ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/203

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਬਈ, ਦਮੋਦਰ, ਐਕਸਕਿਊਜ਼....।’ ਮੇਰੇ ਮੋਢੇ 'ਤੇ ਹੱਥ ਮਾਰ ਕੇ ਉਹ ਮੇਰੇ ਕੋਲ ਹੀ ਪਲੰਘ 'ਤੇ ਬੈਠ ਗਿਆ ਹੈ। ਉਸ ਦੀ ਬੀਵੀ ਰਸੋਈ ਵਿੱਚ ਹੈ। ਉਸ ਨੇ ਹੌਲੀ ਦੇ ਕੇ ਮੈਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਦਫ਼ਤਰ ਦੀ ਇੱਕ ਟਾਈਪਿਸਟ ਕੁੜੀ ਅੱਜ ਹੀ ਵਿਆਹ ਕਰਵਾ ਕੇ ਵਾਪਸ ਆਈ ਹੈ। ਉਸ ਦੀ ਚਾਹ ’ਤੇ ਬੈਠੇ ਰਹੇ। ਦਫ਼ਤਰ ਵਿੱਚ ਹੀ...! ਕੰਟੀਨ ਦੀ ਚਾਹ ਅਤੇ ਹੋਰ ਨਿੱਕ ਸੁੱਕ, ਬੱਸ, ਚਾਰ ਪੰਜ ਬੰਦੇ ਸਾਂ। ਪੰਦਰਾਂ ਵੀਹ ਮਿੰਟ ਦਾ ਹੀ ਪ੍ਰੋਗਰਾਮ ਸੀ, ਪਰ ਰਾਕੇਸ਼ ਬੜਾ ਹਜ਼ਰਤ ਹੈ। ਕੁੜੀ ਤੋਂ ਉਸ ਦੇ ਹਸਬੈਂਡ ਦੀ ਵਾਕਫ਼ੀਅਤ ਲੈਣ ਲੱਗ ਪਿਆ। ਕੁੜੀ ਕਿਹੜਾ ਘੱਟ ਸੀ। ਸਾਡੀ ਦਿਲਚਸਪੀ ਵੀ ਬਣ ਗਈ। ਬੱਸ, ਦੇਖ ਲਓ ਇਹ ਟਾਈਮ ਹੋ ਗਿਆ। ਤੂੰ ਤਾਂ ਯਾਰ, ਮੈਨੂੰ ਯਾਦ ਨਹੀਂ ਸੀ ਰਿਹਾ।

ਜਗਦੇਵ ਮੇਰਾ ਜਮਾਤੀ ਹੈ। ਐੱਫ. ਏ. ਕਰਕੇ ਉਹ ਕਲਰਕ ਬਣ ਗਿਆ ਸੀ। ਮੈਂ ਬੀ. ਏ. ਕਰ ਲਈ ਸੀ ਤੇ ਫਿਰ ਬੀ. ਐੱਡ. ਕਰਕੇ ਮਾਸਟਰ ਲੱਗ ਪਿਆ ਸੀ। ਉਸ ਦੀ ਬੀਵੀ ਜੇ. ਬੀ. ਟੀ. ਹੈ। ਹੈ ਤਾਂ ਸਾਡੇ ਸਕੂਲ ਵਿੱਚ ਹੀ, ਪਰ ਸਾਡੇ ਸਕੂਲ ਦੀ ਪ੍ਰਾਇਮਰੀ ਬ੍ਰਾਂਚ ਵਿੱਚ ਪੜ੍ਹਾਉਂਦੀ ਹੈ। ਪ੍ਰਾਇਮਰੀ ਬ੍ਰਾਂਚ ਭਾਵੇਂ ਸਾਡੇ ਸਕੂਲ ਦੇ ਨੇੜੇ ਹੀ ਹੈ, ਪਰ ਉਨ੍ਹਾਂ ਦੇ ਅਧਿਆਪਕ ਅਧਿਆਪਕਾਵਾਂ ਨਾਲ ਸਾਡੀ ਮੁਲਾਕਾਤ ਘੱਟ ਹੀ ਹੁੰਦੀ ਹੈ। ਕਦੇ ਕਦੇ ਕੋਈ ਮਿਲਦਾ ਹੈ।

ਜਗਦੇਵ ਪਲੰਘ ਤੋਂ ਉੱਠ ਕੇ ਕੁਰਸੀ 'ਤੇ ਬੈਠ ਗਿਆ ਹੈ। ਸਾਹਮਣੇ ਮੇਜ਼ 'ਤੇ ਉਸ ਨੇ ਇੱਕ ਲੱਤ ਰੱਖ ਲਈ ਹੈ। ਮੇਜ਼ ਪੋਸ਼ ਸ਼ਾਇਦ ਕੁਝ ਕੁਝ ਸਿਲਕੀ ਹੈ, ਇਸੇ ਕਰਕੇ ਮੇਜ਼ ਤੋਂ ਥੋੜ੍ਹਾ ਥੋੜ੍ਹਾ ਰਿਸਕ ਰਿਹਾ ਹੈ। ਮੈਂ ਗਹੁ ਨਾਲ ਕਮਰੇ ਦੀਆਂ ਦੀਵਾਰਾਂ ਵੱਲ ਦੇਖ ਰਿਹਾ ਹਾਂ। ਇਕਦਮ ਮੇਰਾ ਧਿਆਨ ਜਗਦੇਵ ਵੱਲ ਹੋਇਆ ਹੈ। ਉਹ ਮੇਰੇ ਵੱਲ ਇੱਕ ਟੱਕ ਦੇਖ ਰਿਹਾ ਹੈ। ਉਸ ਦੇ ਬੁੱਲ੍ਹ ਫਰਕੇ ਹਨ। ਸ਼ਾਇਦ ਕੁਝ ਕਹਿਣਾ ਚਾਹੁੰਦਾ ਹੈ। ਉਸ ਦੀ ਬੀਵੀ ਚਾਹ ਦੀ ਕੇਤਲੀ ਲੈ ਕੇ ਮੇਜ਼ ਕੋਲ ਆ ਖੜ੍ਹੀ ਹੈ। ਉਹ ਇੱਕ ਲੱਖਤ ਆਪਣੀ ਲੱਤ ਮੇਜ਼ ਤੋਂ ਥੱਲੇ ਕਰਦਾ ਹੈ। ਮੇਜ਼ ਪੋਸ਼ ਤਿਲ੍ਹਕ ਕੇ ਫ਼ਰਸ਼ 'ਤੇ ਡਿੱਗ ਪਿਆ ਹੈ। ਜਗਦੇਵ ਨੇ ਉਸ ਨੂੰ ਫ਼ਰਸ਼ ਤੋਂ ਚੁੱਕ ਕੇ ਝਾੜਿਆ ਹੈ 'ਤੇ ਮੇਜ਼ 'ਤੇ ਸੰਵਾਰ ਕੇ ਵਿਛਾ ਦਿੱਤਾ ਹੈ। ਬੀਵੀ ਨੇ ਕੇਤਲੀ ਮੇਜ਼ 'ਤੇ ਰੱਖ ਦਿੱਤੀ ਹੈ। ਦੋ ਪਲੇਟਾਂ ਤੇ ਦੋ ਪਿਆਲੇ ਵੀ ਲਿਆ ਦਿੱਤੇ ਹਨ। ਇੱਕ ਹੋਰ ਪਲੇਟ ਵਿੱਚ ਬਿਸਕੁਟ ਰੱਖ ਦਿੱਤੇ ਹਨ। ਕੱਚ ਦੇ ਗਲਾਸ ਵਿੱਚ ਚਾਹ ਪਾ ਕੇ ਉਹ ਸਾਡੇ ਕੋਲ ਹੀ ਅਰਾਮ ਕੁਰਸੀ 'ਤੇ ਬੈਠ ਗਈ ਹੈ। ਮੈਂ ਇੱਕ ਘੁੱਟ ਭਰੀ ਹੈ। ਬਿਸਕੁੱਟ ਚੁੱਕਿਆ ਹੈ। ਮੇਰੀ ਨਿਗਾਹ ਟੇਬਲ ਲੈਂਪ ਕੋਲ ਪਏ ਫਰੇਮ ’ਤੇ ਜਾ ਪਹੁੰਚੀ ਹੈ।

'ਇਹ ਕਿਸ ਦੀ ਤਸਵੀਰ ਐ, ਜਗਦੇਵ?

'ਪਹਿਚਾਣ ਤਾਂ ਭਲਾ, ਕਿਸ ਦੀ ਐ?

ਪਿਆਲਾ ਮੇਜ਼ 'ਤੇ ਰੱਖ ਕੇ ਮੈਂ ਫਰੇਮ ਨੂੰ ਚੁੱਕਿਆ ਹੈ ਤੇ ਤਸਵੀਰ ਨੂੰ ਬਹੁਤ ਧਿਆਨ ਨਾਲ ਦੇਖਿਆ ਹੈ। ਬਹੁਤ ਸੋਹਣੀ ਔਰਤ ਹੈ, ਪਰ ਮੈਨੂੰ ਕੋਈ ਪਤਾ ਨਹੀਂ ਕਿ ਇਹ ਔਰਤ ਹੈ ਕੌਣ। ਕੋਈ ਐਕਟ੍ਰੈੱਸ? ਆਰਟਿਸਟ? ਕੋਈ ਪੋਲੀਟੀਕਲ ਲੀਡਰ? ਜਾਂ ਕੋਈ ਸਮਗਲਰ? ਸ਼ਾਇਦ ਕੋਈ ਐਥਲੀਟ? ਮੈਨੂੰ ਕੋਈ ਪਤਾ ਨਹੀਂ, ਪਰ ਹੈ ਅਖ਼ਬਾਰ ਦੀ ਕਟਿੰਗ। ਜੇ ਇਹ ਉਰਿਜਨਲ ਫ਼ੋਟੋ ਹੁੰਦੀ ਤਾਂ ਸ਼ਾਇਦ ਨਾਲ ਜਗਦੇਵ ਦਾ ਕੋਈ ਨਿੱਜੀ ਸਬੰਧ ਹੁੰਦਾ।

ਫਰੇਮ

203