ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/171

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਤਾਇਆ ਸੰਤੂ

‘ਲੌਗਾਂ ਆਲੀ ਚਾਹ ਕਰਕੇ ਦੇ ਦਿਓ ਤਾਏ ਨੂੰ। ਰਜਾਈ ਦਾ ਮੁੜ੍ਹਕਾ ਲੈ ਲੂ ਤੇ ਆਪੇ ਹੱਡ ਖੁੱਲ੍ਹ ਜਾਣਗੇ, ਹੋਰ ਕੀ ਸੂਲ ਹੋਇਐ ਤਾਏ ਦੇ?' ਸੰਤੂ ਦੇ ਵੱਡੇ ਭਤੀਜੇ ਨੇ ਆਪਣੀ ਘਰਵਾਲੀ ਨੂੰ ਕਿਹਾ। ਉਹ ਬਾਹਰਲੇ ਘਰ ਪਾਥੀਆਂ ਪੱਥਣ ਆਈ ਹੋਈ ਸੀ।

ਉਨ੍ਹਾਂ ਦੇ ਬਾਹਰਲੇ ਘਰ ਕੱਚੀਆਂ ਇੱਟਾਂ ਦੀ ਇੱਕ ਬੈਠਕ ਪਾਈ ਹੋਈ ਸੀ। ਬੈਠਕ ਦੇ ਨਾਲ ਲੱਗਵਾਂ ਇੱਕ ਵੱਡਾ ਸਾਰਾ ਦਰਵਾਜ਼ਾ। ਚਾਰ ਲਟੈਣਾਂ ’ਤੇ ਪਾਇਆ ਦਰਵਾਜ਼ਾ, ਜਿਸ ਵਿੱਚ ਗੱਡਾ ਖੜ੍ਹਾ ਰਹਿੰਦਾ ਤੇ ਮਹੀਆਂ, ਬਲ੍ਹਦ, ਊਠ, ਘਰ ਦੇ ਸਾਰੇ ਪਸ਼ੂ ਖੜੇ ਰਹਿੰਦੇ। ਬੈਠਕ ਵਿੱਚ ਸੰਤੂ ਦੀ ਮੰਜੀ ਡਹੀ ਰਹਿੰਦੀ। ਬਾਹਰਲੇ ਘਰ ਦੀ ਉਹ ਪੂਰੀ ਰਾਖੀ ਕਰਦਾ।

ਸੰਤੂ ਦੀ ਉਮਰ ਅੱਸੀਆਂ ਨੂੰ ਟੱਪ ਚੱਲੀ ਸੀ।ਉਹਦਾ ਛੋਟਾ ਭਰਾ ਉਸ ਤੋਂ ਪੰਜ ਸਾਲ ਛੋਟਾ ਸੀ। ਉਹ ਤਾਂ ਕਿਵੇਂ ਨਾ ਕਿਵੇਂ ਵਿਆਹਿਆ ਗਿਆ-ਉਹ ਵੀ ਉਮਰ ਚੜ੍ਹੀ ਤੋਂ ਪਰ ਸੰਤੂ ਨੂੰ ਕੋਈ ਵੀ ਜੱਟ ਦੀ ਧੀ ਨਾ ਜੁੜੀ। ਸਾਰੀ ਉਮਰ ਨਾ ਜੁੜੀ ਤੇ ਉਹ ਛੜਾ ਰਹਿ ਗਿਆ ਸੀ। ਫ਼ਿਰ ਤਾਂ ਉਹ ਇਹੋ ਰੱਬ ਦਾ ਸ਼ੁਕਰ ਮੰਨਣ ਲੱਗ ਪਿਆ ਸੀ ਕਿ ਚੱਲੋਂ ਛੋਟਾ ਤਾਂ ਵਿਆਹਿਆ ਗਿਆ। ਘਰ ਵਿੱਚ ਰੋਟੀ ਪੱਕਦੀ ਤਾਂ ਹੋ ਗਈ ਸੀ। ਛੋਟੇ ਦੇ ਜਿਹੜੀ ਔਲਾਦ ਹੋਈ, ਉਹ ਉਸੇ ਨੂੰ ਸਮਝਣ ਲੱਗ ਪਿਆ ਸੀ, ਜਿਵੇਂ ਉਹ ਦੇ ਆਪਣੇ ਹੀ ਧੀ ਪੁੱਤ ਹੋਣ।

ਉਸ ਦੇ ਛੋਟੇ ਭਰਾ ਦੇ ਤਿੰਨ ਮੁੰਡੇ ਤੇ ਦੋ ਕੁੜੀਆਂ ਹੋਈਆਂ ਸਨ। ਕੁੜੀਆਂ ਦੋਵੇਂ ਵਿਆਹ ਵਰ ਦਿੱਤੀਆਂ ਸਨ ਤੇ ਆਪੋ ਆਪਣੇ ਘਰੀਂ ਵਸਦੀਆਂ ਸਨ। ਮੁੰਡੇ ਜਦੋਂ ਅਜੇ ਨਿਆਣੇ ਸਨ ਤੇ ਉਸ ਦਾ ਛੋਟਾ ਭਰਾ ਮਰ ਗਿਆ ਸੀ, ਸੰਤੂ ਓਦੋਂ ਖੇਤਾਂ ਵਿੱਚ ਜਾ ਕੇ ਇਉਂ ਕੰਮ ਕਰਦਾ, ਜਿਵੇਂ ਹੋਰ ਸੰਸਾਰ ਦੀ ਉਸ ਨੂੰ ਸੁਰਤ ਹੀ ਨਾ ਹੋਵੇ। ਦਿਨ ਰਾਤ ਦੇਹ ਵੇਲਦਾ। ਮਿੱਟੀ ਨਾਲ ਘੁਲਦਾ ਰਹਿੰਦਾ। ਸਿਰ ਖੁਰਕਣ ਦੀ ਵਿਹਲ ਉਸ ਨੂੰ ਮਸ੍ਹਾਂ ਮਿਲਦੀ। ਕਦੇ ਉਹ ਕਿਸੇ ਸਾਕ ਸਕੀਰੀ ਵਿੱਚ ਨਹੀਂ ਸੀ ਗਿਆ। ਸ਼ਰੀਕੇ ਵਿੱਚ ਕਦੇ ਕਿਸੇ ਦੀ ਜੰਨ ਨਹੀਂ ਸੀ ਚੜ੍ਹਿਆ। ਰਿਸ਼ਤੇਦਾਰੀ ਦਾ ਕੋਈ ਵਿਆਹ ਉਸ ਨੇ ਕਦੇ ਨਹੀਂ ਸੀ ਦੇਖਿਆ।ਕਿਸੇ ਮੇਲੇ ਜਾਂ ਪਸ਼ੂ ਮੰਡੀ 'ਤੇ ਉਹ ਕਦੀ ਨਹੀਂ ਸੀ ਜਾਂਦਾ ਹੁੰਦਾ। ਉਹ ਤਾਂ ਬੱਸ ਆਪਣੇ ਖੇਤ ਦੇ ਕੰਮ ਵਿੱਚ ਹੀ ਮਗਨ ਰਹਿੰਦਾ। ਹਲ ਵਾਹੁੰਦਾ, ਗੁਡਦਾ, ਸੂੜ ਮਾਰਦਾ, ਭੜੀਆਂ ਪਾਉਂਦਾ, ਪਸ਼ੂਆਂ ਲਈ ਕੱਖ ਪੱਠਾ ਲਿਆਉਂਦਾ ਤੇ ਕੁਤਰਦਾ। ਖੇਤੀਬਾੜੀ ਦੇ ਕੰਮ ਕਰਦਾ।

ਦਸ ਸਾਲ ਹੋ ਗਏ ਸਨ, ਛੋਟੇ ਭਰਾ ਨੂੰ। ਭਤੀਜੇ ਅਜੇ ਨਿਆਣੇ ਸਨ। ਇਸ ਲਈ ਉਹ ਖੇਤੀ ਦੇ ਕੰਮ ਵਿੱਚ ਇੱਕ ਸੀਰੀ ਨਾਲ ਰਲਾ ਕੇ ਰੱਖਦਾ। ਭਤੀਜੇ ਜਦ ਉਡਾਰ ਹੋ ਗਏ ਤਾਂ ਸੀਰੀ ਰੱਖਣਾ ਉਨ੍ਹਾਂ ਨੇ ਛੱਡ ਦਿੱਤਾ।

ਤਾਇਆ ਸੰਤੂ

171