ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/220

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹਿੰਦੀ ਹਾਂ। ਪ੍ਰਾਇਮਰੀ ਜਮਾਤ ਜੁ ਹੋਈ। ਕਦੇ-ਕਦੇ ਹੈੱਡਮਾਸਟਰ ਸਾਹਿਬ ਕਿਸੇ ਕੰਮ ਆਪਣੇ ਦਫ਼ਤਰ ਵਿੱਚ ਬੁਲਾਉਂਦੇ ਹਨ। ਹੈੱਡਮਾਸਟਰ ਸਾਹਿਬ ਦੇ ਦਫ਼ਤਰ ਵਿੱਚ ਹੋ ਕੇ ਆਉਂਦੀ ਹਾਂ ਤਾਂ ਉਹ ‘ਵੱਡੀ ਅੰਮਾ' ਆਪਣੀ ਜਮਾਤ ਦੇ ਕਮਰੇ ਵਿਚੋਂ ਬਾਹਰ ਮੂੰਹ ਕਰਕੇ ਮੇਰੇ ਚਿਹਰੇ ਨੂੰ ਪੜ੍ਹਨਾ ਚਾਹੁੰਦੀ ਹੈ। ਨੱਕ ਚੜ੍ਹਾ ਕੇ ਜਾਂ ਬੁੱਲ੍ਹ ਕੱਢ ਕੇ ਮੈਂ ਉਸ ’ਤੇ ਹਜ਼ਾਰ ਲਾਹਣਤ ਪਾਉਣ ਦੀ ਕੋਸ਼ਿਸ਼ ਕਰਦੀ ਹਾਂ।

ਅੱਧੀ ਛੁੱਟੀ ਵੇਲੇ ਵੀ ਮੈਂ ਆਪਣੀ ਜਮਾਤ ਵਿੱਚ ਬੈਠੀ ਰਹਿੰਦੀ ਹਾਂ। ਘਰੋਂ ਲਿਆਂਦੀ ਰੋਟੀ ਵਾਲਾ ਡੱਬਾ ਖੋਲ੍ਹਦੀ ਹਾਂ ਤੇ ਕਿਸੇ ਕੁੜੀ ਤੋਂ ਪਾਣੀ ਦਾ ਗਲਾਸ ਮੰਗਵਾ ਕੇ ਰੋਟੀ ਖਾ ਲੈਂਦੀ ਹਾਂ। ਪਾਣੀ ਵਾਲਾ ਪੰਪ ਮੇਰੇ ਕਮਰੇ ਦੇ ਨਾਲ ਹੀ ਹੈ। ਅੱਧੀ ਛੁੱਟੀ ਵੇਲੇ ਕੋਈ ਅਧਿਆਪਕ ਪੰਪ ’ਤੇ ਹੱਥ ਧੋਣ ਦੇ ਬਹਾਨੇ ਆਉਂਦਾ ਹੈ ਤੇ ਮੇਰੇ ਵੱਲ ਕਣੱਖਾ ਜਿਹਾ ਝਾਕਦਾ ਤੁਰ ਜਾਂਦਾ ਹੈ। ਜਸਵੰਤ ਇਸ ਤਰ੍ਹਾਂ ਕਦੇ ਨਹੀਂ ਆਉਂਦਾ। ਸਕੂਲ ਦੇ ਗਰਾਊਂਡ ਵਿੱਚ ਖੜ੍ਹ ਕੇ ਕਦੇ ਕਦੇ ਕੁਝ ਅਧਿਆਪਕ ਉੱਚੀ ਉੱਚੀ ਬੋਲਦੇ ਹਨ, ਹੱਸਦੇ ਹਨ ਤੇ ਤਾੜੀਆਂ ਪਾਉਂਦੇ ਹਨ। ਜਿਹੜਾ ਕੋਈ ਤਾੜੀ ਪਾ ਕੇ ਆਪੇ ਤੋਂ ਬਾਹਰ ਹੋ ਜਾਂਦਾ ਹੈ ਤਾਂ ਉਹ ਚੋਰ ਅੱਖ ਨਾਲ ਮੇਰੇ ਵੱਲ ਨਜ਼ਰ ਘੁੰਮਾ ਜਾਂਦਾ ਹੈ। ਮੈਂ ਕੋਈ ਗੱਲ ਨਹੀਂ ਗੌਲਦੀ। ਜਸਵੰਤ ਉਨ੍ਹਾਂ ਵਿੱਚ ਕਦੇ ਨਹੀਂ ਦੇਖਿਆ। ਉਹ ਤਾਂ ਜਿਵੇਂ ਸਕੂਲ ਵਿੱਚ ਹੁੰਦਾ ਹੀ ਨਾ ਹੋਵੇ। ਜਮਾਤ ਵਿਚੋਂ ਹੀ ਨਹੀਂ ਨਿਕਲਦਾ। ਅੱਧੀ ਛੁੱਟੀ ਵੇਲੇ ਵੀ ਪਤਾ ਨਹੀਂ ਕਿੱਥੇ ਹੁੰਦਾ ਹੈ? ਮੈਂ ਤਾਂ ਉਸ ਨੂੰ ਦੇਖਣ ਨੂੰ ਤਰਸਦੀ ਰਹਿੰਦੀ ਹਾਂ, ਪਰ ਕੀ ਕਰਨਾ ਹੈ ਉਸ ਨੂੰ ਦੇਖ ਕੇ?

ਮੇਰੇ ਮਨ ਵਿੱਚ ਛਿਲਤਾਂ ਜਿਹੀਆਂ ਕੀ ਰੜਕਦੀਆਂ ਰਹਿੰਦੀਆਂ ਹਨ? ਮੈਨੂੰ ਕੋਈ ਪਤਾ ਨਹੀਂ ਲੱਗਦਾ। ਮਿੱਠੀਆਂ ਮਿੱਠੀਆਂ ਜਲੂਣਾਂ ਜਿਹੀਆਂ? ਆਪਣੀ ਜਮਾਤ ਦੀ ਇੱਕ ਕੁੜੀ ਨੂੰ ਮੈਂ ਜਸਵੰਤ ਕੋਲ ਭੇਜਦੀ ਹਾਂ ਤੇ ਪੁੱਛਦੀ ਹਾਂ-ਤੁਹਾਡੇ ਕੋਲ ਕੋਈ ਚੰਗਾ ਜਿਹਾ ਟ੍ਰਾਂਸਲੇਸ਼ਨ ਹੋਵੇ? ਹੈ ਤਾਂ ਕੱਲ੍ਹ ਨੂੰ ਲਿਆ ਦਿਓ।'

ਕੁੜੀ ਆ ਕੇ ਕਹਿੰਦੀ ਹੈ- 'ਮਾਸਟਰ ਜੀ ਨੇ ਪੁੱਛਿਐ, ਕੀ ਕਰਨੈ ਤੁਸੀਂ ਟ੍ਰਾਂਸਲੇਸ਼ਨ?'

ਕੁੜੀ ਨੂੰ ਦੁਬਾਰਾ ਭੇਜਦੀ ਹਾਂ- ‘ਮੈਂ ਪਰੈਂਪ ਦਾ ਇਮਤਿਹਾਨ ਦੇਣੈ।'

ਤੇ ਦੂਜੇ ਦਿਨ ਉਹ ਇੱਕ ਟ੍ਰਾਂਸਲੇਸ਼ਨ ਲੈ ਆਉਂਦਾ ਹੈ ਤੇ ਇੱਕ ਮੁੰਡੇ ਦੇ ਹੱਥ ਮੇਰੇ ਕੋਲ ਭੇਜ ਦਿੰਦਾ ਹੈ। ਟ੍ਰਾਂਸਲੇਸ਼ਨ ਫਰੋਲ ਕੇ ਮੈਂ ਦੇਖਦੀ ਹਾਂ- ‘ਪਰੈਂਪ ਕੀ ਇਹ ਤਾਂ ਟੀ. ਡੀ. ਸੀ. ਦੇ ਫਾਈਨਲ ਤੀਕ ਕੰਮ ਦੇ ਸਕੇਗਾ।'

ਤੇ ਫੇਰ ਕਈ ਦਿਨਾਂ ਬਾਅਦ ਮੈਂ ਇੱਕ ਕੁੜੀ ਭੇਜਦੀ ਹਾਂ। ਪੁੱਛਦੀ ਹਾਂ- ‘ਦੁਸਹਿਰੇ ਦੀ ਇੱਕ ਛੁੱਟੀ ਐ ਜਾਂ ਦੋ?'

ਜਵਾਬ ਆਉਂਦਾ ਹੈ- 'ਲਿਸਟ ’ਚ ਤਾਂ ਇੱਕ ਸੀ, ਪਰ ਹੁਣ ਇੱਕ ਛੁੱਟੀ ਹੋਰ ਦਾ ਆਰਡਰ ਆ ਗਿਐ-ਦੁਸਹਿਰੇ ਤੋਂ ਅਗਲੇ ਦਿਨ ਦੀ ਦਾ।' ਮੈਨੂੰ ਖ਼ੁਸ਼ੀ ਦਾ ਭਰਪੂਰ ਜਿਹਾ ਸਾਹ ਆਉਂਦਾ ਹੈ, ਪਤਾ ਨਹੀਂ ਇੱਕ ਛੁੱਟੀ ਹੋਰ ਹੋਣ ਦਾ ਤੇ ਜਾਂ ਪਤਾ ਨਹੀਂ ਕਾਹਦਾ।

ਇੱਕ ਦਿਨ ਇੱਕ ਮੁੰਡਾ ਆ ਕੇ ਪੁੱਛਦਾ ਹੈ-'ਭੈਣ ਜੀ, ਜਸਵੰਤ ਸਿੰਘ ਮਾਸਟਰ ਜੀ ਨੇ ਆਖਿਐ, ਤੁਸੀਂ ਅੱਜ ਕੋਈ ਸਬਜ਼ੀ ਲਿਆਂਦੀ ਐ ਤਾਂ ਥੋੜੀ ਜਿਹੀ ਐਸ ਪਿਆਲੀ 'ਚ ਪਾ ਦਿਓ। ਅੱਜ ਉਹ ਰੋਟੀ ਨਾਲ ਨੂੰ ਕੁਸ ਲੈ ਕੇ ਨੀ ਆਏ।'

220

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ