ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/26

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

‘ਰੇਸ਼ਮਾ, ਕੁੰਡਾ ਨਾ ਖੋਲ੍ਹਿਆ, ਰਾਤ?' ਚੰਦਨ ਨੇ ਰੋਬ੍ਹ ਦੇ ਕੇ ਪੁੱਛਿਆ। ਉਹ ਹੱਸਣ ਲੱਗੀ, 'ਤੂੰ ਆਇਆ ਸੀ?'

‘ਹੋਰ, ਕਿੰਨਾ ਚਿਰ ਤਾਂ ਖੜ੍ਹਾ ਰਿਹਾ। ਤੈਨੂੰ ਨਹੀਂ ਪਤਾ?'

‘ਪਤਾ ਕਿਵੇਂ ਨਾ ਹੋਵੇ ਯਾਰ।’ ਕਹਿ ਕੇ ਕਸ਼ਮੀਰਾ ਸਿੰਘ ਮੱਥੇ ਦਾ ਮੁੜ੍ਹਕਾ ਪੂੰਝਣ ਲੱਗਿਆ। ਰੇਸ਼ਮਾ ਨੂੰ ਸ਼ਰਮ ਆਈ।

'ਤੂੰ ਬਹੁਤ ਬੁਰਾ ਕੀਤਾ, ਰੇਸ਼ਮਾ। ਮੇਰਾ ਤਾਂ ਖ਼ੂਹ 'ਚ ਛਾਲ ਮਾਰਨ ਨੂੰ ਜੀਅ ਕਰਦਾ ਸੀ, ਰਾਤ।'

'ਫੇਰ ਮਾਰਦਾ।'

ਉਹ ਦੋਵੇਂ ਨਿੱਕਾ-ਨਿੱਕਾ ਹੱਸਣ ਲੱਗੇ। ਕਸ਼ਮੀਰਾ ਸਿੰਘ ਗੰਭੀਰ ਹੋਇਆ ਬੈਠਾ ਸੀ। ਜਿਵੇਂ ਉਨ੍ਹਾਂ 'ਤੇ ਉਸ ਨੂੰ ਖਿਝ ਚੜ੍ਹ ਹੀ ਹੋਵੇ। ਉਹ ਬੋਲਿਆ, 'ਗੋਲੀ ਮਾਰੇ, ਯਾਰ, ਇਹੋ ਜ੍ਹੀ ਤੀਵੀਂ ਦੇ। ਐਡੀ ਦੂਰ ਧੱਕੇ ਖਾਂਦਾ ਆਇਐਂ, ਕੀ ਯਾਰੀ ਐ ਤੇਰੀ? ਐਨੀ ਹੋਈ ਐ, ਹੁਣ ਫੇਰ ਦੰਦ ਕੱਢੀ ਜਾਨੈ।'

‘ਨਹੀਂ ਯਾਰ।' ਕੱਚਾ ਹੋਇਆ ਚੰਦਨ ਏਨਾ ਹੀ ਕਹਿ ਸਕਿਆ। ਰੇਸ਼ਮਾ ਜਿਵੇਂ ਧਰਤੀ ਵਿੱਚ ਗੱਡੀ ਖੜ੍ਹੀ ਹੋਵੇ।

‘ਹੁਣ ਕਦੋਂ ਆਵਾਂ? ਚੰਦਨ ਨੇ ਪੁੱਛਿਆ।

'ਓਏ ਜਾਹ।' ਕਹਿ ਕੇ ਕਸ਼ਮੀਰਾ ਸਿੰਘ ਉੱਠ ਖੜ੍ਹਾ ਹੋਇਆ।

ਰੇਸ਼ਮਾ ਆਕੜ ਜਿਹੀ ਦਿਖਾ ਕੇ ਅੰਦਰ ਨੂੰ ਚਲੀ ਗਈ।

ਰੇਸ਼ਮਾ ਦੇ ਘਰੋਂ ਉੱਠ ਕੇ ਚੰਦਨ ਢਿੱਲਾ ਜਿਹਾ ਕਸ਼ਮੀਰਾ ਸਿੰਘ ਦੇ ਮਗਰ-ਮਗਰ ਤੁਰਿਆ ਜਾ ਰਿਹਾ ਸੀ।

ਸੋਮਵਾਰ ਇੱਕ:

ਧਰਮਗੜ੍ਹ ਤੋਂ ਬੱਸ ਫੜ ਕੇ ਚੰਦਨ ਵੇਲੇ ਸਿਰ ਹੀ ਸ਼ਾਹਕੋਟ ਪਹੁੰਚ ਗਿਆ। ਬੈਂਕ ਦੇ ਮੁਲਾਜ਼ਮ ਇੱਕ-ਇੱਕ ਕਰਕੇ ਆ ਰਹੇ ਸਨ। ਮੈਨੇਜਰ ਸਾਢੇ ਦਸ ਵਜੇ ਆਇਆ ਕਰਦਾ। ਆਪਦੀ ਕੁਰਸੀ ਤੇ ਬੈਠਣ 'ਤੇ ਪਹਿਲਾਂ ਉਹ ਇਕੱਲੇ-ਇਕੱਲੇ ਮੁਲਾਜ਼ਮ ਕੋਲ ਜਾਂਦਾ ਤੇ ਹੱਥ ਮਿਲਾਉਂਦਾ। ਚੰਦਨ ਉਹ ਦੇ ਨਾਲ ਕੰਮ ਕਰਦੀ ਕੁੜੀ ਸ਼ੀਲ ਤੇ ਮਿਸਟਰ ਹਾਂਡਾ ਦੂਜੀ ਮੰਜ਼ਲ ’ਤੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠਦੇ। ਮੈਨੇਜਰ ਨਾਲ ਹੱਥ ਮਿਲਾਉਣ ਤੋਂ ਬਾਅਦ ਹੀ ਉਹ ਉੱਤੇ ਜਾਂਦੇ, ਨਹੀਂ ਤਾਂ ਮੈਨੇਜਰ ਆਪ ਉੱਤੇ ਆਉਂਦਾ।

ਚੰਦਨ ਕੁਰਸੀ 'ਤੇ ਉਹ ਦਾ ਜੀਅ ਕੀਤਾ ਕਿ ਉਹ ਰੱਜ ਕੇ ਠੰਡਾ ਪਾਣੀ ਪੀਵੇ। ਉਸ ਦਾ ਚਿਹਰਾ ਉਤਰਿਆ ਹੋਇਆ ਸੀ। ਉਸ ਨੇ ਚਪੜਾਸੀ ਦਾ ਨਾਉਂ ਲਿਆ, ਉਹ ਓਥੇ ਨਹੀਂ ਸੀ। ਸ਼ੀਲ ਨੇ ਹੀ ਪੁੱਛਿਆ, 'ਦੱਸ ਕੀ ਚਾਹੀਦੈ?'

‘ਪਾਣੀ।' ਬਹੁਤ ਭੈੜਾ ਮੁੰਹ ਬਣਾ ਕੇ ਚੰਦਨ ਨੇ ਕਿਹਾ।

‘ਪਾਣੀ ਮੈਂ ਲਿਆ ਦਿੰਨੀ ਆਂ। ਹੋਰ ਦੱਸ।' ਸ਼ੀਲ ਦੂਜੇ ਕਮਰੇ ਵਿੱਚ ਗਈ ਤੇ ਕੋਰੇ ਘੜੇ ਵਿੱਚੋਂ ਪਾਣੀ ਦਾ ਗਲਾਸ ਭਰ ਲਿਆਈ। ਇੱਕ ਗਲਾਸ ਪੀ ਵੀ ਆਈ। ਹਾਂਡਾ ਕਮਰੇ ਵਿੱਚ ਨਹੀਂ ਸੀ। ਪਾਣੀ ਦਾ ਗਲਾਸ ਫੜਨ ਲੱਗਿਆ ਚੰਦਨ ਨੇ ਸ਼ੀਲ ਦੀਆਂ

26

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ