ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/186

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ
ਤੀਜਾ ਪੁੱਤ

'ਹੁਣ ਚਾਹ ਬਣਾ ਦੇ, ਮਾਸੀ, ਅੱਡੀ ਚੱਕ!' ਕਰਮੇ ਨੇ ਆਥਣ ਦੀ ਰੋਟੀ ਖਾ ਕੇ ਹੱਥ ਧੋਂਦਿਆਂ ਆਖਿਆ।

'ਭੂਆ ਦੇ ਫੇਰੇ ਦੇਣਿਆ, ਅੱਗੇ ਵੀ ਤਾਂ ਫ਼ੀਮ ਅਰਗੀ ਪੀਨੈ। ਆਪੇ ਈ ਬਣਾ, ਜਹੀ ਜੀ ਡੱਫਣੀ ਐ।' ਮਾਸੀ ਇਹ ਕਹਿ ਕੇ ਕਾੜ੍ਹਨੀ 'ਚੋਂ ਦੁੱਧ ਵਧਾਉਣ ਲੱਗ ਪਈ।

ਕਰਮੇ ਨੇ ਪਤੀਲੇ ਵਿੱਚ ਪਾਣੀ ਪਾ ਕੇ ਚੁੱਲ੍ਹੇ 'ਤੇ ਰੱਖ ਦਿੱਤਾ। ਚੁੱਲ੍ਹੇ ਵਿੱਚ ਛਟੀਆਂ ਦੀ ਅੱਗ ਮਚਾ ਕੇ ਆਪ ਉਹ ਦਰਵਾਜ਼ੇ ਵਿੱਚ ਬੈਠੇ ਸੀਰੀ ਕੋਲ ਆ ਖੜ੍ਹਾ।

‘ਕਰਮਿਆ, ਚੌਥਾ ਕੁ ਹਿੱਸਾ ਰਹਿਗੀ ਰੂੜੀ ਹੁਣ ਤਾਂ। ਤੜਕੇ ਨੂੰ ਟੋਆ ਖਾਲੀ ਹੋ ਜੂ?' ਕਰਮੇ ਦੇ ਮਾਸੜ ਨੇ ਬਾਹਰਲੇ ਘਰੋਂ ਮਹਿ ਦੀ ਧਾਰ ਕੱਢ ਕੇ ਲਿਆਂਦੀ ਦੁੱਧ ਦੀ ਬਾਲਟੀ ਚੌਂਤਰੇ 'ਤੇ ਰੱਖਦਿਆਂ ਪੁੱਛਿਆ।

‘ਤੜ੍ਹਕਾ ਕੀਹਨੂੰ ਆਇਆ ਮਾਸੜਾ, ਅੱਧੀ ਰਾਤ ਤਾਈਂ ਜੇ ਚੰਦ ਨਾ ਛਿਪਿਆ ਤਾਂ ਇੱਕ ਦੋ ਗੱਡੇ ਈ ਰਿਹੁ ਬਚੂ।’ ਕਰਮੇ ਨੇ ਪੂਰੀ ਦਿਲੇਰੀ ਦਿਖਾਈ।

‘ਕੋਈ ਜੱਟ ਅੜ੍ਹਕਦੈ ਕਿ ਨਹੀਂ? ਕਰਮਾ ਤਾਂ ਹੁਣ ਕੰਮ ’ਚ ਪੂਰੀ ਜਾਨ ਹੂਲਦੈ, ਚਾਚਾ। ਸੀਰੀ ਨੇ ਕਰਮੇ ਨੂੰ ਮਿੱਠੀ ਚਹੇਡ ਕੀਤੀ ਤੇ ਵਜਾ ਨਾਲ ਕਰਮੇ ਦੀ ਗੱਲ ਵੀ ਤੋਰ ਦਿੱਤੀ।

‘ਸੁੱਖ ਰਹੀ ਤਾਂ ਪਰਸੋਂ ਨੂੰ ਕੱਟਾ ਕੱਟੀ ਹੋਜੂ।' ਕਰਮੇ ਦੇ ਮਾਸੜ ਨੇ ਪੂਰੀ ਦਿਲਜਮੀ ਨਾਲ ਆਖ ਦਿੱਤਾ। ਖੁਸ਼ੀ ਨਾਲ ਕਰਮੇ ਦੀਆਂ ਮੁੱਛਾਂ ਫ਼ਰਕ ਪਈਆਂ ਤੇ ਫੇਰ ਕਰਮਾ ਤੇ ਸੀਰੀ ਕੁਝ ਘੁਸਰ ਮੁਸਰ ਕਰਦੇ ਰਹੇ, ਜਿਸ ਵਿੱਚੋਂ ਕਦੇ ਕਦੇ ਛਣਕਦੀ ਚੀਕਦੀ ਹਾਸੀ ਵੀ ਕਰਮੇ ਦੇ ਮੂੰਹੋਂ ਸੁਣਾਈ ਦਿੰਦੀ ਸੀ।

ਚਾਹ ਪੀ ਕੇ ਉਹ ਉੱਠ ਖੜ੍ਹੇ।

‘ਦੁੱਧ ਰੱਖ ਦੀਂ ਮਾਸੀ, ਇੱਕ ਵਾਰੀ ਫੇਰ ਕਰਾਂਗੇ ਚਾਹ।’ ਕਰਮੇ ਨੇ ਜਾਂਦੇ ਹੋਏ ਨੇ ਆਖਿਆ।

***

ਕਰਮਾ ਚਾਰ ਸਾਲ ਤੋਂ ਮਾਸੀ ਦੇ ਘਰ ਰਹਿੰਦਾ ਸੀ। ਆਪਣੇ ਪਿੰਡ ਉਹ ਸਾਲ ਵੀ ਮਹੀਨਿਆਂ ਪਿੱਛੋਂ ਹੀ ਗੇੜਾ ਮਾਰਦਾ।ਉਸ ਦਾ ਪਿਓ ਤਾਂ ਘਰ ਨੂੰ ਸਿਉਂਕ ਲੱਗੀ ਹੋਈ ਸੀ। ਮਾੜੀ ਮੋਟੀ ਜਿਹੜੀ ਜ਼ਮੀਨ ਸੀ, ਉਹ ਉਸ ਨੇ ਫ਼ੀਮ, ਸ਼ਰਾਬ ਤੇ ਚਿਲਮ ਮੂੰਹੇ ਫੂਕ ਦਿੱਤੀ ਸੀ। ਕਰਮੇ ਹੋਰੀਂ ਤਿੰਨ ਭਰਾ ਸਨ। ਪਿਓ ਦੇ ਲੱਛਣ ਦੇਖ ਕੇ ਵੱਡਾ ਗੁਰਦੁਆਰੇ

186

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ