ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੈਂਕ ਸਮੇਂ ਤੋਂ ਇਕ ਘੰਟਾ ਪਹਿਲਾਂ ਹੀ ਉਹ ਸ਼ਾਹਕੋਟ ਪਹੁੰਚ ਗਿਆ। ਅਵਾਰਾ ਆਦਮੀ ਵਾਂਗ ਬਜ਼ਾਰ ਵਿੱਚ ਘੁੰਮਣ-ਫਿਰਨ ਲੱਗਿਆ। ਕਈ ਵਾਕਫ਼ ਆਦਮੀ ਮਿਲੇ ਤੇ ਮੁੰਡਿਆਂ ਦੀ ਸੁੱਖ-ਸਾਂਦ ਪੁੱਛਦੇ ਰਹੇ। ਉਨ੍ਹਾਂ ਬਾਰੇ ਕੁਝ ਦੱਸਣ ਵਿੱਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀ। ਉਹ ਤਾਂ ਚਾਹੁੰਦਾ ਸੀ, ਕੋਈ ਉਹ ਦਾ ਹਾਲ ਪੁੱਛੇ।

ਉਹ ਬੈਂਕ ਵਿੱਚ ਆਇਆ ਤੇ ਸ਼ੀਲ ਨੂੰ ਉਡੀਕਣ ਲੱਗਿਆ। ਉਹ ਪੂਰੇ ਵਕਤ ਤੇ ਆਈ। ਹਾਂਡਾ ਅੱਜ ਫਿਰ ਛੁੱਟੀ 'ਤੇ ਸੀ। ਮਿਸਟਰ ਹਾਂਡਾ ਦਾ ਕੰਮ ਹੀ ਅਜਿਹਾ ਸੀ, ਉਹ ਛੁੱਟੀ 'ਤੇ ਹੁੰਦਾ ਤਾਂ ਉਹ ਦੀ ਸੀਟ ਤੇ ਕੋਈ ਹੋਰ ਨਹੀਂ ਭੇਜਿਆ ਜਾਂਦਾ ਸੀ। ਸੋ, ਅੱਜ ਚੰਦਨ ਲਈ ਸ਼ੀਲ ਨਾਲ ਗੱਲਾਂ ਕਰਨ ਦੀ ਪੂਰੀ ਖੁੱਲ੍ਹ ਸੀ।

ਅੱਜ ਮੈਨੇਜਰ ਆਪ ਉਨ੍ਹਾਂ ਦੇ ਕਮਰੇ ਵਿੱਚ ਉਨ੍ਹਾਂ ਤੋਂ ਗਰੀਟ ਹੋਣ ਉੱਤੇ ਆਇਆ। ਫਿਰ ਚਪੜਾਸੀ ਆਇਆ ਤੇ ਠੰਡਾ ਪਾਣੀ ਪਿਆ ਗਿਆ। ਉਹ ਕੰਮ ਕਰਨ ਲੱਗੇ। ਅੱਜ ਫਿਰ ਚੰਦਨ ਤੋਂ ਕੰਮ ਨਹੀਂ ਹੋ ਰਿਹਾ ਸੀ। ਉਹ ਬਿੰਦੇ-ਬਿੰਦੇ ਉਬਾਸੀ ਲੈ ਰਿਹਾ ਸੀ। ਹੱਥਾਂ ਨੂੰ ਸਿਰ ਤੋਂ ਉਤਾਂਹ ਲਿਜਾ ਕੇ ਅਗਵਾੜੀਆਂ ਭੰਨਦਾ। ਹੱਥਾਂ ਦੀਆਂ ਉਂਗਲੀਆਂ ਦੇ ਕੜਾਕੇ ਕੱਢਦਾ। ਮੱਥੇ ਦੀਆਂ ਨਾੜਾਂ ਨੂੰ ਸਹਿਲਾ ਰਿਹਾ ਸੀ। ਸ਼ੀਲ ਪੁੱਛਣ ਲੱਗੀ, "ਕੀ ਗੱਲ ਅੱਜ??'

‘ਕੁੱਛ ਨੀ, ਬੱਸ। ਚੰਦਨ ਨੇ ਰੋਣ ਵਰਗਾ ਜਵਾਬ ਦਿੱਤਾ।

ਸ਼ੀਲ ਨੇ ਹੋਰ ਕੁਝ ਨਹੀਂ ਪੁੱਛਿਆ। ਆਪਣੇ ਕੰਮ ਵਿੱਚ ਲੱਗੀ ਰਹੀ। ਚੰਦਨ ਉੱਠਿਆ ਤੇ ਉਹ ਦੇ ਹੱਥ ਵਿੱਚੋਂ ਪੈੱਨ ਲੈ ਕੇ ਉਹ ਦੇ ਮੇਜ਼ 'ਤੇ ਰੱਖ ਦਿੱਤਾ। ਸ਼ੀਲ ਮੁਸਕਰਾਈ ਤੇ ਕਹਿੰਦੀ, "ਇੱਕ ਸ਼ਰਾਰਤ ਹੋਰ ਵਧ ਗਈ।

ਢਿੱਲਾ ਜਿਹਾ ਪੈ ਕੇ ਚੰਦਨ ਆਪਣੀ ਸੀਟ ਤੇ ਆ ਬੈਠਾ ਤੇ ਫਿਰ ਉੱਠ ਕੇ ਖਿੜਕੀ ਵਿੱਚ ਦੀ ਮੂੰਹ ਬਾਹਰ ਕੱਢਿਆ, ਚਪੜਾਸੀ ਨੂੰ ਹਾਕ ਮਾਰੀ। ਇੱਕ ਕੱਪ ਚਾਹ ਮੰਗਵਾਈ ਉਸ ਨੂੰ ਪਤਾ ਸੀ, ਸ਼ੀਲ ਚਾਹ ਨਹੀਂ ਪੈਂਦੀ, ਫਿਰ ਵੀ ਪੁੱਛਿਆ, 'ਸ਼ੀਲ,ਚਾਹ?'

‘ਕੋਈ ਪੀਣ ਵਾਲੀ ਚੀਜ਼ ਮੰਗਵਾ, ਚਾਹ?'

ਉਸ ਨੇ ਚਪੜਾਸੀ ਨੂੰ ਮਗਰੋਂ ਹਾਕ ਮਾਰੀ ਤੇ ਇਕ ਕੋਲਡ ਡਰਿਕ ਲਈ ਵੀ ਕਹਿ ਦਿੱਤਾ। ਚਾਹ ਆਉਣ ਤੱਕ ਉਹ ਸਿਰ ਫੜ ਕੇ ਬੈਠਾ ਰਿਹਾ। ਸ਼ੀਲ ਆਪਣਾ ਕੰਮ ਕਰਦੀ ਰਹੀ।

ਉਹ ਸੋਚ ਰਿਹਾ ਸੀ, ਇਹ ਦਿਨ ਵੀ ਦੇਖਣੇ ਸਨ। ਜਦ ਉਹ ਉੱਠਦੀ ਜਵਾਨੀ ਵਿੱਚ ਸੀ, ਰਾਣੀਸਰ ਤੇ ਭੁਰਥਲੇ ਦੀਆਂ ਕਿੰਨੀਆਂ ਕੁੜੀਆਂ ਉਸ ਨੂੰ ਛੇੜਿਆ ਕਰਦੀਆਂ ਸਨ। ਉਹ ਸਦਾ ਹੀ ਚੁੱਪ-ਚੁੱਪ ਰਿਹਾ ਸੀ। ਨੀਵੀਂ ਪਾ ਕੇ ਤੁਰਦਾ। ਪਲਕ ਤੱਕ ਵੀ ਨਹੀਂ ਚੁੱਕਦਾ ਸੀ। ਰੇਸ਼ਮਾ ਨਾਲ ਉਹ ਪਤਾ ਨਹੀਂ ਕਿਵੇਂ ਫਸ ਗਿਆ ਸੀ। ਮਿੰਦਰੋ ਹੀ ਨਹੀਂ, ਰਾਣੀਸਰ ਦੀਆਂ ਹੋਰ ਕੁੜੀਆਂ ਨੇ ਵੀ ਉਸ ਨੂੰ ਬੁਲਾਉਣ ਦੀ ਕੋਸ਼ਿਸ ਕੀਤੀ। ਪਰ ਉਹ ਤਾਂ ਹਰ ਵੇਲੇ ਸਾਉ ਬੀਬਾ ਬਣਿਆ ਰਹਿੰਦਾ... ਤੇ ਰਾਣੀਸਰ ਦੀ ਹੀ ਬਾਹਮਣਾਂ ਦੀ ਉਹ ਕੁੜੀ ਸ਼ਕੁੰਤਲਾ। ਜਿਸ ਦਾ ਪਿੰਡ ਤਾਂ ਕੋਈ ਹੋਰ ਸੀ, ਪਰ ਓਥੇ ਆਪਦੀ ਵੱਡੀ ਭੈਣ ਕੋਲ ਰਹਿੰਦੀ ਸੀ। ਭਣੋਈਆਂ ਫ਼ੌਜ ਵਿੱਚ ਸੀ। ਚੰਦਨ ਸੱਤਵੀਂ ਵਿੱਚ ਪੜ੍ਹਦਾ ਗਰਮੀ ਦੀਆਂ ਛੁੱਟੀਆਂ ਕੱਟਣ ਓਥੇ ਆਇਆ ਹੋਇਆ ਸੀ, ਸ਼ਕੁੰਤਲਾ ਦੋ ਸਾਲ ਪੁਰਾਣਾ ਇੱਕ ਕਾਰਡ ਉਸ ਕੋਲੋਂ ਪੜ੍ਹਾਉਣ ਉਨ੍ਹਾਂ ਦੇ ਘਰ ਆਈ ਸੀ। ਉਹ ਬੇਵਕੂਫ਼ ਜਿਹਾ ਬਣਿਆ

36

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ