ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/214

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

 ਅਜੇ ਤੱਕ ਕੈਲੋ ਦੇ ਕੋਈ ਨਿਆਣਾ ਨਿੱਕਾ ਨਹੀਂ ਹੋਇਆ ਸੀ। ਪਾਖਰ ਉਹ ਨੂੰ ਚੇਲਿਆਂ ਕੋਲ ਲੈ ਗਿਆ। ਉਹ ਅਜਿਹਾ ਚੇਲਿਆਂ ਦੇ ਹੱਥ ਚੜ੍ਹੀ ਕਿ ਬੱਸ ਚੇਲਿਆਂ ਦੀ ਹੋ ਕੇ ਹੀ ਰਹਿ ਗਈ। ਇੱਕ ਸਵੇਰ ਓਦੋਂ ਹੀ ਪਤਾ ਲੱਗਿਆ, ਜਦੋਂ ਡੇਰੇ ਵਿੱਚ ਕੋਈ ਨਹੀਂ ਸੀ। ਚੇਲੇ ਪਤਾ ਨਹੀਂ ਕਿੱਧਰ ਉਡਾਰੀ ਮਾਰ ਗਏ ਸਨ। ਕੈਲੋ ਵੀ ਪਿੰਡ ਵਿੱਚ ਕਿਧਰੇ ਨਹੀਂ ਸੀ।

ਚੇਲਿਆ ਨੇ ਕਦੇ ਕਿਸੇ ਨੂੰ ਆਪਣਾ ਅਸਲੀ ਪਿੰਡ ਨਹੀਂ ਦੱਸਿਆ ਸੀ। ਉਹ ਦੋ ਸਨ। ਇਹ ਵੀ ਨਹੀਂ ਦੱਸਿਆ ਸੀ ਕਿ ਉਹ ਸਕੇ ਭਰਾ ਹਨ। ਕਹਿੰਦੇ ਸਨ- 'ਅਸੀਂ ਗੁਰ ਭਾਈ ਆਂ।'

ਤੇ ਫਿਰ ਕੋਈ ਪੰਜ ਵਰਿਆਂ ਪਿੱਛੋਂ ਏਸੇ ਪਿੰਡ ਦੇ ਇੱਕ ਬੰਦੇ ਨੇ ਆ ਕੇ ਖ਼ਬਰ ਦਿੱਤੀ। ਲੋਕਾਂ ਦੇ ਮੂੰਹ ਟੱਡੇ ਰਹਿ ਗਏ।

‘ਮੈਂ ਦੇਖਿਆ, ਕੈਲੋ ਚਰਖਾਂ ਕੱਤੀ ਜਾਵੇ। ਦਰਵਾਜ਼ੇ ਵਿੱਚ ਬੈਠੀ। ਮੈਨੂੰ ਵੀ ਉਹ ਨੇ ਪਛਾਣ ਲਿਆ ਭਾਈ ਮੈਂ ਬਥੇਰਾ ਕਹੀਆਂ ਗੱਲਾਂ ਉਹ ਨੂੰ ਪੁੱਛਿਆ- ਦੱਸ ਹੁਣ, ਤੇਰਾ ਕਿਵੇਂ ਚਿੱਤ ਐ? ਇੱਕ ਵੀ ਲਫ਼ਜ਼ ਨ੍ਹੀ ਬੋਲੀ ਭਾਈ ਉਹ ਤਾਂ। ਪਰਲ ਪਰਲ ਅੱਖਾਂ 'ਚੋਂ ਪਾਣੀ ਸਿੱਟੀ ਜਾਵੇ। ਦੇਖ ਲੈ, ਐਨੀ ਡਰਾ ਧਮਕਾ ਕੇ ਰੱਖੀ ਵਈ ਐ। ਹੁਣ ਤਾਂ ਗੋਦੀ ਮੁੰਡਾ ਵੀ ਐ ਇੱਕ।' ਤੇ ਫੇਰ ਦੱਸਣ ਵਾਲੇ ਨੇ ਦੱਸਿਆ- ‘ਚੇਲੇ ਕਿਹੜੇ, ਉਹ ਤਾਂ ਖੇਤੀ ਦਾ ਕੰਮ ਕਰਦੇ ਐ।ਮਾਰ ਫੜ ਕੇ ਵਧੀਆ ਕੰਮ ਉਹਨਾਂ ਦਾ। ਸਾਲਿਆਂ ਨੇ ਤੀਮੀਂ ਪੱਟ ਕੇ ਲਿਜਾਣੀ ਸੀ ਬੱਸ, ਲੈ ਗੇ ਉਹ ਤਾਂ ਘਰ ਵਸਾਈ ਬੈਠੇ ਨੇ।'

ਇੱਕ ਦਿਨ ਲੋਕਾਂ ਦੇ ਮੂੰਹ ਫੇਰ ਟੱਡੇ ਰਹਿ ਗਏ, ਜਦੋਂ ਸਭ ਕੁਝ ਛੱਡ ਛੁਡਾ ਕੇ ਕੈਲੋ ਪਾਖਰ ਦੇ ਘਰ ਫੇਰ ਆ ਬੈਠੀ। ਕਹਿੰਦੀ- 'ਮੁੰਡਾ ਕਿਸੇ ਦਾ ਕੀ ਫੂਕਣਾ ਸੀ ਮੈਂ। ਉਨ੍ਹਾਂ ਨੇ ਤਾਂ ਮੈਨੂੰ ਕੈਦ ਕਰਕੇ ਰੱਖਿਆ ਸੀ,ਕਸਾਈਆਂ ਨੇ। ਮੈਨੂੰ ਤਾਂ ਓਥੇ ਅੱਧਾਂ ਸਾਹ ਆਉਂਦਾ ਸੀ।'

ਪਾਖਰ ਹੱਸੀਂ ਜਾਵੇ ਤੇ ਤਾੜੀਆਂ ਮਾਰੇ- 'ਆਖਿਆ ਨ੍ਹੀ ਸੀ ਕਬੂਤਰ ਇੱਕ ਦਿਨ ਛਤਰੀ ਤੇ ਆ ਕੇ ਬੈਠੂ। ਇਹ ਖੁੱਲ੍ਹ ਖੇਡ ਹੋਰ ਕਿਧਰੇ ਨੀ ਓਏ, ਜਹਾਨਾ।'

214

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ