ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/190

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਾ ਲੈਂਦਾ ਹਾਂ। ਐਨਾ ਹਾਸਾ ਆਉਂਦਾ ਹੈ ਕਿ ਮੈਥੋਂ ਰੋਕਿਆ ਨਹੀਂ ਜਾਂਦਾ। ਉਹ ਫੇਰ ਕਹਿੰਦਾ ਹੈ- 'ਤੇਰੀ ਭਰਜਾਈ ਵਾਸਤੇ ਉਹ ਸਾਲੀ ਕੀ ਚੱਲੀ ਐ ਡੈਕਾਰੀਨ ਪਤਾ ਨੀ ਫੈਕਾਰੀਨ, ਚੌਥੇ ਸੂਟ ਲਿਆਂਦਾ ਸੀ ਬਣਵਾ ਕੇ। ਅੱਜ ਉਹ ਨੇ ਧੋਤਾ ਤਾਂ ਛਣਕੇ ਵਾਲੀਵਾਲ ਦਾ ਨੈੱਟ ਬਣ ਗਿਆ। ਦੋ ਰੁਪਈਏ ਮੀਟਰ ਦਾ ਖਾਬੜਾ ਕੱਪੜਾ, ਮੀਟਰ ਦੇ ਪੰਦਰਾਂ ਰੁਪਈਏ ਲਾਏ। ਤੇ ਹੋਰ ਸੁਣ.....।’ ਮੈਂ ਉਸ ਦੀ ਬਹੁਤੀ ਗੱਲ ਨਹੀਂ ਸੁਣਦਾ ਤੇ ਉਸ ਨੂੰ ਪੁੱਛਦਾ ਹਾਂ- ‘ਤੂੰ ਹੁਣ ਮਿਲਦਾ ਕਿਉਂ ਨੀ? ਕਿੱਥੇ ਰਹਿਨੈਂ?'

‘ਰਹਿਨਾਂ ਕੀ ਮੈਂ ਵਲੈਤ 'ਚ ਆ। ਐਥੇ ਈ ਰਹਿਨਾਂ।’ ਤੇ ਫੇਰ ਉਹ ਸਾਊ ਜਿਹਾ ਜਵਾਬ ਦਿੰਦਾ ਤੇ ਕਹਿੰਦਾ ਹੈ-'ਦੇਖ ਯਾਰ, ਬਰਨਾਲੇ ਦੇ ਤਿੰਨ ਬਜ਼ਾਰ ਐ। ਫਰਵਾਹੀ ਬਜ਼ਾਰ, ਸਦਰ ਬਜ਼ਾਰ ਤੇ ਹੰਢਿਆਇਆ ਬਜ਼ਾਰ। ਤਿੰਨਾਂ 'ਚੋਂ ਦੋ ਬੰਦ ਰਹਿੰਦੇ ਐ। ਇੱਕ ਖੁੱਲ੍ਹਦੈ ਤਾਂ ਪਹਿਲਾਂ ਖੁੱਲ੍ਹਿਆ ਬੰਦ ਹੋ ਜਾਂਦੈ। ਬੱਸ ਦੋ ਤਾਂ ਸਮਝ ਲੈ ਬੰਦ ਈ ਰਹਿੰਦੇ ਐ। ਇੱਕੋ ਈ ਮਸ੍ਹਾਂ ਖੁੱਲ੍ਹਦੈ।' ਉਸ ਦੀ ਫ਼ਿਲਾਸਫ਼ੀ ਮੇਰੀ ਸਮਝ ਨਹੀਂ ਆਉਂਦੀ। ਉਹ ਮੈਨੂੰ ਮੋਢਿਓਂ ਫੜ ਕੇ ਕਹਿੰਦਾ - ‘ਓ ਝੁੱਡੂਆ, ਇੱਕ ਮਹੀਨੇ ਜੇ ਫਰਵਾਹੀ ਬਜ਼ਾਰ ਦੀਆਂ ਦੁਕਾਨਾਂ ਦਾ ਉਧਾਰ ਨਹੀਂ ਮੋੜੀਂਦਾ ਤਾਂ ਬੱਸ ਓਸ ਬਜ਼ਾਰ ਵਿੱਚ ਦੀ ਲੰਘੀਦਾ ਈ ਨੀ ਤੇ ਬਜ਼ਾਰ ਬਸ ਆਪੇ ਬੰਦ ਸਮਝ ਲੈ। ਬਾਣੀਆ ਸਾਲ਼ਾ ਘਰੇ ਤਾਂ ਨੀ ਪੈਸੇ ਲੈਣ ਆਜੂ। ਬਸ ਏਵੇਂ ਜਿਵੇਂ ਫੇਰ ਸਦਰ ਬਜ਼ਾਰ ਬੰਦ ਕਰ ਦੇਈਦੈ ਤੇ ਫਰਵਾਹੀ ਖੁੱਲ੍ਹ ਜਾਂਦੈ। ਇਉਂ ਈ ਕਦੇ ਹੰਢਿਆਇਆ ਖੋਲ੍ਹ ਲਈਦੈ। ਬਾਣੀਆ ਜਦੋਂ 'ਮਹਾਰਾਜ' ਬੁਲਾ ਦਿੰਦੈ, ਓਦੋਂ ਤਾਂ ਯਾਰ ਮਰਨ ਹੋ ਜਾਂਦੈ।'

‘ਤੂੰ ਯਾਰ, ਬਾਣੀਆਂ ਦੇ ਐਨਾ ਉਲਟ ਕਿਉਂ ਐਂ? ਮੈਂ ਉਸ ਨੂੰ ਪੁੱਛਦਾ ਹਾਂ।

'ਨਹੀਂ, ਨਹੀਂ, ਬਾਣੀਆਂ ਦੀ ਜਾਤ ਦੇ ਉਲਟ ਮੈਂ ਬਿਲਕੁੱਲ ਨਹੀਂ।' ਉਹ ਕਹਿਣਾ ਸ਼ੁਰੂ ਕਰਦਾ ਹੈ। ‘ਇੱਕ ਜੱਟ ਜਿਹੜਾ ਸੌ ਰੁਪਈਆ ਕਿਸੇ ਨੂੰ ਵਿਆਜ 'ਤੇ ਦਿੰਦੈ ਤੇ ਦਸ ਰੁਪਈਆ ਦਾ ਵਧਾਰਾ ਲਾ ਕੇ ਇੱਕ ਸੌ ਦਸ ’ਤੇ ਗੂਠਾ ਲਵਾਉਂਦੇ, ਉਹ ਬਾਣੀਆ। ਇੱਕ ਬਾਹਮਣ ਜਿਹੜਾ ਚੌਥੇ ਹਿੱਸੇ ਦਾ ਪਾਣੀ ਪਾ ਕੇ ਦੁੱਧ ਵੇਚਦੈ, ਉਹ ਵੀ ਬਾਣੀਆ। ਕੋਈ ਖੱਤਰੀਆਂ ਦੀ ਬੁੜ੍ਹੀ ਕਿਸੇ ਗਵਾਂਢਣ ਹੱਥ ਤੰਗ ਬੁੜ੍ਹੀ ਨੂੰ ਪੰਜ ਰੁਪਈਏ ਦੇ ਦਿੰਦੀ ਐ ਤੇ ਮਹੀਨੇ ਪਿੱਛੋਂ ਸਵਾ ਪੰਜ ਲੈ ਲੈਂਦੀ ਐ, ਉਹ ਖ਼ਤਰਾਣੀ ਬਿਲਕੁੱਲ ਨਹੀਂ-ਸੌ ਫ਼ੀਸਦੀ ਕਰਿਆੜੀ ਹੁੰਦੀ ਹੈ।'

ਪਰਕਾਸ਼ ਨੇ ਬਰਨਾਲੇ ਤੋਂ ਹੀ ਮੇਰੇ ਨਾਲ ਦਸਵੀਂ ਪਾਸ ਕੀਤੀ ਸੀ ਤੇ ਉਹ ਦੋ ਤਿੰਨ ਸਾਲਾਂ ਬਾਅਦ ਮਰ ਪੈ ਕੇ ਬਰਨਾਲੇ ਕਚਹਿਰੀਆਂ ਵਿੱਚ ਕਲਰਕ ਲੱਗ ਗਿਆ ਸੀ। ਫੇਰ ਵਿਆਹ ਵੀ ਹੋ ਗਿਆ ਸੀ। ਉਸ ਦੇ ਮਾਂ ਬਾਪ ਉਸ ਦੇ ਨਾਲ ਹਨ ਤੇ ਦੋ ਵੱਡੇ ਭਰਾ ਆਪੋ ਆਪਣੇ ਥਾਈਂ ਬਾਹਰ ਕਿਤੇ ਨੌਕਰੀ ਕਰਦੇ ਹਨ। ਬਰਨਾਲੇ ਵਿੱਚ ਪਰਕਾਸ਼ ਦੇ ਮਾਪਿਆਂ ਦੀ ਹੋਰ ਕੋਈ ਜਾਇਦਾਦ ਨਹੀਂ। ਬੱਸ ਇੱਕ ਛੋਟਾ ਜਿਹਾ ਮਕਾਨ ਹੈ-ਖੁੱਡੀ ਦਰਵਾਜ਼ੇ ਕਿਲ੍ਹੇ ਵਾਲੇ ਮਕਾਨਾਂ ਦੇ ਨਾਲ। ਮਾਂ ਬਾਪ ਬਜ਼ੁਰਗ ਹਨ ਤੇ ਪਰਕਾਸ਼ ਦੇ ਆਸਰੇ ਹੀ ਦਿਨ ਕੱਟਦੇ ਹਨ।

ਪਰਕਾਸ਼ ਦੀ ਜ਼ਿੰਦਗੀ ਬੜੀ ਤਰਸ ਵਾਲੀ ਜ਼ਿੰਦਗੀ ਹੈ। ਉਹ ਇੱਕ ਕਲਰਕ ਹੈ। ਉਸ ਦੀ ਜ਼ਿੰਦਗੀ ਸਾਰੇ ਕਲਰਕਾਂ ਦੀ ਜ਼ਿੰਦਗੀ ਹੈ। ਉਸ ਦੀ ਜ਼ਿੰਦਗੀ ਸਾਰੇ ਸਰਕਾਰੀ

190

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ