ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀਤਾ ਹੀ ਆਪਣੀ ਕਬਰ ਵਿੱਚੋਂ ਨਿਕਲ ਤੁਰਿਆ ਹੋਵੇ ਤੇ ਫਿਰ ਚੁੱਪ ਕੀਤਾ ਹੀ ਵਾਪਸ ਕਬਰ ਵਿੱਚ ਦਾਖ਼ਲ ਹੋ ਰਿਹਾ ਹੋਵੇ।

ਅਗਲੇ ਦਿਨ ਸਵੇਰੇ ਹੀ ਮੁਣਸ਼ੀ ਸਾਈਕਲ ਲੈ ਕੇ ਖੇਤ ਵਿੱਚ ਮੱਝ ਲਈ ਪੱਠੇ ਵੱਢਣ ਗਿਆ ਤਾਂ ਰੇਸ਼ਮਾ ਚੰਦਨ ਕੋਲ ਆਈ। ਬੱਚੇ ਸਾਰੇ ਅਜੇ ਸੁੱਤੇ ਪਏ ਸਨ। ਚੰਦਨ ਵੀ ਸੁੱਤਾ ਹੋਇਆ ਸੀ। ਝਟਕੇ ਨਾਲ ਉਸ ਨੇ ਚੰਦਨ ਦੇ ਮੂੰਹ 'ਤੋਂ ਰਜਾਈ ਉਤਾਰੀ ਤੇ ਉਸ ਨੂੰ ਬੇਤਹਾਸ਼ਾ ਚੁੰਮਣ ਲੱਗੀ। ਰੋ ਵੀ ਰਹੀ ਸੀ।

'ਉਹ ਕਿੱਥੇ ਐ?' ਚੰਦਨ ਨੇ ਘਬਰਾਹਟ ਵਿੱਚ ਪੁੱਛਿਆ।

'ਪੱਠੇ ਲੈਣ ਗਿਐ। ਅੱਧੇ ਘੰਟੇ ਨੂੰ ਮੁੜੂ।' ਰੇਸ਼ਮਾ ਨੇ ਦੱਸਿਆ।

‘ਫੇਰ ਤਾਂ....’ ਚੰਦਨ ਉੱਠ ਕੇ ਬੈਠਾ ਹੋ ਗਿਆ।

‘ਨਹੀਂ ਇਹ ਨਹੀਂ....'

'ਕਿਉਂ?'

‘ਮੈਂ ਠੀਕ ਨਹੀਂ।'

'ਝੂਠ ਬੋਲਦੀ ਐਂ।'

‘ਨਹੀਂ, ਤੇਰੀ ਸਹੁੰ।'

‘ਬਕਵਾਸ ਨਾ ਮਾਰ।’ ਚੰਦਨ ਦਾ ਸਾਹ ਚੜ੍ਹਿਆ ਹੋਇਆ ਸੀ।

ਨਾਂਹ, ਔਣ ਵਾਲਿਐ ਹੁਣ ਤਾਂ। ਉਸ ਨੇ ਚੰਦਨ ਦੀ ਗੱਲ੍ਹ 'ਤੇ ਚੂੰਢੀ ਵੱਢੀ ਤੇ ਉਹ ਦੇ ਕੋਲੋਂ ਚਿੜੀ ਪੂੰਝਾ ਛੁਡਾ ਕੇ ਬਿਜਲੀ ਦੀ ਤਰ੍ਹਾਂ ਅੰਦਰ ਨੂੰ ਤੁਰ ਗਈ। ਘਰ ਵਿੱਚ ਪਤਾ ਨਹੀਂ ਕਿੱਥੇ ਗੁਆਚ ਗਈ। ਚੰਦਨ ਨੇ ਹਾਕਾਂ ਮਾਰੀਆਂ। ਉਹ ਆਈ ਨਹੀਂ। ਕੁਝ ਦੇਰ ਬਾਅਦ ਮੁਸ਼ਣੀ ਦਾ ਸਾਈਕਲ ਖੜਕਿਆ। ਬੁੱਸਿਆ ਮੂੰਹ ਲੈ ਕੇ ਚੰਦਨ ਕਸ਼ਮੀਰਾ ਸਿੰਘ ਦੇ ਘਰ ਆਇਆ। ਨਹਾਉਣ ਲਈ ਪਾਣੀ ਮੰਗਣ ਲੱਗਿਆ।

ਤੇ ਫਰ ਮਹੀਨੇ ਕੁ ਬਾਅਦ ਉਹ ਧਰਮਗੜ੍ਹ ਗਿਆ। ਇਸ ਵਾਰ ਉਨ੍ਹਾਂ ਨੇ ਕਸ਼ਮੀਰਾ ਸਿੰਘ ਦੇ ਘਰ ਸ਼ਰਾਬ ਪੀਤੀ। ਮੁਣਸ਼ੀ ਨੂੰ ਡਬਲ ਪੈੱਗ ਦਿੱਤਾ ਜਾਂਦਾ ਰਿਹਾ। ਉਹ ਦੀਆਂ ਲੱਤਾਂ ਲੜ ਖੜਾਉਣ ਲੱਗੀਆਂ ਤਾਂ ਕਸ਼ਮੀਰਾ ਸਿੰਘ ਨੇ ਉਸ ਨੂੰ ਆਪਣੇ ਘਰ ਹੀ ਪਾ ਲਿਆ। ਰੋਟੀ ਖਾਧੇ ਬਗੈਰ ਹੀ ਉਹ ਘੁਰਾੜੇ ਮਾਰਨ ਲੱਗਿਆ।

ਰੇਸ਼ਮਾ ਨਾਲ ਪਹਿਲਾਂ ਮਿੱਥੀ ਗੱਲ ਅਨੁਸਾਰ ਚੰਦਨ ਨੇ ਅੱਧੀ ਰਾਤ ਉਹਦਾ ਬਾਰ ਥਪਥਪਾਇਆ। ਸਾਰੇ ਬੱਚਿਆਂ ਨੂੰ ਸੁਲਾ ਕੇ ਉਹ ਪਹਿਲਾਂ ਹੀ ਬੈਠੀ ਚੰਦਨ ਨੂੰ ਉਡੀਕ ਰਹੀ ਸੀ। ਮੱਧਮ ਰੋਸ਼ਨੀ ਦਾ ਬਲ੍ਹਬ ਜਗ ਰਿਹਾ ਸੀ। ਜਾਣ ਸਾਰ ਚੰਦਨ ਨੇ ਬਲ੍ਹਬ ਬੁਝਾ ਦਿੱਤਾ। ਰੇਸ਼ਮਾ ਨੂੰ ਘੁੱਟ ਕੇ ਜੱਫ਼ੀ ਪਾਈ ਤੇ ਫਿਰ ਪਾਣੀ ਮੰਗਿਆ। ਪਾਣੀ ਦਾ ਜੱਗ ਉਹ ਲੈ ਆਈ ਤੇ ਇੱਕੋ ਸਾਹ ਚੰਦਨ ਨੇ ਜੱਗ ਨੂੰ ਅੱਧਾ ਕਰ ਦਿੱਤਾ। ਪਤਾ ਨਹੀਂ ਉਹ ਦੇ ਅੰਦਰ ਕਿਹੜੀ ਪਿਆਸ ਸੀ, ਕਿਹੜੀ ਅੱਗ ਸੀ। ਉਹ ਦੇ ਲਈ ਤਾਂ ਜਿਵੇਂ ਉਹ ਮੁਕਲਾਵੇ ਵਾਲੀ ਰਾਤ ਸੀ।

ਤਿੰਨ ਵਜੇ ਤੱਕ ਚੰਦਨ ਨਿਢਾਲ ਹੋ ਕੇ ਪਿਆ ਸੀ। ਰੇਸ਼ਮਾ ਵੱਲ ਉਹ ਦੀ ਪਿੱਠ ਸੀ।

‘ਬੱਸ?' ਰੇਸ਼ਮਾ ਨੇ ਉਹ ਦੇ ਸਿਰ 'ਤੇ ਵਾਲਾਂ ਦੀ ਕੰਘੀ ਕਰਕੇ ਪੁੱਛਿਆ।

‘ਬੱਸ, ਹੁਣ ਨਹੀਂ ਹਿੰਮਤ।' ਉਹ ਮਸ੍ਹਾਂ ਹੀ ਬੋਲ ਸਕਿਆ।

22

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ