ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/173

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੱਤੋ-ਮੱਘਰ ਤੇ ਫੱਗਣ-ਚੇਤ ਦੀ ਠੰਡ ਬਹੁਤੇ ਜ਼ੁਕਾਮ ਲਾਉਂਦੀ ਹੈ। ਚੜ੍ਹਦੀ ਠੰਡ ਨਾਲ ਸੰਤੂ ਨੂੰ ਜ਼ੁਕਾਮ ਹੋ ਗਿਆ। ਜ਼ੁਕਾਮ ਵਿਗੜਦਾ ਵਿਗੜਦਾ ਨਮੂਨੀਆ ਬਣ ਗਿਆ। ਨਮੂਨੀਆ ਵੀ ਅਜਿਹਾ ਕਿ ਉਹ ਦੇ ਪੈਰਾਂ ਥੱਲੇ ਧਰਤੀ ਨਹੀਂ ਸੀ ਟਿਕਦੀ। ਉਹਦੀਆਂ ਅੱਖਾਂ ਵਿਚੋਂ ਭੰਬੂ ਤਾਰੇ ਬਣ ਬਣ ਨਿਕਲਦੇ। ਉਸ ਦਾ ਸਿਰ ਚਕਰ ਚੂੰਢਾ ਬਣਿਆ ਹੋਇਆ ਸੀ। ਉਸ ਦਾ ਕਾਲਜਾਂ ਧਰਤੀ 'ਤੇ ਢੇਰੀ ਹੋ ਰਿਹਾ ਸੀ। ਉਸ ਨੂੰ ਮਹਿਸੂਸ ਹੁੰਦਾ, ਜਿਵੇਂ ਸਰਰ ਸਰਰ ਕਰਦੀ ਕੋਈ ਚੀਜ਼ ਉਸ ਦੇ ਦਿਲ ਵੱਲ ਆ ਰਹੀ ਹੈ ਤੇ ਦਿਲ ਕੁਝ ਇਕੱਠਾ ਹੋ ਰਿਹਾ ਹੈ। ਉਸ ਦੀਆਂ ਪਲਕਾਂ 'ਤੇ ਹਨੇਰ ਦੀ ਤਹਿ ਗਾੜ੍ਹੀ ਹੋ ਰਹੀ ਸੀ। ਖੇਸ ਦੀ ਬੁੱਕਲ ਮਾਰੀ, ਸੂਰਜ ਵੱਲ ਮੂੰਹ ਕਰਕੇ ਬੈਠਕ ਮੂਹਰੇ ਉਹ ਕੰਧ ਦੀ ਢੋਹ ਲਾਈ ਬੈਠਾ ਸੀ।

ਉਨ੍ਹਾਂ ਦੇ ਸ਼ਰੀਕੇ ਵਿਚੋਂ ਇੱਕ ਬੁੜ੍ਹੀ ਉਸ ਦੇ ਮੋਢੇ ਨੂੰ ਹਲੂਣ ਕੇ ਪੁੱਛਣ ਲੱਗੀ‘ਕੰਦੋ ਦਿਆ ਤਾਇਆ, ਕਿਹੜੀਆਂ ਸੋਚਾਂ 'ਚ ਬੈਠੇ?'

ਕੁਸ ਭਖ ਜੀ ਹੋਗੀ ਕੰਜਰ ਦੀ। ਅੱਜ ਟੁੱਕ ਈ ਸੁਆਦ ਨੀ ਲੱਗਿਆ।’ ਸੰਤੂ ਤੋਂ ਮਸ੍ਹਾਂ ਬੋਲਿਆ ਗਿਆ।'

‘ਕਿਤੇ ਜਮ ਤਾਂ ਨੀ ਲੈਣ ਆ ਗਏ, ਜਿਹੜਾ ਇਉਂ ਤਾਲੂਏ ਨਾਲ ਜੀਭ ਲਾ ਕੇ ਬੋਲਦੈ?' ਬੁੜੀ ਨੇ ਬੇਝਿਜਕੀ ਨਾਲ ਪੁੱਛਿਆ, ਜਿਵੇਂ ਛੜਿਆਂ ਦਾ ਕੋਈ ਨਹੀਂ ਹੁੰਦਾ ਤੇ ਇਹ ਨਿਪੁੱਤੇ ਸੰਸਾਰ ਵਾਹਰੇ ਹੀ ਹੁੰਦੇ ਹਨ।

'ਹੁਣ ਤਾਂ ਅਕੇ, ਹੋਗੀ ਪਟ੍ਹੋਲਿਆਂ ਤਿਆਰੀ, ਕੱਤਣੀ ਨੂੰ ਫੁੱਲ ਲੱਗਦੇ।' ਹੁਣ ਤਾਂ ਸਾਰਾ ਟੱਬਰ ਤੈਨੂੰ ਤੋਰ ਕੇ ਰਾਜ਼ੀ ਐ।' ਬੁੜ੍ਹੀ ਨੇ ਭੇਤਭਰੀ ਗੱਲ ਕਹਿ ਦਿੱਤੀ।

‘ਕਿਉਂ ਜੈ ਕੁਰੇ, ਇਹ ਕੀ?' ਸੰਤੂ ਦੇ ਕੰਨ ਖੜ੍ਹੇ ਹੋ ਗਏ। ਬੁੜ੍ਹੀ ਦੀ ਗੱਲ ਉਸ ਦੇ ਦਿਮਾਗ਼ ਵਿੱਚ ਬਿਜਲੀ ਵਾਂਗ ਚੱਕਰ ਲਾ ਗਈ ਸੀ।

'ਇਹ ਕੀ ਕਿਵੇਂ! ਜਿਹੜੀ ਚਾਰ ਓਰੇ ਤੇਰੇ ਹਿੱਸੇ ਦੀ ਬਚਦੀ ਐ, ਤੇਰੇ ਬਿਨਾਂ ਉਹ ਕਿਵੇਂ ਚੜ੍ਹੇ ਭਤੀਜਿਆਂ ਦੇ ਨਾਂ?' ਬੁੜੀ ਨੇ ਸੱਚੀ ਗੱਲ ਸੰਤੂ ਦੇ ਮੱਥੇ ਵਿੱਚ ਮਾਰੀ। ਉਹ ਚੁੱਪ ਕਰ ਗਿਆ। ਇੱਕ ਕੌੜੀ ਘੁੱਟ ਉਸ ਦੇ ਸੰਘੋਂ ਥੱਲੇ ਲਹਿ ਗਈ। ਬੈਠੇ ਬੈਠੇ ਨੂੰ ਉਸ ਨੂੰ ਪੰਜ ਭੱਠ ਤਾਪ ਚੜ੍ਹ ਗਿਆ।

ਪਾਥੀਆਂ ਪੱਥਣ ਆਈ ਵੱਡੀ ਬਹੂ ਨੇ ਸੰਤੂ ਨੂੰ ਬੁਲਾਇਆ, ਪਰ ਉਹ ਤੋਂ ਬੋਲਿਆ ਨਾ ਗਿਆ। ਉਸ ਨੇ ਤਾਏ ਦੇ ਪਿੰਡੇ ਨੂੰ ਹੱਥ ਲਾ ਕੇ ਦੇਖਿਆ, ਫਾਲੇ ਵਾਂਗ ਤਪਦਾ ਪਿਆ ਸੀ। ਉਹ ਦਾ ਘਰਵਾਲਾ ਖੇਤੋਂ ਕੜਬ ਦੀ ਭਰੀ ਸਿੱਟਣ ਅਇਆ। ਤਾਏ ਦੇ ਬਿਮਾਰ ਹੋਣ ਦੀ ਗੱਲ ਬਹੂ ਨੇ ਉਸ ਕੋਲ ਤੋਰੀ। ਉਹ ਮੂਹਰਿਓਂ ਸੂਈ ਕੁੱਤੀ ਵਾਂਗ ਭੱਜ ਕੇ ਪਿਆ-

‘ਲੌਗਾਂ ਆਲੀ ਚਾਹ ਕਰਕੇ ਦੇ ਦਿਓ ਤਾਏ ਨੂੰ ਰਜਾਈ ਦਾ ਮੁੜ੍ਹਕਾ ਲੈ ਲੂ ਤੇ ਆਪੇ ਹੱਡ ਖੁੱਲ੍ਹ ਜਾਣਗੇ। ਹੋਰ ਕੀ ਸੂਲ ਹੋਇਐ, ਤਾਏ ਦੇ?'

ਤਾਏ ਵਾਸਤੇ ਆਥਣ ਦੀ ਰੋਟੀ ਦੇਣ ਆਈ ਵੱਡੀ ਬਹੂ ਨੇ ਦੇਖਿਆ, ਉਹ ਓਵੇਂ ਜਿਵੇਂ ਕੰਧ ਨਾਲ ਢੋਹ ਲਾਈਂ ਬੈਠਾ ਸੀ। ਬੁਲਾਇਆ ਤਾਂ ਉਹ ਬੋਲਿਆ ਨਾ। ਬਹੂ ਨੇ ਹੱਥ ਲਾ ਕੇ ਦੇਖਿਆ, ਉਹ ਦਾ ਪਿੰਡਾ ਬਰਫ਼ ਵਰਗਾ ਸੀਤ ਪਿਆ ਸੀ।

ਤਾਇਆ ਸੰਤੂ

173