਿਰ ਤਾਂ ਤੜਕੇ ਦਾ ਹੀ ਦੁਖ ਰਿਹਾ ਸੀ। ਉਹ ਦਾ ਪਿੰਡਾ ਤਾਂ ਤੜਕੇ ਦਾ ਹੀ ਤੱਤਾ ਸੀ। ਹੁਣ ਉਸ ਦੇ ਮੂੰਹ ਵਿੱਚੋਂ ਖੱਟੇ ਪਾਣੀ ਦੀਆਂ ਕੁਰਲੀਆਂ ਆਉਣ ਲੱਗੀਆਂ। ਓਥੇ ਪਏ-ਪਏ ਨੂੰ ਹੀ ਉਸ ਨੂੰ ਉਲਟੀ ਆ ਗਈ। ਉਸ ਦਾ ਸਾਰਾ ਖਾਧਾ ਪੀਤਾ ਬਾਹਰ ਆ ਗਿਆ। ਪੁੜਪੁੜੀਆਂ ਘੁੱਟਕੇ ਥਾਂ ਦੀ ਥਾਂ ਉਹ ਬੈਠਾ ਰਿਹਾ। ਉਸ ਨੂੰ ਮਹਿਸੂਸ ਹੋਇਆ ਕਿ ਉਲਟੀ ਆਉਣ ਨਾਲ ਉਸ ਦਾ ਸਿਰ ਹੌਲਾ ਜਿਹਾ ਹੋ ਗਿਆ ਹੈ, ਪਰ ਤਾਪ ਨਾਲ ਦੀ ਨਾਲ ਕੜਕੜਾ ਕੇ ਚੜ੍ਹ ਗਿਆ ਹੈ। ਉਸ ਨੇ ਲਹਿੰਦੇ ਵੱਲ ਨਜ਼ਰ ਮਾਰੀ, ਸੂਰਜ ਜੜ੍ਹੀਂ ਜਾ ਲੱਗਿਆ ਸੀ। ਔਖੇ ਸੁਖਾਲੇ ਨੇ ਡਲੇ ਮਾਰ-ਮਾਰ ਉਸ ਨੇ ਸਾਰੀਆਂ ਮੱਝਾਂ ਛੱਪੜ ਵਿੱਚੋਂ ਕੱਢ ਲਈਆਂ ਤੇ ‘ਸਰਦਾਰ’ ਦੇ ਘਰ ਵੱਲ ਨੂੰ ਹੱਕ ਲਈਆਂ।

‘ਸਰਦਾਰ' ਵਿਹੜੇ ਵਿੱਚ ਛਿੜਕਾਅ ਕਰੀਂ ਮੰਜੇ 'ਤੇ ਬੈਠਾ ਘਰ ਦੀ ਕੱਢੀ ਸ਼ਰਾਬ ਪੀ ਰਿਹਾ ਸੀ। ਮੁਫ਼ਤ ਵਿੱਚ ਸ਼ਾਇਦ ਉਸ ਨੂੰ ਕੋਈ ਦੇ ਗਿਆ ਸੀ। ਜੈਬੇ ਨੂੰ ਦੇਖਣ ਸਾਰ ਉਸ ਨੇ ਮਾਂ ਦੀ ਗਾਲ ਕੱਢੀ ਤੇ ਕਿਹਾ-ਕੁਖਾਂ ਤਾਂ ਓਵੇਂ ਜਿਵੇਂ ਖ਼ਾਲੀ ਪਈਆਂ ਨੇ। ਕਦੇ ਮੂੰਹ ਵੀ ਮਾਰ ਲੈਣ ਦਿਆ ਕਰ ਮਾਵਾਂ ਨੂੰ।' ਉਹ ਤਾਪ ਦੀ ਘੂਕੀ ਨਾਲ ਬੋਲਾ ਜਿਹਾ ਬਣਿਆ ਹੋਇਆ ਸੀ। ਇਸ ਕਰਕੇ ਉਸ ਤੋਂ ਕੋਈ ਜਵਾਬ ਨਾ ਦਿੱਤਾ ਗਿਆ।

‘ਕੌਲਾ ਲਿਆ ਓਏ ਚੱਕ ਕੇ', ਸਰਦਾਰ ਨੇ ਕਿਹਾ। ਉਸਨੂੰ ਸ਼ਾਇਦ ਸ਼ਰਾਬ ਦਾ ਪੂਰਾ ਚੱਕਰ ਆਇਆ ਹੋਇਆ ਸੀ। ਜੈਬੇ ਨੇ ਦੱਸਿਆ ਕਿ ਉਹ ਨੂੰ ਤਾਂ ਤਾਪ ਚੜਿਆ ਹੋਇਐ।

‘ਤੂੰ ਘੁੱਟ ਪੀ ਕੇ ਦੇਖ, ਤਾਪ ਸਾਲਾ ਵਿਚੇ ਭਸਮ ਨਾ ਹੋ ਗਿਆ ਤਾਂ ਕਹਿੰਦੀਂ।' ‘ਸਰਦਾਰ’ ਨੇ ਮੱਲੋਮੱਲੀ ਜੈਬੇ ਨੂੰ ਪਿਆ ਦਿੱਤੀ।

ਰੋਟੀ ਪਵਾ ਕੇ ਜਦ ਉਹ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਉਸ ਨੂੰ ਭੋਰਾ ਸੁਰਤ ਨਹੀਂ ਸੀ। ਉਹ ਠੇਡਾ ਖਾ ਕੇ ਡਿੱਗ ਪਿਆ। ਉਸ ਦੇ ਕੌਲੇ ਵਿਚਲੀ ਛੋਲਿਆਂ ਦੀ ਦਾਲ ਸਾਰੀ ਡੁੱਲ੍ਹ ਗਈ। ਰੋਟੀਆਂ ਵੀ ਬੁੜ੍ਹਕ ਕੇ ਔਹ ਗਈਆਂ। ਜਦ ਉਸ ਨੂੰ ਥੋੜ੍ਹਾ ਜਿਹਾ ਸਾਹ ਆਇਆ ਤੇ ਸੁਰਤ ਪਰਤੀ ਤਾਂ ਰੇਤੇ ਵਿੱਚ ਲਿੱਬੜੀਆਂ ਰੋਟੀਆਂ ਖ਼ਾਲੀ ਕੌਲੇ ’ਤੇ ਧਰ ਕੇ ਕੰਧਾਂ ਨਾਲ ਵੱਜਦਾ ਉਹ ਘਰ ਨੂੰ ਤੁਰ ਪਿਆ।

170
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ