ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿੱਤਾ। ਉਹ ਤ੍ਰਭਕ ਕੇ ਉੱਠ ਬੈਠੀ। ਬਾਹੀ ਕੋਲ ਬੈਠਾ ਬੰਦਾ ਦੇਖਿਆ ਤਾਂ ਚਾਂਗ ਮਾਰ ਦਿੱਤੀ। ਬੁੜ੍ਹਕ ਕੇ ਪਿਓ ਦੇ ਮੰਜੇ ’ਤੇ ਡਿੱਗ ਪਈ। ਚੰਦਨ ਦੌੜ ਕੇ ਚੁਬਾਰੇ ਵਿੱਚ ਗਿਆ ਤੇ ਦਬਾਸੱਟ ਬਾਂਸ ਦੀ ਪੌੜੀ ਉਤਰ ਕੇ ਬਿੰਦ ਵਿੱਚ ਹੀ ਆਪਣੇ ਦਰਵਾਜ਼ੇ ਵਿੱਚ ਜਾ ਖੜ੍ਹਾ ਤੇ ਫਿਰ ਪੋਲੇ ਪੈਰੀਂ ਆਪਣੀਆਂ ਪੌੜੀਆਂ ਚੜ੍ਹਨ ਲੱਗਿਆ।

ਗਵਾਂਢ ਵਿੱਚ ਰੌਲਾ ਪਿਆ ਹੋਇਆ ਸੀ।

ਚੰਦਨ ਜਿਵੇਂ ਘੂਕ ਸੁੱਤਾ ਪਿਆ ਹੋਵੇ।

ਦੂਜੇ ਦਿਨ ਵਿਹੜਕੀ ਵਿੱਚ ਬੁੜ੍ਹੀਆਂ ਹੱਸ-ਹੱਸ ਗੱਲਾਂ ਕਰਦੀਆਂ ਸਨ ਤੇ ਮਿੰਦਰੋ ਨੂੰ ਪੁੱਛ ਰਹੀਆਂ, 'ਕੁੜੇ, ਐਡਾ ਦਬਾਅ ਵੀ ਕੀ ਆਖੇ ....'

ਮੰਗਲਵਾਰ ਇੱਕ :

ਦੇਵਾਂ ਮਰੀ ਤਾਂ ਚੰਦਨ ਦੀ ਉਮਰ ਛੱਤੀ ਸਾਲ ਦੀ ਸੀ। ਅਜੇ ਉਹ ਜਵਾਨ ਸੀ। ਲੋਕ ਕਹਿੰਦੇ ਸਨ, ਦੂਜਾ ਵਿਆਹ ਕਰਵਾ ਲੈ। ਪਰ ਉਹ ਦਾ ਜੀ ਸੀ, ਉਹ ਆਪਣੇ ਜਵਾਕਾਂ ਨੂੰ ਪਾਲੇ ’ਗਾ। ਦੂਜਾ ਵਿਆਹ ਕਰਵਾਇਆ ਤਾਂ ਜਵਾਕ ਰੁਲ ਜਾਣਗੇ। ਉਸ ਨੂੰ ਓਦੋਂ ਪਤਾ ਨਹੀਂ ਸੀ ਕਿ ਦੋ ਸਾਲਾਂ ਬਾਅਦ ਹੀ ਜੁਆਕ ਭੁੱਲਣ ਲੱਗਣਗੇ। ਸਰੀਰ ਦੀ ਅੱਗ ਸਾਰੇ ਰਿਸ਼ਤਿਆਂ ਨੂੰ ਤੋੜ ਕੇ ਰੱਖ ਦੇਵੇਗੀ।

ਗੁੱਝਾ-ਗੁੱਝਾ ਉਸ ਨੇ ਪਤਾ ਵੀ ਕੀਤਾ, ਜੇ ਭਲਾ ਉਸ ਦਾ ਵਿਆਹ ਹੋ ਜਾਵੇ। ਕੋਈ ਸੁਣਦਾ ਤਾਂ ਮੁਸਕਰਾ ਕੇ ਪਰ੍ਹਾਂ ਮੂੰਹ ਫੇਰ ਲੈਂਦਾ। ਅਠੱਤੀ ਸਾਲ ਦੇ ਬੰਦੇ ਨੂੰ ਸਾਕ ਦੇ ਕੇ ਕੁੜੀ ਖੂਹ ਵਿੱਚ ਸੁੱਟਣੀ ਸੀ ਕਿਸੇ ਨੇ। ਲਾਲਚ ਉਹ ਕੋਈ ਦੇ ਨਹੀਂ ਸਕਦਾ ਸੀ। ਵਿਧਾ ਮਿਲਦੀ ਤਾਂ ਨਾਲ ਇੱਕ-ਦੋ ਬੱਚੇ ਆਉਣੇ ਜ਼ਰੂਰੀ ਸਨ ਕਿਸੇ ਤਲਾਕਸ਼ੁਦਾ ਤੋਂ ਉਹ ਨੂੰ ਡਰ ਲੱਗਦਾ।ਉਹ ਨੂੰ ਆਪਣਾ ਛੋਟਾ ਮੁੰਡਾ ਕੁਲਜੀਤ ਬਹੁਤ ਪਿਆਰਾ ਸੀ। ਹੋਰ ਔਰਤ ਇਸ ਘਰ ਵਿੱਚ ਆਈ ਤਾਂ ਕੁਲਜੀਤ ਦੀ ਜ਼ਿੰਦਗੀ ਖ਼ਰਾਬ ਹੋ ਜਾਵੇਗੀ। ਕੁਲਜੀਤ ਵੱਲ ਝਾਕ ਕੇ ਉਹ ਦਾ ਹਉਕਾ ਨਿਕਲ ਜਾਂਦਾ। ਅਖੀਰ ਉਸ ਨੇ ਇਹ ਫ਼ੈਸਲਾ ਕੀਤਾ ਕਿ ਕਿਸੇ ਪਰਾਈ ਔਰਤ ਨਾਲ ਸਬੰਧ ਜੋੜੇ। ਪੰਜ-ਸੱਤ ਸਾਲ ਨਿਕਲ ਜਾਣਗੇ ਤਾਂ ਫਿਰ ਐਡੀ ਜ਼ਰੂਰਤ ਨਹੀਂ ਰਹੇਗੀ। ਦਸਵੀਂ ਪਾਸ ਕਰਨ ਬਾਅਦ ਮਿਹਰ ਨੂੰ ਵਿਆਹ ਲਵੇਗਾ। ਰੋਟੀ ਪੱਕਦੀ ਹੋ ਜਾਵੇਗੀ। ਕੁਲਜੀਤ ਨੂੰ ਤਾਂ ਕਾਲਜ ਵਿੱਚ ਪੜ੍ਹਾਵੇਗਾ।

ਪਰ ਉਸ ਦੀ ਖਾਹਸ਼ ਪੂਰੀ ਨਹੀਂ ਹੋ ਰਹੀ ਲੱਗਦੀ ਸੀ। ਰੇਸ਼ਮਾ ਤੋਂ ਉਸ ਨੂੰ ਨਫ਼ਰਤ ਹੋਣ ਲੱਗੀ। ਬੈਂਕ ਵਾਲੀ ਕੁੜੀ ਸ਼ੀਲ ਕਿਸੇ ਵੀ ਰਾਹ ਤੇ ਨਹੀਂ ਆ ਰਹੀ ਸੀ। ਮਿੰਦਰੋ ਤਾਂ...

ਅੱਜ ਸਵੇਰੇ ਮਿਹਰ ਤੇ ਕੁਲਜੀਤ ਸਕੂਲ ਨੂੰ ਗਏ ਤਾਂ ਉਹ ਸਬਾਤ ਵਿੱਚ ਪੱਖੇ ਥੱਲੇ ਬੈਠ ਕੇ ਰਸਾਲਾ ਪੜ੍ਹਨ ਲੱਗਿਆ। ਉਸ ਦੀ ਸੋਚ ਟੁੱਟ-ਟੁੱਟ ਜਾਂਦੀ। ਉਸ ਨੂੰ ਸੁੱਝ ਨਹੀਂ ਰਿਹਾ ਸੀ ਕਿ ਉਹ ਜ਼ਿੰਦਗੀ ਨੂੰ ਕਿਹੜੇ ਪਾਸੇ ਤੋਰੇ। ਰਸਾਲੇ ਦੀ ਕੋਈ ਵੀ ਰਚਨਾ ਉਸ ਨੂੰ ਸਮਝ ਨਹੀਂ ਆ ਰਹੀ ਸੀ। ਰਸਾਲਾ ਪਰ੍ਹਾਂ ਰੱਖ ਕੇ ਉਹ ਅਰਾਮ ਕੁਰਸੀ 'ਤੇ ਬੈਠਾ ਪੱਖੇ ਵੱਲ ਝਾਕਣ ਲੱਗਿਆ। ਉਸ ਦੇ ਦਿਮਾਗ ਵਿੱਚ ਆਈ ਕਿ ਉਹ ਅੱਜ ਬੈਂਕ ਜਾ ਕੇ ਸ਼ੀਲ ਨੂੰ ਆਪਣੀ ਸਾਰੀ ਹਾਲਤ ਦੱਸ ਦੇਵੇਗਾ। ਉਹ ਅੱਗੇ ਝੋਲੀ ਅੱਡੇਗਾ। ਕੀ ਪਤਾ ਉਹ ਮੰਨ ਹੀ ਜਾਵੇ। ਸਾਫ਼-ਸਾਫ਼ ਕਹਿ ਦੇਵੇਗਾ। ਐਡੀ ਪੱਥਰ ਦਿਲ ਤਾਂ ਨਹੀਂ ਉਹ।

ਅੱਧਾ ਆਦਮੀ

35