ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੱਗਦੀ। ਲਿਟਰੇਚਰ, ਪਾਲਿਟਿਕਸ, ਦੋਸਤੀ ਤੇ ਘਰੇਲੂ ਕਿਸਮ ਦੀਆਂ ਗੱਲਾਂ ਉਹ ਕਰਦੇ। ਸ਼ੀਲ ਉਸ ਨੂੰ ਮਾਸੂਮ ਜਿਹੀ ਲੱਗਦੀ। ਉਹ ਨੂੰ ਲੱਗਦਾ ਜਿਵੇਂ ਉਹ ਦੀਆਂ ਅੱਖਾਂ ਵਿੱਚ ਮੁਕੰਮਲ ਔਰਤ ਤਾਂ ਅਜੇ ਉਤਰੀ ਹੀ ਨਾ ਹੋਵੇ। ਉਹ ਦਾ ਚਿਹਰਾ ਬਹੁਤ ਭੋਲਾ ਸੀ। ਇੱਕ ਦਿਨ ਚੰਦਨ ਉਸ ਨੂੰ ਪੁੱਛਣ ਲੱਗਿਆ, ‘ਅੱਛਾ ਸ਼ੀਲ, ਤੂੰ ਇਹ ਦੱਸ, ਤੂੰ ਐਨੀ ਚੰਗੀ ਕਿਉਂ ਐ?’

ਸ਼ੀਲ ਦੀ ਜਿਵੇਂ ਦੇਹ ਖਿੰਡ ਗਈ ਹੋਵੇ। ਉਸ ਦੇ ਪੈਰ ਜਿਵੇਂ ਧਰਤੀ ਉੱਤੋਂ ਉਤਾਂਹ ਚੁੱਕੇ ਗਏ ਹੋਣ। ਜਿਵੇਂ ਕਿਸੇ ਨੇ ਬਹੁਤ ਪਿਆਰੀ, ਬਹੁਤ ਡੂੰਘੀ ਗੱਲ ਉਸ ਨੂੰ ਪੁੱਛ ਲਈ ਹੋਵੇ। ਉਹ ਕੁਝ ਸੰਭਲੀ ਤੇ ਫਿਰ ਸਹਿਜ ਹੋਣ ਲੱਗੀ। ਕਿਹਾ, ‘ਹਾਏ, ਹਾਏ।’ ਤੇ ਫਿਰ ਉਲਟਾ ਕੇ ਕਹਿਣ ਲੱਗੀ, ‘ਇਹ ਗੱਲ ਜੇ ਮੈਂ ਤੈਨੂੰ ਪੁੱਛਾਂ?’

ਚੰਦਨ ਲਾਜਵਾਬ ਹੋ ਗਿਆ।

ਤੇ ਫਿਰ ਇੱਕ ਦਿਨ ਕੁਝ ਸਮੇਂ ਲਈ ਹਾਂਡਾ ਜਦ ਥੱਲੇ ਗਿਆ ਤੇ ਚਪੜਾਸੀ ਵੀ ਓਥੇ ਨਹੀਂ ਸੀ ਤਾਂ ਚੰਦਨ ਨੇ ਰੋਣ ਵਰਗਾ ਮੂੰਹ ਬਣਾ ਕੇ ਸ਼ੀਲ ਨੂੰ ਕਿਹਾ, ‘ਮੈਨੂੰ ਪਤਾ ਨ੍ਹੀਂ ਕੀ ਹੋ ਗਿਐ?’

‘ਕੀ ਹੋ ਗਿਐ?’

‘ਬੱਸ, ਕਾਲਜਾ ਢੇਰੀ ਜਾ ਹੁੰਦਾ ਰਹਿੰਦੈ। ਖੋਹ ਜਿਹੀ ਪੈਂਦੀ ਐ। ਪਤਾ ਨੀ ਕੀਹ ਐ ਇਹ?’

‘ਡਾਕਟਰ ਨੂੰ ਦਿਖਾਈਏ?’

ਨਹੀਂ, ਡਾਕਟਰ ਨੂੰ ਦਿਖੌਣ ਵਾਲੀ ਗੱਲ ਨੀ।’

‘ਹੋਰ?’

‘ਤੂੰ ਕਰ ਦਿੱਤਾ ਕੁੱਛ ਮੈਨੂੰ ਤਾਂ।’

‘ਮੈਂ ਕੀ ਕਰ ਦਿੱਤਾ?’

‘ਤੂੰ ਹਰ ਵੇਲੇ ਮੇਰੇ ਦਿਮਾਗ਼ 'ਚ ਘੁੰਮਦੀ ਰਹਿਨੀ ਐਂ। ਨਾ ਤਾਂ ਮੈਨੂੰ ਭੁੱਖ ਲੱਗਦੀ ਐ, ਨਾ ਨੀਂਦ ਔਂਦੀ ਐ। ਦਿਨ ਨੂੰ ਵੀ ਤੇਰੇ ਸੁਪਨੇ ਔਂਦੇ ਰਹਿੰਦੇ ਨੇ। ਤੂੰ ਜ਼ਰੂਰ ਕੋਈ ਜਾਦੂ ਸਿੱਟਿਆ ਮੇਰੇ 'ਤੇ।’

ਸ਼ੀਲ ਸਮਝ ਗਈ। ਕਹਿਣ ਲੱਗੀ, ‘ਦੇਖ ਆਪਾਂ ਤਾਂ ਭੈਣ-ਭਰਾ ਬਣ ਕੇ ਰਹਿਣੈ, ਚੰਦਨ। ਮਨ ਨੂੰ ਸਮਝਾਓ ਮਹਾਰਾਜ।’

‘ਹਉਂਕਾ ਲੈ ਕੇ ਚੰਦਨ ਚੁੱਪ ਹੋ ਗਿਆ। ਆਪਣਾ ਕੰਮ ਕਰਨ ਲੱਗਿਆ। ਅੰਧੇ ਮਿੰਟ ਬਾਅਦ ਹੀ ਉਹ ਇਕ ਲੰਬਾ ਸਾਹ ਛੱਡ ਦਿੰਦਾ।

ਸ਼ੀਲ ਕਹਿਣ ਲੱਗੀ, ‘ਚੁੱਪ ਕਿਉਂ ਹੋ ਗਿਐ?’

‘ਬੰਸ ਠੀਕ ਐ....’ ਉਹ ਬਹੁਤ ਦੁਖੀ ਸੀ।

‘ਕਮਲਾ ਨ੍ਹੀਂ ਬਣੀਂਦਾ। ਮੈਂ ਕਦੇ ਕਹੀ ਐ ਕੋਈ ਗੱਲ ਤੈਨੂੰ?’

‘ਤੂੰ ਨਾ ਕਹਿ। ਮੈਂ ਤਾਂ....ਮੇਰੇ ਦਿਮਾਗ਼ ਵਿੱਚ ਤਾਂ ਹੁਣ ਤੂੰ..’

ਹਾਂਡਾ ਆ ਗਿਆ। ਹਾਂਡਾ ਚੰਦਨ ਨੂੰ ਬਹੁਤ ਬੁਰਾ ਲੱਗਦਾ। ਉਹ ਦੇ ਨਾਲ ਚੰਦਨ ਬਹੁਤ ਘੱਟ ਗੱਲ ਕਰਦਾ ਸ਼ੀਲ ਹੀ ਹਾਂਡੇ ਨੂੰ ਬੁਲਾਉਂਦੀ, ਕੋਈ ਗੱਲ ਕਰਦੀ। ਹਾਂਡਾ

28

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ