ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/174

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ
ਮਨ ਹੋਰ ਮੁੱਖ ਹੋਰ

ਇੱਕ ਅਮੀਰ ਆਦਮੀ ਨੇ ਕਿਸੇ ਸਮੇਂ ਮੇਰੇ `ਤੇ ਇੱਕ ਵੱਡਾ ਅਹਿਸਾਨ ਕੀਤਾ ਸੀ। ਮੈਂ ਉਸ ਦਾ ਅਹਿਸਾਨ ਮੰਨਦਾ ਵੀ ਸਾਂ। ਉਸ ਅਹਿਸਾਨ ਥੱਲੇ ਮੈਂ ਉਸ ਨੂੰ ਕਿਸੇ ਕੰਮ ਤੋਂ ਜਵਾਬ ਨਹੀਂ ਸੀ ਦਿੱਤਾ। ਕੰਮ ਛੋਟਾ ਹੁੰਦਾ, ਭਾਵੇਂ ਵੱਡਾ ਹੁੰਦਾ। ਮੈਂ ਉਸ ਦੇ ਕੰਮ ਨੂੰ ਵਗਾਰ ਕਦੇ ਨਹੀਂ ਸੀ ਸਮਝਿਆ। ਉਸ ਦੇ ਕੰਮ ਨੂੰ ਮੈਂ ਆਪਣਾ ਕੰਮ ਸਮਝ ਕੇ ਕਰਦਾ।

ਉਸ ਦਿਨ ਉਸ ਅਮੀਰ ਆਦਮੀ ਨੇ ਦੁਪਹਿਰ ਵੇਲੇ ਮੈਨੂੰ ਆਪਣੇ ਘਰ ਸੱਦਿਆ। ਇੱਕ ਛਿੱਕੂ ਮੇਰੇ ਹੱਥ ਵਿੱਚ ਦਿੱਤਾ। ਛਿੱਕੂ ਸੰਗਤਰਿਆਂ ਦਾ ਭਰਿਆ ਹੋਇਆ ਸੀ। ਉਸ ਨੇ ਮੈਨੂੰ ਗੰਭੀਰ ਹੋ ਕੇ ਦੱਸਿਆ ਕਿ ਛਿੱਕੂ ਵਿੱਚ ਹੇਠਾਂ ਉੱਤੇ ਸੰਗਤਰੇ ਤਾਂ ਐਵੇਂ ਦਿਖਾਵਾ ਹਨ, ਪਰ ਸੰਗਤਰਿਆਂ ਦੀ ਲਪੇਟ ਵਿੱਚ ਇੱਕ ਖ਼ਾਸ ਚੀਜ਼ ਹੈ, ਜਿਹੜੀ ਸਾਂਭ ਕੇ ਅੰਬਾਲੇ ਇੱਕ ਵੱਡੇ ਅਫ਼ਸਰ ਨੂੰ ਦੇ ਕੇ ਆਉਣੀ ਹੈ। ਉਸ ਨੇ ਖੁੱਲ੍ਹਾ ਖ਼ਰਚ ਮੇਰੀ ਜੇਬ ਵਿੱਚ ਪਾ ਦਿੱਤਾ ਤੇ ਕਿਹਾ ਕਿ ਮੈਂ ਆਥਣ ਦੀ ਗੱਡੀ ਜਦੋਂ ਜਾਵਾਂ, ਪਹਿਲੇ ਦਰਜੇ ਦੇ ਡੱਬੇ ਵਿੱਚ ਸਫ਼ਰ ਕਰਾਂ। ਇਹ ਗੱਲ ਵੀ ਉਸ ਨੇ ਖ਼ਾਸ ਤੌਰ 'ਤੇ ਆਖੀ ਸੀ।

ਸੰਗਤਰਿਆਂ ਦਾ ਛਿੱਕੂ ਲੈ ਕੇ, ਗੱਡੀ ਆਉਣ ਤੋਂ ਅੱਧਾ ਘੰਟਾ ਪਹਿਲਾਂ ਹੀ ਮੈਂ ਸਟੇਸ਼ਨ 'ਤੇ ਆ ਬੈਠਾ। ਕੁਝ ਚਿਰ ਬਾਅਦ ਪਹਿਲੇ ਦਰਜੇ ਦੀ ਟਿਕਟ ਖਰੀਦੀ ਤੇ ਫਿਰ ਬੈਂਚ ਤੇ ਜਾ ਬੈਠਾ।

ਜਿਸ ਬੈਂਚ 'ਤੇ ਮੈਂ ਬੈਠਾ ਸੀ, ਮੇਰੇ ਨਾਲ ਹੀ ਇੱਕ ਬੰਦਾ ਹੋਰ ਵੀ ਬੈਠਾ ਸੀ। ਗਲ ਤੇੜ ਮੈਲੇ ਲੱਠੇ ਦਾ ਚਿੱਟਾ ਨਿੱਖਰਵਾਂ ਕੁੜਤਾ ਪਜਾਮਾ। ਸਿਰ 'ਤੇ ਖੱਟੀ ਤਹਿ ਕਰਕੇ ਬੰਨ੍ਹੀ ਪੱਗ, ਕਰੜ ਵਰੜੀ ਦਾੜ੍ਹੀ, ਸ਼ਰੀਫ਼ ਚਿਹਰਾ ਤੇ ਅੱਖਾਂ ਵਿੱਚ ਭਲਮਾਣਸੀ ਦੀ ਝਲਕ, ਖੰਅੂਰਾਂ ਜਿਹੀਆਂ ਮਾਰ ਕੇ ਹੌਲੀ-ਹੌਲੀ ਗੱਲ ਕਰਦਾ ਸੀ। ਮੈਨੂੰ ਉਸ ਨੇ ਪੁੱਛਿਆ‘ਸਰਦਾਰ ਜੀ, ਕਿੱਥੇ ਦੀ ਤਿਆਰੀ ਐ?' ਮੈਂ ਬੇਧਿਆਨੇ ਜਿਹਾ ਹੋ ਕੇ ਉੱਤਰ ਦਿੱਤਾ‘ਅੰਬਾਲੇ।’ ਤੇ ਸੁਭਾਇਕੀ ਉਸ ਨੂੰ ਮੈਂ ਪੁੱਛਿਆ-'ਤੂੰ ਭਾਈ ਸਾਹਿਬ ਕਿੱਥੇ ਜਾਣੈੰ?' ਉਹ ਕਹਿੰਦਾ-'ਧੂਰੀ ਤਾਈਂ ਜਾਣੈ ਬਿਪਤਕਾਲ ਨੂੰ ਫੜੇ ਹੋਏ ਆਂ, ਸਰਦਾਰ ਸੀ।ਮਹਿੰਗਾਈ ਦਾ ਜ਼ਮਾਨੈ।' ਧੂਰੀ ਫੇਰ ਕੀ ਲੈਣ ਚੱਲਿਐਂ ਮੈਂ ਅਗਾਂਹ ਗੱਲ ਤੋਰ ਲਈ। ਉਹ ਕਹਿੰਦਾ-‘ਓਥੇ ਇੱਕ ਹੋਟਲ ’ਤੇ ਮੇਰਾ ਮੁੰਡਾ ਕੰਮ ਕਰਦੇ। ਹੋਟਲ ਦੇ ਮਾਲਕ ਤੋਂ ਕੁਸ ਪੈਸੇ ਫੜਨ ਚੱਲਿਆਂ। ਜੇ ਰੱਬ ਉਹਦੇ ਮਨ ਮਿਹਰ ਪਾਊਂ।' ਇਸ ਤਰ੍ਹਾਂ ਨਾਲ ਅਸੀਂ ਗੱਲਾਂ ਕਰਦੇ ਰਹੇ।ਉਹ ਕੋਈ ਗੱਲ ਛੇੜ ਲੈਂਦਾ ਤਾਂ ਮੈਂ ਹੁੰਗਾਰਾ ਭਰਦਾ ਰਹਿੰਦਾ।ਮੈਂ ਕੋਈ ਗੱਲ ਉਸ ਤੋਂ ਪੁੱਛਦਾ ਤਾਂ ਉਹ ਜਵਾਬ ਦਿੰਦਾ ਰਹਿੰਦਾ। ਗੱਲ ਗੱਲ ਵਿੱਚ ਉਹ ਆਪਣੀ ਗ਼ਰੀਬੀ

174

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ