ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/219

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਰ, ਹਾਏ ਨੀ! ਜੇ ਕੋਈ ਮੇਰੇ ਇਸ 'ਚਾਹੁਣ' ਨੂੰ ਸੁਣ ਲਵੇ? ਕੀ ਆਖੇ? ਕਈ ਵਾਰ ਤਾਂ ਮੈਂ ਐਵੇਂ ਫ਼ਜੂਲ ਸੋਚਣ ਲੱਗ ਪੈਂਦੀ ਹਾਂ। ਕੀ ਲੱਗਦਾ ਹੈ ਜਸਵੰਤ ਮੇਰਾ?

ਉਹ ਮਾਸੀ ਦੇ ਪਿੰਡ ਦਾ ਹੈ, ਉਸੇ ਅਗਵਾੜੋਂ। ਬਸ ਐਨੀ ਕੁ ਸਾਂਝ ਹੈ। ਮਾਸੀ ਨੂੰ ਤਾਈ ਕਹਿੰਦਾ ਹੈ। ਅਗਵਾੜ ਵਿੱਚ ਲੰਘਦੀ ਤੁਰਦੀ ਤਾਈ ਨੂੰ ਉਹ ਬੁਲਾ ਲੈਂਦਾ ਹੈ। ਇੱਕ ਦਿਨ ਤਾਂ ਉਸ ਨੇ ਗੱਲਾਂ-ਗੱਲਾਂ ਵਿੱਚ ਤਾਈ ਨੂੰ ਪੁੱਛਿਆ ਹੈ-'ਤਾਈ ਥੋਡੇ ਬੀਬੀ ਜਿਹੜੀ ਰਹਿੰਦੀ ਹੈ, ਕਿਹੜੇ ਪਿੰਡੋਂ ਐ?’ ਤੇ ਇਹ ਵੀ ਕਿਹਾ ਹੈ-'ਬੀਬੀ ਸਾਊ ਬੜੀ ਐ। ਨਾ ਕਿਸੇ ਦੀ ਮੰਦੀ, ਨਾ ਚੰਗੀ।' ਇਹ ਵੀ ਆਖਿਆ-'ਮੈਂ ਤਾਂ ਸਕੂਲ ’ਚ ਕਦੇ ਬੋਲਦੀ ਈ ਨੀ ਸੁਣੀ ਵਚਾਰੀ।'

ਜਿਸ ਦਿਨ ਮਾਸੀ ਨੇ ਮੈਨੂੰ ਇਹ ਗੱਲਾਂ ਦੱਸੀਆਂ ਸਨ, ਉਸੇ ਦਿਨ ਤੋਂ ਮੇਰੇ ਅੰਦਰ ਜਸਵੰਤ ਬਾਰੇ ਇੱਕ ਅਪਣਤ ਜਿਹੀ ਜਾਗੀ ਹੋਈ ਹੈ, ਪਰ ਇਹ ਅਪਣਤ ਕਿਸ ਕਿਸਮ ਦੀ ਹੈ?

ਬੱਸ ਅੱਡੇ 'ਤੇ ਮੈਂ ਬੱਸ ਵਿੱਚੋਂ ਉਤਰਦੀ ਹਾਂ ਤੇ ਲਿੰਕ ਰੋਡ 'ਤੇ ਸਕੂਲ ਪਹੁੰਚ ਜਾਂਦੀ ਹਾਂ। ਰਾਹ ਵਿੱਚ ਮੈਨੂੰ ਹਮੇਸ਼ਾ ਹੀ ਇੱਕ ਦੋ ਸਾਈਕਲ ਆਉਂਦੇ ਟੱਕਰਦੇ ਹਨ ਤੇ ਇੱਕ ਦੋ ਕੋਲ ਦੀ ਲੰਘ ਜਾਂਦੇ ਵੀ। ਕਦੇ-ਕਦੇ ਜਸਵੰਤ ਵੀ ਕੋਲ ਦੀ ਲੰਘ ਜਾਂਦਾ ਹੈ। ਚੁੱਪ ਕੀਤਾ ਹੀ ਲੰਘ ਜਾਂਦਾ ਹੈ। ਨਾ ਟੱਲੀ ਵਜਾਉਂਦਾ ਹੈ, ਨਾ ਪੈਡਲਾਂ ਨੂੰ ਥਮਦਾ ਹੈ। ਪੈਡਲਾਂ ਨੂੰ ਥੰਮਿਆ ਜਾਵੇ ਤਾਂ ਫਰਾਈ ਵੀਲ੍ਹ ਖੜਕਦਾ ਵੀ ਕਈ ਵਾਰੀ ਟੱਲੀ ਦਾ ਕੰਮ ਦੇ ਜਾਂਦਾ ਹੈ। ਪਰ ਨਾ। ਉਹ ਤਾਂ ਇਉਂ ਕੋਲ ਦੀ ਲੰਘ ਜਾਂਦਾ ਹੈ, ਜਿਵੇਂ ਕੋਈ ਲੰਘਿਆ ਹੀ ਨਾ ਹੋਵੇ। ਮੈਂ ਉਸ ਦੀ ਪਿੱਠ ਵੱਲ ਦੇਖਦੀ ਹੀ ਰਹਿ ਜਾਂਦੀ ਹਾਂ।

ਮੈਂ ਚਾਹੁੰਦੀ ਹਾਂ ਕਿ ਜੇ ਉਹ ਟੱਲੀ ਮਾਰ ਦੇਵੇ, ਪੈਡਲ ਥੰਮ ਲਵੇ ਜਾਂ ਖੰਘ ਹੀ ਜਾਵੇ ਤਾਂ ਮੈਂ ਉਸ ਵੱਲ ਝਾਕ ਪਵਾਂ ਤੇ ਉਸ ਨੂੰ ਸਤਿ ਸ੍ਰੀ ਅਕਾਲ ਬਲਾ ਦਿਆਂ, ਪਰ ਨਹੀਂ ਉਹ ਤਾਂ ਬਿਲਕੁੱਲ ਗਿਆ ਗੁਜਰਿਆ ਹੈ। ਮੇਰੇ ਵਿੱਚ ਵੀ ਕਿੰਨਾ ਕੁ ਸਾਹਸ ਹੈ? ਜਦ ਉਹ ਕੋਲ ਦੀ ਲੰਘ ਜਾਂਦਾ ਹੈ, ਪਿੱਠ ਪਿੱਛੇ ਵੀ ਤਾਂ ਮੈਂ ਸਤਿ ਸ੍ਰੀ ਅਕਾਲ ਕਹਿ ਸਕਦੀ ਹਾਂ। ਉਹ ਕੋਈ ਬੋਲ਼ਾ ਤਾਂ ਨਹੀਂ ਕਿ ਅੱਠ ਦਸ ਗਜ਼ ਪਿੱਛੋਂ ਦੀ ਆਵਾਜ਼ ਨੂੰ ਨਾ ਸੁਣ ਸਕੇ। ਜਦ ਉਹ ਕੋਲ ਦੀ ਲੰਘਦਾ ਹੈ, ਮੈਂ ਸਗੋਂ ਸੁੰਗੜ ਜਿਹੀ ਜਾਂਦੀ ਹਾਂ। ਨੀਵੀਂ ਪਾ ਕੇ ਠੋਡੀ ਨੂੰ ਹਿੱਕ ਨਾਲ ਘੁੱਟ ਲੈਂਦੀ ਹਾਂ। ਪਰ ਜਦ ਉਹ ਦੂਰ ਨਿੱਕਲ ਜਾਂਦਾ ਤਾਂ ਉਸ ਦੀ ਨੁਹਾਰ ਨੂੰ ਤੱਕਦੀ ਰਹਿੰਦੀ ਹਾਂ।

ਸਕੂਲ ਵਿੱਚ ਉਸ ਨਾਲ ਬੋਲਣ ਦਾ ਮੌਕਾ ਤਾਂ ਬਿਲਕੁੱਲ ਹੀ ਨਹੀਂ ਮਿਲਦਾ। ਇੱਕ ਪਕਰੋਟ ਜਿਹੀ ਮਾਸਟਰਨੀ ਤਾਂ ਮੇਰੇ ਵੱਲ ਹੀ ਨਿਗਾਹ ਰੱਖਦੀ ਹੈ। ਮੈਨੂੰ ਮਹਿਸੂਸ ਹੁੰਦਾ ਰਹਿੰਦਾ ਹੈ, ਜਿਵੇਂ ਉਹ ਤਾੜਦੀ ਰਹਿੰਦੀ ਹੋਵੇ ਕਿ ਦੇਖਾਂ ਭਲਾਂ ਮੈਂ ਕਿਸੇ ਮਾਸਟਰ ਨਾਲ ਗੱਲ ਕਰਦੀ ਹਾਂ ਜਾਂ ਨਹੀਂ? ਮੈਨੂੰ ਇਸ ਵੱਡੀ ਅੰਮਾ ’ਤੇ ਬਹੁਤ ਗੁੱਸਾ ਚੜ੍ਹਦਾ ਹੈ। ਆਪ ਤਾਂ ਹਰ ਇੱਕ ਨੂੰ ਬੁਲਾ ਲੈਂਦੀ ਹੈ। ਨਵੇਂ ਲੱਗੇ ਜੇ.ਬੀ.ਟੀ. ਟੀਚਰਾਂ ਨਾਲ ਠਰਕ ਝਾੜਦੀ ਰਹਿੰਦੀ ਹੈ। ਮੇਰੇ ਵੱਲ ਐਨੀ ਨਿਗਾਹ ਕਿਉਂ ਰੱਖਦੀ ਹੈ, ਛੁੱਟੜ?

ਮੈਂ ਤਾਂ ਬੱਸ ਸਕੂਲ ਆਉਂਦੀ ਹਾਂ। ਹਾਜ਼ਰੀ ਲਾਉਂਦੀ ਹਾਂ ਤੇ ਕੌਮੀ ਗੀਤ ਤੋਂ ਬਾਅਦ ਆਪਣੀ ਜਮਾਤ ਵਿੱਚ ਚਲੀ ਜਾਂਦੀ ਹਾਂ। ਸਾਰਾ ਦਿਨ ਜਮਾਤ ਵਿੱਚ ਹੀ ਬੈਠੀ

ਮਿੱਠੀ ਮਿੱਠੀ ਪਹਿਚਾਣ

219