ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/198

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰੋਮਾਂਸ ਚੱਲ ਰਿਹਾ ਹੈ। ਰਮੇਸ਼ ਬਾਹਰਲੀ ਤੇ ਅੰਦਰਲੀ ਸਾਰੀ ਦੁਨੀਆਂ ਭੁੱਲ ਗਿਆ ਹੈ। ਹੁਕਮ ਚੰਦ ਵੀ ਖ਼ੁਸ਼ ਹੈ। ਵਿੱਚ ਦੀ ਕੋਈ ਕੋਈ ਗੱਲ ਉਹ ਕਰਦੇ ਹਨ। ਖ਼ੁਸ਼ ਹੁੰਦੇ ਹਨ, ਹੱਸਦੇ ਹਨ, ਕਦੇ ਕਦੇ ਕੋਈ ਹਾਉਂਕਾ ਵੀ।

ਇੰਟਰਵਲ ਹੋਇਆ ਤਾਂ ਉਹ ਖੜ੍ਹੇ ਹੋ ਗਏ। ਸਾਰੇ ਲੋਕ ਕਰੀਬ ਕਰੀਬ ਖੜ੍ਹੇ ਹੋ ਚੁੱਕੇ ਹਨ। ਕੋਈ ਕੋਈ ਬੈਠਾ ਹੈ। ਬਾਹਰ ਨਿਕਲਣ ਲਈ ਦਰਵਾਜ਼ਿਆਂ ਵੱਲ ਨੂੰ ਲੋਕ ਵਧ ਰਹੇ ਹਨ। ਲੰਬੀਆਂ ਲੰਬੀਆਂ ਕਤਾਰਾਂ। ਹੁਕਮ ਚੰਦ ਅੱਗੇ ਹੈ ਤੇ ਰਮੇਸ਼ ਉਸ ਦੇ ਪਿੱਛੇ। ਇੱਕ ਸੀਟ ਦੇ ਕੋਲ, ਸੀਟ ਦੀ ਛਾਂ ਵਿੱਚ ਇੱਕ ਕਾਲਾ ਬਟੂਆ ਪਿਆ ਹੈ। ਰਮੇਸ਼ ਨੇ ਪੂਰਾ ਧਿਆਨ ਦੇ ਕੇ ਦੇਖਿਆ, ਸੱਚੀ ਹੀ ਬਟੂਆ ਹੈ। ਉਸ ਨੇ ਫੁਰਤੀ ਨਾਲ ਬਟੂਏ ਦੇ ਉੱਪਰ ਪੈਰ ਧਰ ਲਿਆ ਹੈ। ਹੁਕਮ ਚੰਦ ਅੱਗੇ ਲੰਘ ਗਿਆ ਹੈ, ਪਰ ਰਮੇਸ਼ ਉੱਥੇ ਹੀ ਖੜ੍ਹਾ ਹੈ। ਬਟੂਏ ਨੂੰ ਚੁੱਕੇ ਤਾਂ ਕਿਵੇਂ ਚੁੱਕੇ? ਚਾਰ ਚੁਫੇਰੇ ਲੋਕ ਹਨ। ਕਿਸੇ ਨੇ ਦੇਖ ਲਿਆ ਤਾਂ?

ਰਮੇਸ਼ ਨੇ ਚਾਰ ਚੁਫ਼ੇਰਾ ਦੇਖ ਕੇ ਆਪਣੇ ਗੋਡੇ ਨੂੰ ਹੱਥ ਲਾਇਆ ਤੇ ਫਿਰ ਝੁਕਿਆ ਝੁਕਿਆ ਹੀ ਉਹ ਆਪਣੇ ਗਿੱਟੇ ਤੋਂ ਪੈਂਟ ਉਤਾਂਹ ਚੁੱਕ ਕੇ ਖੁਰਕ ਕਰਨ ਲੱਗਿਆ। ਅੱਖ ਦੇ ਫੇਰ ਵਿੱਚ ਹੀ ਉਸ ਨੇ ਆਪਣੇ ਪੈਰ ਥੱਲਿਓਂ ਬਟੂਆ ਕੱਢਿਆ ਤੇ ਫੁਰਤੀ ਨਾਲ ਆਪਣੇ ਸਵੈਟਰ ਦੇ ਥੱਲੇ ਉਸ ਨੂੰ ਲੁਕਾ ਲਿਆ। ਉਸ ਨੂੰ ਯਕੀਨ ਸੀ ਕਿ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ। ਗੇਟ ਕੀਪਰ ਤੋਂ ਪਾਸ ਲਏ ਬਗੈਰ ਹੀ ਉਹ ਦਰਵਾਜ਼ਾ ਲੰਘ ਗਿਆ। ਗੇਟ ਕੀਪਰ ਨੇ ਹਾਕ ਮਾਰ ਕੇ ਉਸ ਨੂੰ ਪਾਸ ਦਿੱਤਾ। ਬਾਹਰ ਖੜ੍ਹਾ ਹੁਕਮ ਚੰਦ ਉਸ ਦੇ ਮੂੰਹ ਵੱਲ ਝਾਕਿਆ। ਰਮੇਸ਼ ਨੂੰ ਲੱਗਿਆ, ਜਿਵੇਂ ਉਹ ਉਸ ਬਾਰੇ ਕੋਈ ਗੱਲ ਤਾੜ ਗਿਆ ਹੈ। ਇੱਕ ਦੋ ਹੋਰ ਹੀ ਸਧਾਰਨ ਜਿਹੀਆਂ ਗੱਲਾਂ ਪੁੱਛਣ 'ਤੇ ਰਮੇਸ਼ ਨੂੰ ਪੂਰਾ ਯਕੀਨ ਹੋ ਗਿਆ ਕਿ ਹੁਕਮ ਚੰਦ ਨੂੰ ਬਟੂਏ ਦਾ ਕੋਈ ਪਤਾ ਨਹੀਂ। ਹੁਣ ਉਹ ਚਾਹੁੰਦਾ ਸੀ ਕਿ ਉਹ ਅਜਿਹੀ ਥਾਂ ਪਿਸ਼ਾਬ ਕਰਕੇ ਆਵੇ, ਜਿੱਥੇ ਉਸ ਨੂੰ ਕੋਈ ਨਾ ਦੇਖੇ ਤਾਂ ਕਿ ਉਹ ਬਟੂਏ ਨੂੰ ਖੋਲ੍ਹ ਕੇ ਦੇਖ ਲਵੇ ਕਿ ਉਸ ਵਿੱਚ ਕਿੰਨੇ ਕੁ ਰੁਪਏ ਹਨ।

ਕਿੰਨੇ ਹੀ ਲੋਕ ਯੂਰੀਨਲਜ਼ ਵਿੱਚ ਚਲੇ ਗਏ ਸਨ। ਉਨ੍ਹਾਂ ਤੋਂ ਦੁੱਗਣੇ ਹੋਰ ਆਦਮੀ ਯੂਰੀਨਲਜ਼ ਦੇ ਸੱਜੇ ਪਾਸੇ ਹੋ ਗਏ ਸਨ। ਬਹੁਤ ਸਾਰੇ ਲੋਕ ਯੂਰੀਨਲਜ਼ ਦੇ ਖੱਬੇ ਪਾਸੇ ਕੰਧ ਵੱਲ ਮੂੰਹ ਕਰੀ ਖਲੋਤੇ ਸਨ।ਕੋਈ ਕਿਸੇ ਵੱਲ ਨਹੀਂ ਸੀ ਦੇਖ ਰਿਹਾ। ਸਭ ਕਾਹਲੇ ਸਨ। ਸ਼ਰਮ ਨਾਂ ਦੀ ਚੀਜ਼ ਜਿਵੇਂ ਕੋਈ ਹੁੰਦੀ ਹੀ ਨਾ ਹੋਵੇ। ਰਮੇਸ਼ ਨੂੰ ਕੋਈ ਵੀ ਮਹਿਫੂਜ਼ ਥਾਂ ਨਾ ਮਿਲੀ, ਜਿੱਥੇ ਖੜ੍ਹ ਕੇ ਉਹ ਬਟੂਏ ਨੂੰ ਫਰੋਲ ਸਕਦਾ। ਖਬਰੈ ਉਸ ਵਿੱਚ ਕੀ ਸੀ? ਕਿੰਨੇ ਕੁ ਰੁਪਏ ਸਨ? ਸ਼ਾਇਦ ਹਜ਼ਾਰਾਂ ਹੀ ਹੋਣ ਜਾਂ ਚਾਲ੍ਹੀ ਪੰਜਾਹ। ਉਸ ਦੇ ਮਨ ਨੂੰ ਕਾਹਲ ਲੱਗੀ ਹੋਈ ਸੀ ਕਿ ਉਹ ਬਟੂਏ ਨੂੰ ਛੇਤੀ ਦੇਖੇ। ਹੁਕਮ ਚੰਦ ਉਸ ਦੇ ਕੋਲ ਆ ਖੜੋਤਾ। ਹੁਣ ਹੁਕਮ ਚੰਦ ਨੇ ਕਿੱਧਰ ਜਾਣਾ ਸੀ। ਉਹ ਤਾਂ ਕਹਿ ਰਿਹਾ ਸੀ ਕਿ ਉਹ ਅੰਦਰ ਚਲੇ ਜਾਣ। ਘੰਟੀ ਵੱਜ ਗਈ ਤਾਂ ਸਿਨੇਮਾ ਦੇ ਅੰਦਰਲੀਆਂ ਲਾਈਟਾਂ ਆਫ਼ ਹੋ ਜਾਣਗੀਆਂ। ਹਨੇਰੇ ਵਿੱਚ ਸੀਟਾਂ ਦਾ ਪਤਾ ਨਹੀਂ ਲੱਗਣਾ। ਐਵੇ ਲੋਕਾਂ ਦੇ ਉੱਤੇ ਡਿੱਗਦੇ ਫਿਰਾਂਗੇ। ਰਮੇਸ਼ ਚਾਹੁੰਦਾ ਸੀ ਕਿ ਚਾਹ ਦਾ ਇੱਕ ਇੱਕ ਕੱਪ ਉਹ ਪੀ ਲੈਣ, ਪਰ ਉਸ ਨੇ ਸਿਨੇਮੇ ਦੇ ਅੰਦਰ ਜਾ ਕੇ ਬੈਠਣਾ ਹੀ ਠੀਕ ਸਮਝਿਆ। ਉਸ ਦੇ ਸਵੈਟਰ ਥੱਲੇ ਦਿੱਤਾ ਬਟੂਆ ਥੱਲੇ ਨੂੰ ਖਿਸਕ ਰਿਹਾ ਸੀ। ਉਸ ਦਾ ਸਵੈਟਰ ਵੀ ਬਟੂਏ ਵਾਲੀ ਥਾਂ ਤੋਂ

198

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ