ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/199

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਉੱਚਾ ਉੱਚਾ ਦਿਸ ਰਿਹਾ ਸੀ। ਸੋ, ਉਹ ਚਾਹੁੰਦਾ ਸੀ ਕਿ ਅੰਦਰ ਜਾ ਕੇ ਸੀਟ ’ਤੇ ਬੈਠ ਕੇ ਉਹ ਸਵੈਟਰ ਥੱਲਿਓਂ ਬਟੂਆ ਕੱਢੇ ਤੇ ਕੋਟ ਦੀ ਜੇਬ੍ਹ ਵਿੱਚ ਪਾ ਲਵੇ।

ਆਪਣੀਆਂ ਸੀਟਾਂ ’ਤੇ ਉਹ ਬੈਠੇ ਸਨ।‘ਚਾਹ ਪੀਣੀਐ, ਰਮੇਸ਼?' ਹੁਕਮ ਚੰਦ ਹੌਲੀ ਹੌਲੀ ਪੁੱਛ ਰਿਹਾ ਸੀ। ਰਮੇਸ਼ ਕਹਿ ਰਿਹਾ ਸੀ- ‘ਚੱਲ ਛੱਡ ਯਾਰ ਚਾਹ ਇਹ ਚੰਗੀ ਜਿਹੀ ਨਹੀਂ ਹੁੰਦੀ।' 'ਐਂਡ' ਤੋਂ ਬਾਅਦ ਬਾਹਰ ਜਾ ਕੇ ਹੀ ਪੀਵਾਂਗੇ।

ਚਾਹ ਵੇਚਣ ਵਾਲੇ, ਮੂੰਗਫ਼ਲੀ ਵਾਲੇ ਤੇ ਦਾਲ ਭੁਜੀਆ ਦਾ ਹੋਕਾ ਦੇਣ ਵਾਲਿਆਂ ਨੇ ਕਾਵਾਂ ਰੌਲੀ ਪਾਈ ਹੋਈ ਸੀ। ਵੱਖ-ਵੱਖ ਕਿਸਮ ਦੀਆਂ ਆਵਾਜ਼ਾਂ ਉੱਚੀਆਂ ਤੇ ਨੀਵੀਂਆਂ, ਕੰਨ ਪਾੜਵੀਆਂ ਤੇ ਭੱਦੀਆਂ ਸੁਸਤ ਧੁਨੀਆਂ। ਬੱਤੀਆਂ ਬੁਝ ਗਈਆਂ ਸਨ। ਦਰਵਾਜ਼ੇ ਬੰਦ ਹੋ ਗਏ ਸਨ। ਸਕਰੀਨ 'ਤੇ ਸਿਲਾਈਡਾਂ ਚੱਲ ਰਹੀਆਂ ਸਨ। ਚਾਹ, ਮੂੰਗਫ਼ਲੀ ਤੇ ਦਾਲ ਭੁਜੀਆ ਦੇ ਹੋਕਰੇ ਹੋਰ ਤੇਜ਼ ਹੋਰ ਉੱਚੇ ਹੋ ਗਏ ਸਨ। ਰਮੇਸ਼ ਨੇ ਸਵੈਟਰ ਥੱਲਿਓਂ ਬਟੂਆ ਕੱਢ ਕੇ ਕੋਟ ਦੀ ਅੰਦਰਲੀ ਜੇਬ ਵਿੱਚ ਪਾ ਲਿਆ ਸੀ ਤੇ ਆਰਾਮ ਦਾ ਸਾਹ ਲਿਆ ਸੀ।

ਫ਼ਿਲਮ ਸ਼ੁਰੂ ਹੋਈ ਤਾਂ ਹਾਲ ਵਿੱਚ ਖ਼ਾਮੋਸ਼ੀ ਵੀ ਸ਼ੁਰੂ ਹੋ ਗਈ। ਦੋ ਮਿੰਟਾਂ ਵਿੱਚ ਹੀ ਬਿਲਕੁੱਲ ਚੁੱਪ ਚਾਪ। ਕੋਈ ਵੀ ਨਹੀਂ ਸੀ ਬੋਲ ਰਿਹਾ। ਫ਼ਿਲਮ ਚੱਲ ਰਹੀ ਸੀ। ਰਮੇਸ਼ ਦਾ ਧਿਆਨ ਫ਼ਿਲਮ ਵਿੱਚ ਨਹੀਂ ਸੀ। ਉਸ ਦੀ ਨਿਗਾਹ ਅੱਗੇ ਪਿੱਛੇ ਤੇ ਸੱਜੇ ਖੱਬੇ ਬੈਠੇ ਹੋਏ ਲੋਕਾਂ ਵੱਲ ਦੌੜ ਰਹੀ ਸੀ। ਮੂੰਗਫ਼ਲੀਆਂ ਭੰਨ੍ਹੀਆਂ ਜਾ ਰਹੀਆਂ ਸਨ, ਕਿਰੜ ਕਿਰੜ... ਕਿੜ ਕਿ ...। ਰਮੇਸ਼ ਦੇ ਦਿਮਾਗ਼ ਵਿੱਚ ਇੱਕੋ ਖ਼ਿਆਲ ਘੁੰਮ ਰਿਹਾ ਸੀ। ਬਟੂਏ ਵਿੱਚ ਹੈ ਕੀ?

ਕੋਲ ਬੈਠੇ ਹੁਕਮ ਚੰਦ ਤੇ ਹੋਰ ਬੰਦਿਆਂ ਤੋਂ ਲਕੋਅ ਕੇ ਉਸ ਨੇ ਕੋਟ ਦੀ ਜੇਬ ਵਿਚੋਂ ਬਟੂਆ ਕੱਢਿਆ ਤੇ ਆਪਣੀ ਬੁੱਕਲ ਵਿੱਚ ਹੀ ਉਸ ਦੇ ਅੰਦਰਲੇ ਦੋਵੇਂ ਖਾਨੇ ਫਰੋਲੇ। ਕੁਝ ਮੋਟੇ-ਮੋਟੇ ਕਾਗਜ਼ ਰੜਕੇ। ਉਸ ਨੇ ਅੰਦਾਜ਼ਾ ਲਾਇਆ ਜਿਵੇਂ ਕਾਫ਼ੀ ਸਾਰੇ ਨੋਟ ਹੋਣ।

ਹੁਣ ਉਸ ਨੂੰ ਡਰ ਸੀ ਕਿ ਇਹ ਬਟੂਆ ਕਿਤੇ ਉਸ ਦੇ ਪਿੱਛੇ ਬੈਠੇ ਬੰਦੇ ਦਾ ਨਾ ਹੋਵੇ। ਪਿੱਛੋਂ ਤਿੰਨ ਚਾਰ ਬੰਦਿਆਂ ਵਿਚੋਂ ਕਿਸੇ ਦਾ ਵੀ ਹੋ ਸਕਦਾ ਹੈ। ਅਚਾਨਕ ਕਿਸੇ ਨੇ ਜੇਬ ਟੋਹੀ ਤਾਂ ਬੁੜ੍ਹਕ ਉੱਠੇਗਾ। ਹੋ ਸਕਦਾ ਹੈ, ਅੱਗੇ ਬੈਠੇ ਬੰਦਿਆਂ 'ਚੋਂ ਹੀ ਕਿਸੇ ਦਾ ਹੋਵੇ। ਸ਼ਾਇਦ ਹੁਕਮ ਚੰਦ ਦਾ ਹੀ ਹੋਵੇ। ਹੁਕਮ ਚੰਦ ਦਾ ਹੋਵੇਗਾ। ਰਮੇਸ਼ ਦਾ ਧਿਆਨ ਫ਼ਿਲਮ ਵਿੱਚ ਬਿਲਕੁੱਲ ਨਹੀਂ, ਉਹ ਸੋਚ ਰਿਹਾ ਸੀ ਕਿ ਹੁਕਮ ਚੰਦ ਨੂੰ ਹੌਲੀ ਜਿਹੀ ਪੁੱਛ ਲਵੇ-ਤੇਰਾ ਬਟੂਆ ਹੁਕਮ ਚੰਦ ਦੀ ਜਬ੍ਹ 'ਚ ਹੈਗਾ? ਪਰ ਉਸ ਨੇ ਨਾਲ ਦੀ ਨਾਲ ਸੋਚਿਆ ਕਿ ਜੇ ਹੁਕਮ ਚੰਦ ਦਾ ਬਟੂਆ ਹੁਕਮ ਚੰਦ ਦੀ ਜੇਬ੍ਹ ਵਿੱਚ ਹੋਇਆ ਤਾਂ ਇਸ ਬਟੂਏ ਦਾ ਭੇਤ ਖੁੱਲ੍ਹ ਜਾਵੇਗਾ। ਹੁਕਮ ਚੰਦ ਨਾਲ ਕੋਈ ਬਹਾਨਾ ਲਾ ਕੇ ਬਾਹਰ ਚਲਿਆ ਜਾਵੇ। ਪਰ ਜਦ ਬਟੂਏ ਦੇ ਮਾਲਕ ਨੂੰ ਹੋਸ਼ ਆਈ ਤਾਂ ਉਹ ਸ਼ੋਰ ਮਚਾਏਗਾ ਤੇ ਨੇੜੇ ਤੇੜੇ ਬੈਠੇ ਲੋਕਾਂ ਨੂੰ ਸ਼ੱਕ ਹੋ ਜਾਵੇਗਾ ਕਿ ਜੋ ਬੰਦਾ ਉੱਠ ਕੇ ਬਾਹਰ ਗਿਆ ਹੈ, ਉਹੀ ਬਟੂਆ ਲੈ ਗਿਆ ਹੈ। ਉਹ ਥਾਏਂ ਬੈਠਾ ਰਿਹਾ। ਸਕਰੀਨ 'ਤੇ ਪਤਾ ਨਹੀਂ ਕੀ ਹੋ ਰਿਹਾ ਸੀ।

ਫ਼ਿਲਮ ਸਮਾਪਤ ਹੋਈ। ਸਾਰੇ ਲੋਕ ਜਨ ਗਣ ਮਨ ਲਈ ਖੜ੍ਹੇ ਹੋ ਗਏ। ਰਮੇਸ਼ ਨੂੰ ਮਹਿਸੂਸ ਹੋਇਆ ਕਿ ਹੁਣ ਉਸ ਦੇ ਪਿੱਛੇ ਖੜ੍ਹਾਂ ਬੰਦਾ ਆਪਣੀ ਜੇਬ ਟੋਹੇਗਾ ਤੇ ਉਸ

ਡਰਿਆ ਹੋਇਆ ਆਦਮੀ

199