ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

‘ਮੈਨੂੰ ਤਾਂ ਕੁੱਛ ਨਹੀਂ ਹੋਇਆ।' ਕਹਿ ਕੇ ਰੇਸ਼ਮਾ ਹੱਸ ਪਈ।

'ਤੂੰ ਤਾਂ ਭੁਰਥਲੇ ਵਾਲੀ ਗੱਲ ਭਾਲਦੀ ਐਂ।'

'ਚੰਗਾ, ਮੂੰਹ ਤਾਂ ਕਰ ਐਧਰ।'

ਚੰਦਨ ਨੇ ਪਾਸਾ ਲਿਆ ਤਾਂ ਰੇਸ਼ਮਾ ਉਹ ਨੂੰ ਗੱਲਾਂ ਪੁੱਛਣ ਲੱਗੀ। ਚੰਦਨ ਨੇ ਰੇਸ਼ਮਾ ਨੂੰ ਹਿੱਕ ਨਾਲ ਲਾ ਕੇ ਦੇਵਾ ਬਾਰੇ ਦੱਸਿਆ ਤੇ ਉਸ ਤੋਂ ਬਾਅਦ ਦੀ ਸਾਰੀ ਹਾਲਤ। ਤੇ ਫਿਰ ਚੰਦਨ ਨੇ ਰੋਣਾ ਸ਼ੁਰੂ ਕਰ ਦਿੱਤਾ। ਰੇਸਮਾ ਉਹ ਦੀਆਂ ਅੱਖਾਂ ਪੂੰਝਣ ਲੱਗੀ। ਕਹਿੰਦੀ,'ਤੂੰ ਜਵਾਕਾਂ ਨੂੰ ਪਾਲ ਹੁਣ।'

'ਜਵਾਕ ਤਾਂ ਪਲ ਜਾਣਗੇ, ਮੇਰਾ.....'

'ਤੂੰ ਸਬਰ ਕਰ।'

‘ਸਬਰ ਹੁੰਦਾ ਨਹੀਂ।' ਚੰਦਨ ਨੇ ਬਹੁਤ ਉਦਾਸ ਸ਼ਬਦਾਂ ਵਿੱਚ ਕਿਹਾ। ਤੇ ਫਿਰ ਪੁੱਛਣ ਗਿਆ, "ਕੀ ਇਹ ਨਹੀਂ ਹੋ ਸਕਦਾ ਰੇਸ਼ਮਾ, ਮੈਂ ਤੇਰੇ ਕੋਲ ਮਹੀਨੇ-ਦੋ ਮਹੀਨਿਆਂ ਬਾਅਦ ਆ ਜਾਇਆ ਕਰਾਂ? ਪੰਜ-ਸੱਤ ਸਾਲ ਲੰਘ ਜਾਣ, ਫੇਰ ਤਾਂ ਕੋਈ ਲੋੜ ਨਹੀਂ ਰਹਿਣੀ ।'

‘ਲੋੜ ਤਾਂ ਬੰਦੇ ਨੂੰ ਸੱਠ ਸਾਲ ਤੱਕ ਰਹਿੰਦੀ ਐ। ਇਹ ਦੀ ਗੱਲ ਛੱਡ।'

‘ਦੱਸ, ਤੂੰ ਬਣੇਂਗੀ ਮੇਰਾ ਸਹਾਰਾ?'

'ਹੋਇਆ ਕਦੇ ਸਾਲ ਛੇ ਮਹੀਨੀਂ। ਨਿੱਤ ਤਾਂ ਇਹ ਕੰਮ ਠੀਕ ਨ੍ਹੀਂ। ਭੋਰਾ ਵੀ ਕਿਧਰੇ ਕੋਈ ਗੱਲ ਨਿਕਲ ਗਈ, ਮੇਰਾ ਕੱਖ ਨਹੀਂ ਰਹਿਣਾ।'

'ਨਹੀਂ, ਤੈਨੂੰ ਕੁਛ ਨੀ ਹੁੰਦਾ। ਮੈਨੂੰ ਕੀ ਤੇਰੀ ਇੱਜ਼ਤ ਦੀ ਲੋੜ ਨ੍ਹੀਂ?'

ਰੇਸ਼ਮਾ ਚੁੱਪ ਸੀ। ਤੇ ਫਿਰ ਚੰਦਨ ਨੇ ਮਾਚਸ ਦੀ ਤੀਲੀ ਜਲਾਈ।

‘ਕੀ ਟਾਈਮ ਹੋ ਗਿਆ' ਰੇਸ਼ਮਾ ਨੇ ਪੁੱਛਿਆ।

'ਚਾਰ ਵੱਜਣ ਵਾਲੇ ਨੇ।'

ਰੇਸ਼ਮਾ ਫੁਰਤੀ ਨਾਲ ਉੱਠੀ। ਕਹਿ ਰਹੀ ਸੀ, 'ਹੁਣ ਜਾਹ, ਬੱਸ।'

‘ਫੇਰ ਕਦੋਂ? ਸਿਰ ਦਾ ਜੂੜਾ ਬੰਨ੍ਹ ਰਿਹਾ ਪੁੱਛ ਰਿਹਾ ਸੀ।'

‘ਫੇਰ ਦੇਖੀ ਜਾਊਂ, ਏਵੇਂ ਜਿਵੇਂ। ਜਾਹ ਹੁਣ। ਲੋਕ ਬੀਹੀਆਂ ਗਲੀਆਂ ਵਿੱਚ ਤੁਰੇ ਫਿਰਦੇ ਹੋਣਗੇ। ਦੇਖ ਲਿਆ ਕਿਸੇ ਨੇ, ਤਾਂ........।'

ਚੰਦਨ ਰੇਸ਼ਮਾ ਨੂੰ ਬਹੁਤ ਸ਼ਿੱਦਤ ਨਾਲ ਚੁੰਮ ਕੇ ਦਰਵਾਜ਼ੇ ਵੱਲ ਵਧਿਆ। ਅਜੇ ਵੀ ਉਹ ਦਾ ਮਨ ਨਹੀਂ ਭਰਿਆ ਸੀ। ਉਸ ਨੇ ਕਈ ਵਾਰ ਫਿਰ ਦਰਵਾਜ਼ੇ ਤੱਕ ਛੱਡਣ ਆਈ ਰੇਸ਼ਮਾ ਨੂੰ ਹਿੱਕ ਨਾਲ ਪੋਲਾ ਜਿਹਾ ਘੁੱਟਿਆ ਤੇ ਦਰੋਂ ਬਾਹਰ ਹੋ ਗਿਆ।

ਅੱਜ ਉਹ ਧਰਮਗੜ੍ਹ ਬੱਸ ਵਿੱਚੋਂ ਉਤਰਿਆ ਤਾਂ ਕਸ਼ਮੀਰਾ ਸਿੰਘ ਠੇਕੇ 'ਤੇ ਬੈਠੇ ਦੂਜੇ ਬੰਦਿਆਂ ਨੂੰ ਕੋਈ ਮਸ਼ਕਰੀ ਕਰਦਾ ਤਾਂ ਚੰਦਨ ਵੀ ਦੰਦ ਕੱਢ ਲੈਂਦਾ। ਉਸ ਨੂੰ ਆਪਣਾ ਇਸ ਪ੍ਰਕਾਰ ਹੱਸਣਾ ਬਹੁਤ ਭੈੜਾ ਲੱਗ ਰਿਹਾ ਸੀ। ਉਸ ਨੂੰ ਆਪਣੇ 'ਤੇ ਤਰਸ ਆਉਣ ਲੱਗਿਆ। ਇਹ ਦਿਨ ਵੀ ਆਉਣੇ ਸਨ, ਉਹ ਸੋਚਦਾ।

ਦਿਨ ਛਿਪਣ ’ਤੇ ਆਇਆ ਤਾਂ ਕਸ਼ਮੀਰਾ ਸਿੰਘ ਉੱਠਿਆ। ਨੌਕਰ ਨੂੰ ਕੁਝ ਗੱਲਾਂ ਸਮਝਾਈਆਂ ਤੇ ਫਿਰ ਚੰਦਨ ਨੂੰ ਕਹਿਣ ਲੱਗਿਆ, 'ਚੱਲੀਏ, ਬਾਊ ਜੀ? ਕਰੀਏ ਪਤਾ ਮੁਣਸ਼ੀ ਦਾ?'

ਅੱਧਾ ਆਦਮੀ

23