ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/213

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਖਰ ਨੇ ਹਰਸੇ ਦੀਆਂ ਬੱਕਰੀਆਂ ਵਿੱਚ ਬੱਕਰੀ ਰਲਾ ਦਿੱਤੀ। ਨਾਲ ਹੀ ਤੋਰ ਦਿੱਤਾ ਕੈਲੋ ਨੂੰ। ਬੱਕਰੀ ਸੂਈ ਹੋਈ ਸੀ। ਪਾਖਰ ਬੱਕਰੀ ਦੇ ਥਣਾਂ ਨੂੰ ਜੁੱਟੀਆਂ ਲਾ ਕੇ ਭੇਜਦਾ। ਹੱਸਦਾ-ਹੱਸਦਾ ਤਾੜ ਵੀ ਦਿੰਦਾ- 'ਹਰਸਿਆ, ਜੁੱਟੀਆਂ ਦੀ ਬਿੜਕ ਰੱਖੀਂ। ਲਹਿ ਨਾ ਜਾਣ ਤੇ ਕੈਲੋ ਦੀ ਵੀ, ਇਹ ਦੀਆਂ ਜੁੱਤੀਆਂ ਵੀ ਨਾ ਲਾਹ ’ਲੇ ਕੋਈ।

ਹਰਸਾ ਚੁੱਪ ਚੁਪੀਤਾ ਹੀ ਉਹ ਦੀ ਗੱਲ ਸੁਣਦਾ। ਹਾਸਾ ਉਹ ਨੂੰ ਕਿੱਥੇ ਆਉਂਦਾ ਸੀ।

ਕੈਲੋ ਬੱਕਰੀਆਂ ਵਿੱਚ ਬੱਸ ਜਿਵੇਂ ਬੱਕਰੀ ਹੋਵੇਂ ਇੱਕ। ਹਰਸੇ ਦੇ ਮਗਰ ਮੈਂ ਮੈਂ ਕਰਦੀ। ਖੇਤਾਂ ਵਿੱਚ ਅਵਾਰਾ ਪਸ਼ੂ ਵਾਂਗ ਰਹਿਣਾ ਉਹ ਨੂੰ ਚੰਗਾ ਲੱਗਦਾ। ਬੋਕ ਤੋਂ ਉਹ ਡਰਦੀ ਨਹੀਂ ਸੀ, ਸਗੋ ਬੋਕ ਨੂੰ ਆਪਣੀਆਂ ਹਥੇਲੀਆਂ ਚਟਾਉਂਦੀ।

ਹਰਸਾ ਸਿੰਘ ਨ੍ਹਾਉਣ ਲੱਗ ਪਿਆ। ਕੁੜਤੇ ਥੱਲੇ ਦੀ ਚਾਦਰਾ ਬੰਨ੍ਹਦਾ। ਸਿਰ ਤੇ ਸਮੋਸੇ ਦੀ ਥਾਂ ਟਸਰੀ ਬੰਨ੍ਹਣ ਲੱਗਿਆ। ਕੈਲੋ ਖ਼ਾਤਰ ਉਹ ਚੂਰੀ ਕੁੱਟ ਕੇ ਖੇਤ ਨੂੰ ਲਿਜਾਂਦਾ, ਵਿੱਚ ਨੁੱਚੜਵਾਂ ਘਿਓ ਪਾ ਕੇ।

ਪਾਲੀ ਮੁੰਡੇ ਹਰਸੇ ਨੂੰ ਸੁਣਾ ਸੁਣਾ ਆਖਦੇ- 'ਪੱਠ ’ਤੇ ਹੱਕ ਸਾਡਾ ਐ ਓਏ, ਬੋਕਾ।'

ਅਗਵਾੜ ਦੇ ਬੰਦੇ ਪਾਖਰ ਨੂੰ ਸਮਝੌਤੀਆਂ ਦਿੰਦੇ- ‘ਹੌਲਦਾਰਾ, ਕੈਲੋ ਹੁਣ ਉਡਾਰ ਹੋ ’ਗੀ। ਉਹ ਨੂੰ ਖੇਤ ਨਾ ਭੇਜਿਆ ਕਰ।'

ਉਹ ਤਾੜੀ ਮਾਰ ਕੇ ਹੱਸਦਾ- 'ਓਏ ਚੱਲ, ਤੁਰ ਫਿਰ ਆਉਂਦੀ ਐ। ਘਰੇ ਕਿਹੜਾ ਉਹ ਨੇ ਛੋਪ ਕੱਤਣੈ।'

'ਓਏ ਖੇਤੋਂ ਉਹ ਨੂੰ ਲੈ ਜੂ ਕੋਈ ਕਿਧਰੇ। ਆਵਦੇ ਦਰਵਾਜ਼ਿਓਂ ਅੰਦਰ ਰੱਖ,ਮੂਰਖਾ।'

‘ਹਰਾ ਕਿੰਨਾ ਵੀ ਚਰਦੀ ਫਿਰੇ। ਜਾਂਦੀ ਨ੍ਹੀ ਉਹ।’ ਗੱਲ ਆਖ ਕੇ ਪਾਖਰ ਮੂੰਹ ਮੀਚ ਲੈਂਦਾ।

ਖੇਤਾਂ ਵਿੱਚ ਪਾਲੀ ਮੁੰਡਿਆਂ ਨੇ ਉਹ ਦਾ ਜਿਉਣਾ ਦੁੱਭਰ ਕਰ ਦਿੱਤਾ। ਹਰਸਾ ਸਿਉਂ ਨੂੰ ਕੋਈ ਕੀ ਸਮਝਦਾ ਸੀ। ਕੈਲੋ ਨੂੰ ਬਾਹੋਂ ਫੜ ਕੇ ਕੋਈ ਕਿਧਰੇ ਵੀ ਲੈ ਤੁਰਦਾ।

ਬੱਕਰੀ ਪਿੱਛੋਂ ਫੇਰ ਉਹ ਨੇ ਮੁਰਗੀਆਂ ਰੱਖੀਆਂ। ਕਬੂਤਰਾਂ ਵਾਲਾ ਖੁੱਡਾ ਓਵੇਂ ਦੀ ਓਵੇਂ ਪਿਆ ਸੀ। ਦੋ ਮੁਰਗੀਆਂ ਦੇ ਇੱਕ ਮੁਰਗਾ। ਰੂੜ੍ਹੀਆਂ 'ਤੇ ਤੁਰਦੇ ਫਿਰਦੇ ਤੇ ਠੁੱਗਾਂ ਮਾਰਦੇ ਜਾਨਵਰ ਕੈਲੋ ਨੂੰ ਚੰਗੇ ਲੱਗਦੇ। ਆਥਣ ਵੇਲੇ ਉਹ ਉਨ੍ਹਾਂ ਨੂੰ ਸ਼ਿਸ਼ਕੇਰ ਲਿਆਉਂਦੀ ਤੇ ਖੁੱਡੇ ਵਿੱਚ ਬੰਦ ਕਰ ਦਿੰਦੀ।

ਉਹ ਚੌਵੀ ਪੱਚੀ ਸਾਲ ਦੀ ਹੋਵੇਗੀ, ਜਦੋਂ ਪਿੰਡ ਵਿੱਚ 'ਪੁੱਛਿਆ’ ਦੇਣ ਵਾਲੇ 'ਚੇਲੇ' ਆਏ। ਪਿੰਡ ਤੋਂ ਬਾਹਰ ਇੱਕ ਉਜੜੇ ਹੋਏ ਡੇਰੇ ਵਿੱਚ ਉਹ ਆਪਣਾ ‘ਦੀਵਾਨ' ਲਾਉਂਦੇ।‘ਦੀਵਾਨ’ ਰਾਤ ਨੂੰ ਖਾਓ ਪੀਓ ਵੇਲੇ ਤੋਂ ਪਿੱਛੋਂ ਸ਼ੁਰੂ ਹੁੰਦਾ ਤੇ ਤੜਕੇ ਤੱਕ ਚੱਲਦਾ ਰਹਿੰਦਾ। ‘ਚੇਲੇ’ ਦਿਨ ਵੇਲੇ ਵੀ ਓਥੇ ਹੀ ਰਹਿੰਦੇ। ਦੂਰ ਦੂਰ ਦੇ ਪਿੰਡਾਂ ਤੋਂ ਲੋਕ ਆਉਂਦੇ ਸਨ। 'ਕਣ' ਪਾਏ ਜਾਂਦੇ। ਚੇਲੇ ਜੀਹਦੀ ਰੇਖ ਵਿੱਚ ਮੇਖ ਮਾਰਦੇ, ਉਹ ਉਨ੍ਹਾਂ ਦਾ ਪ੍ਰਚਾਰ ਕਰਦਾ ਫਿਰਦਾ। ਭੰਬਲਭੂਸੇ ਪਿਆ ਬੰਦਾ ਚੁੱਪ ਹੋ ਜਾਂਦਾ 'ਤੇ ਆਪਣੀ ਕਿਸਮਤ ਨੂੰ ਝੂਰਦਾ।

ਅਜ਼ਾਦ ਹਵਾ

213