ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/212

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਾਂ ਪਾ ਕੇ ਫੇਰ ਕਾਟੂ ਵੀ ਮਰ ਗਿਆ। ਜੈਨਾਂ ਉਹ ਤੋਂ ਦੋ ਤਿੰਨ ਸਾਲ ਬਾਅਦ ਵਿੱਚ ਮਰੀ। ਘਰ ਵਿੱਚ ਹੁਣ ਪਾਖਰ ਸੀ ਤੇ ਉਹ ਦੀ ਹੌਲਦਾਰਨੀ ਕੈਲੋ। ਉਹ ਪਹਿਲੇ ਦਿਨੋ ਰੋਟੀ ਟੁੱਕ ਦਾ ਕੰਮ ਨਹੀਂ ਜਾਣਦੀ ਸੀ। ਪਾਖਰ ਉਹ ਨੂੰ ਕਿਸੇ ਗੱਲ ਤੋਂ ਵਰਜਦਾ ਟੋਕਦਾ ਵੀ ਨਾ। ਚੁੱਲ੍ਹੇ ਦਾ ਕੰਮ ਆਪ ਕਰਦਾ। ਉਹ ਦਿਨ ਚੜ੍ਹੇ ਤੱਕ ਮੰਜੇ 'ਤੇ ਪਈ ਰਹਿੰਦੀ। ਉਹ ਉਹ ਨੂੰ ਸੁੱਤੀ ਪਈ ਨੂੰ ਉਠਾ ਕੇ ਚਾਹ ਪਿਆਉਂਦਾ। ਫੇਰ ਉਹ ਬਾਹਰ ਅੰਦਰ ਜਾ ਕੇ ਨ੍ਹਾਉਂਦੀ। ਕੱਪੜਾ ਲੀੜਾ ਧੋ ਲੈਂਦੀ। ਪਹਿਨ ਪੱਚਰ ਕੇ ਬੈਠ ਜਾਂਦੀ। ਅੱਖਾਂ ਵਿੱਚ ਸੁਰਮਾ ਪਾ ਕੇ ਰੱਖਦੀ। ਪਾਖਰ ਜਦੋਂ ਏਧਰ ਓਧਰ ਹੋ ਜਾਂਦਾ ਤਾਂ ਉਹ ਘਰ ਨੂੰ ਜਿੰਦਾ ਲਾਉਂਦੀ ਤੇ ਜਿੱਧਰ ਜੀ ਕਰਦਾ ਉੱਠ ਤੁਰਦੀ।

ਪਾਖਰ ਜ਼ਮੀਨ ਨੂੰ ਹਿੱਸੇ 'ਤੇ ਦੇ ਕੇ ਰੱਖਦਾ। ਦਾਣੇ ਬਹੁਤ ਆ ਜਾਂਦੇ। ਗ਼ਰੀਬ ਗੁਰਬਿਆਂ ਨੂੰ ਵਿਆਜੂ ਰੂਪਈਆਂ ਵੀ ਦਿੰਦਾ। ਡੂਢੀਆਂ ਸਵਾਈਆਂ ’ਤੇ ਦਾਣੇ ਵੀ। ਕੈਲੋ ਜੋ ਮੰਗਦੀ, ਦਿੰਦਾ ਰਹਿੰਦਾ। ਉਹ ਦੂਜੇ ਤੀਜੇ ਮਹੀਨੇ ਨਵਾਂ ਸੂਟ ਲੈਂਦੀ। ਪੈਰਾਂ ਵਿੱਚ ਨਵੀਂ ਕੱਢਵੀਂ ਜੁੱਤੀ ਪਾਉਂਦੀ। ਦੋਵੇਂ ਬਾਹਾਂ ਚੂੜੀਆਂ ਨਾਲ ਭਰੀਂ ਰੱਖਦੀ। ਕੰਨਾਂ ਵਿੱਚ ਸੋਨੇ ਦੇ ਕਾਂਟੇ, ਕਦੇ ਬਾਲੀਆਂ ਤੇ ਨੱਕ ਵਿੱਚ ਸੋਨੇ ਦਾ ਵੱਡਾ ਕੋਕਾ,ਗਲ ਵਿੱਚ ਸਦਾ ਵਾਂਗ ਸੋਨੇ ਦੀ ਤਵੀਤੀ, ਕਾਲੇ ਧਾਗੇ ਵਿੱਚ ਪਰੋਈ ਹੋਈ।

ਛੋਟੀ ਹੁੰਦੀ ਇੱਕ ਵਾਰ ਉਹ ਰਿਹਾੜ ਪੈ ਗਈ- 'ਪਾਖਰਾ, ਮੈਂ ਤਾਂ ਕਬੂਤਰ ਲੈਣੇ ਨੇ।'

ਉਹ ਨੇ ਕਿਧਰੋਂ ਇੱਕ ਕਬੂਤਰ ਤੇ ਇੱਕ ਕਬੂਤਰੀ ਲਿਆ ਦਿੱਤੀ। ਤਖਾਣਾਂ ਦੇ ਜਾ ਕੇ ਕਬੂਤਰਾਂ ਦੀ ਛਤਰੀ ਬਣਵਾਈ। ਘਰ ਦੇ ਇੱਕ ਖੂੰਜੇ ਕਬੂਤਰਾਂ ਦਾ ਖੁੱਡਾ ਵੀ। ਕੈਲੋ ਕਬੂਤਰ ਉਡਾਉਂਦੀ ਤੇ ਸਾਰਾ ਸਾਰਾ ਦਿਨ ਉਨ੍ਹਾਂ ਵਿੱਚ ਹੀ ਪਰਚੀ ਰਹਿੰਦੀ। ਪਿੰਡ ਦੇ ਕਬੂਤਰਬਾਜ਼ਾਂ ਕੋਲ ਜਾਂਦੀ। ਉਹ ਵੀ ਉਨ੍ਹਾਂ ਦੇ ਘਰ ਆਉਣ ਲੱਗੇ। ਕੈਲੋ ਆਪ ਵੀ ਤਾਂ ਕਬੂਤਰੀ ਵਰਗੀ ਸੀ। ਖੰਭਾਂ ਨੂੰ ਫੜਫੜਾਉਂਦੀ ਤੇ ਗੁਟਕਦੀ।

ਕਬੂਤਰ ਛੱਡੇ ਤਾਂ ਬੱਕਰੀ ਲੈ ਲਈ। ਫੇਰ ਕਹਿੰਦੀ- ਮੈਂ ਤਾਂ ਆਪ ਜਾਇਆ ਕਰੂੰ ਖੇਤਾਂ 'ਚ ਬੱਕਰੀ ਚਾਰਨ।'

ਹਰਸਾ ਸਿੰਘ ਬਜ਼ੁਰਗ ਬੰਦਾ ਸੀ। ਟੰਗਾ ਲੰਮੀਆਂ, ਤਿੱਗ ਛੋਟਾ। ਉਹ ਦੀਆਂ ਪਿੰਜਣੀਆਂ ’ਤੇ ਮੋਟੀਆਂ ਮੋਟੀਆਂ ਨਾੜਾ ਰੱਸੀਆਂ ਵਰਗੀਆਂ ਉੱਭਰ ਆਈਆਂ ਸਨ। ਉਹ ਕੁੜਤੇ ਥੱਲੇ ਜਾਂਘੀਆਂ ਪਾ ਕੇ ਰੱਖਦਾ। ਚਾਦਰਾ ਕਦੇ ਨਹੀਂ ਬੰਨ੍ਹਿਆਂ ਸੀ। ਸਿਰ 'ਤੇ ਸਮੋਸਾ ਬੰਨ੍ਹਦਾ। ਉਹਦੀਆਂ ਅੱਖਾਂ ਹਮੇਸ਼ਾ ਲਾਲ ਰਹਿੰਦੀਆਂ। ਮੁੱਛਾਂ ਨਹੀਂ ਸਨ, ਦਾੜ੍ਹੀ ਖੋਦੀ ਸੀ। ਦੇਖਣ ਵਿੱਚ ਉਹ ਆਦਮੀ ਦਾ ਵਿਗੜਿਆ ਰੂਪ ਸੀ। ਉਹ ਨੇ ਜੁਆਨੀ ਪਹਿਰੇ ਵੀ ਬੱਕਰੀਆਂ ਚਾਰੀਆਂ ਸਨ। ਫੇਰ ਚੱਕੀ ਫਿੱਟਰ ਬਣ ਗਿਆ। ਕਿੰਨੇ ਹੀ ਵਰ੍ਹੇ ਆਟਾ ਪੀਹਣ ਦੀ ਮਸ਼ੀਨ ’ਤੇ ਨੌਕਰੀ ਕੀਤੀ। ਉਹ ਦੀ ਮਾਂ ਅਜੇ ਜਿਉਂਦੀ ਸੀ ਉਹ ਤੋਂ ਵੀਹ ਵਰ੍ਹੇ ਵੱਡੀ। ਕਾਠੀ ਚੀੜ੍ਹੀ ਸੀ ਬੁੜ੍ਹੀ ਦੀ। ਰੋਟੀ ਟੁੱਕ ਦਾ ਸਭ ਕਰ ਲੈਂਦੀ। ਹਰਸੇ ਕੋਲ ਸੱਤ ਅੱਠ ਬੱਕਰੀਆਂ ਸਨ। ਵਧ ਘਟ ਵੀ ਜਾਂਦੀਆਂ। ਇੱਕ ਬੋਕ। ਸੱਚ ਜਾਣੋ ਤਾਂ ਹਰਸਾ ਸਿਉਂ ਤੇ ਬੋਕ ਵਿੱਚ ਕੋਈ ਫ਼ਰਕ ਨਹੀਂ ਸੀ। ਬੋਕ ਵਿਚੋਂ ਮੁਸ਼ਕ ਮਾਰਦਾ ਸੀ ਤਾਂ ਹਰਸੇ ਵਿਚੋਂ ਵੀ। ਉਹ ਵਰ੍ਹੇ ਛਮਾਹੀ ਹੀ ਕਦੇ ਨ੍ਹਾਉਂਦਾ ਸੀ।

212

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ