ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਉਹ ਰਹਿੰਦੇ ਸਨ, ਉਹ ਆਦਮੀ ਮਲਾਇਆ ਵਿੱਚੋਂ ਆਇਆ ਸੀ ਤੇ ਲਾਲੇ ਦੇ ਛੋਟੇ ਦੋਵਾਂ ਭਰਾਵਾਂ ਨੂੰ ਜਾਣਦਾ ਸੀ, ਜਿਹੜੇ ਮਲਾਇਆ ਵਿੱਚ ਹੁਣ ਰਹਿੰਦੇ ਸਨ। ਭੂਰੋ ਨੇ ਪੰਜਵੇਂ ਦਿਨ ਤੜਕੇ ਉੱਠ ਕੇ ਦੇਖਿਆ ਕਿ ਉਹਦੇ ਕੋਲ ਡਹੀ ਮੰਜੀ ਖ਼ਾਲੀ ਪਈ ਹੈ। ਦੁਪਹਿਰ ਤਾਈਂ ਉਹ ਉਸ ਨੂੰ ਉਡੀਕਦੀ ਰਹੀ। ਆਥਣ ਤੇ ਫਿਰ ਰਾਤ। ਦੂਜਾ ਦਿਨ ਚੜ੍ਹਿਆ ਤੇ ਇਸ ਤਰ੍ਹਾਂ ਦੋ ਦਿਨ ਹੋਰ ਲੰਘ ਗਏ। ਘਰ ਦੇ ਮਾਲਕ ਨੇ ਭੂਰੋ ਨੂੰ ਦੱਸਿਆ ਕਿ ਲਾਲਾ ਦਸ ਕੁ ਦਿਨ ਲਾ ਕੇ ਫੇਰ ਆਏਗਾ। ਪੰਦਰਾਂ-ਵੀਹ ਦਿਨ ਲੰਘ ਗਏ। ਘਰ ਵਾਲੇ ਨੇ ਨਿੰਮੋਝੂਣਾ ਜਿਹਾ ਹੋ ਕੇ ਇੱਕ ਦਿਨ ਭੂਰੋ ਨੂੰ ਆਖ ਦਿੱਤਾ, ‘ਤੂੰ ਤਾਂ ਹੁਣ ਏਸੇ ਘਰ ਦੀ ਰਾਣੀ ਐ।’

ਜਦੋਂ ਪਾਕਿਸਤਾਨ ਬਣਿਆ, ਲਾਲੇ ਦੀ ਉਮਰ ਸੱਠ ਸਾਲ ਦੇ ਨੇੜੇ ਢੁੱਕੀ ਹੋਈ ਸੀ। ਹੁਣ ਉਸ ਤੋਂ ਇਹ ਕੰਮ ਨਹੀਂ ਸੀ ਹੁੰਦਾ। ਗੋਡੇ ਦੁਖਦੇ ਸਨ। ਨਿਗਾਹ ਘਟ ਗਈ ਤੇ ਢਿੱਡ ਵਿੱਚ ਮਿੰਨ੍ਹਾਂ-ਮਿੰਨ੍ਹਾਂ ਦਰਦ ਰਹਿੰਦਾ। ਹੁਣ ਉਹ ਪਿੰਡੋਂ ਬਾਹਰ ਨਹੀਂ ਸੀ ਜਾਂਦਾ। ਉਸ ਦੇ ਵੱਡੇ ਭਾਈ ਨੇ ਉਸ ਨੂੰ ਘਰ ਵਿੱਚ ਹੀ ਇੱਕ ਵੱਖਰੀ ਕੋਠੜੀ ਦੇ ਦਿੱਤੀ। ਘਰ ਰੋਟੀ ਪਾਣੀ ਖਾ ਪੀ ਕੇ ਉਹ ਸੱਥ ਵਿੱਚ ਬੈਠਾ ਰਹਿੰਦਾ। ਨਵੇਂ ਗੱਭਰੂਆਂ ਨੂੰ ਤੀਵੀਆਂ ਦੀਆਂ ਗੱਲਾਂ ਸੁਣਾਉਂਦਾ। ਇੱਕ ਇੱਕ ਤੀਵੀਂ ਬਾਰੇ ਉਸ ਨੂੰ ਯਾਦ ਸੀ ਕਿ ਕਿੱਥੋਂ ਲਿਆਂਦੀ, ਕਿੱਥੇ-ਕਿੱਥੇ ਰੱਖੀ ਤੇ ਫੇਰ ਕੀਹਨੂੰ ਕਿੰਨੇ ਵਿੱਚ ਵੇਚੀ। ਉਸ ਨੂੰ ਇਹ ਵੀ ਪਤਾ ਸੀ ਕਿ ਕਿਹੜੀ ਤੀਵੀਂ ਉਸ ਤੋਂ ਵੀ ਅੱਗੇ ਹੋਰ ਕਿੱਥੇ ਚਲੀ ਗਈ।

‘ਬਾਬਾ, ਕਿੰਨੀਆਂ ਤੀਮੀਆਂ ਪੱਟੀਆਂ ਫੇਰ?’ ਮੁੰਡੇ ਪੁੱਛਦੇ।

‘ਸਾਰੀਆਂ ਤਾਂ ਜਾਦ ਨੀ, ਗਿਣ ਲੌ ਜੇ ਗਿਣਨੀਆਂ ਨੇ।’ ਲਾਲੇ ਨੇ ਉਂਗਲੀਆਂ ਦੇ ਪੋਟੇ ਫੜਨੇ ਸ਼ੁਰੂ ਕਰ ਕੀਤੇ। ਵੀਹ ਕੁ ਤੀਵੀਆਂ ਗਿਣਾ ਕੇ ਲਾਲੇ ਨੇ ਕਿਹਾ, ‘ਇੱਕ ਕਾਲੇਕਿਆਂ ਆਲੀ।’ ਤੇ ਫੇਰ ਚੁੱਪ ਹੋ ਗਿਆ।

‘ਹੋਰ?’ ਇੱਕ ਨੌਜਵਾਨ ਨੇ ਪੁੱਛਿਆ।

‘ਬੱਸ, ਐਨੀਆਂ ਕੁ ਹੋਰ ਹੋਣੀਆਂ ਨੇ।’ ਲਾਲੇ ਦਾ ਖਿਆਲ ਜਿਵੇਂ ਉੱਖੜ ਗਿਆ ਸੀ।

ਕਈ ਦਿਨਾਂ ਤੋਂ ਲਾਲਾ ਹੁਣ ਸੱਥ ਵਿੱਚ ਨਹੀਂ ਸੀ ਦੇਖਿਆ। ਮੁੰਡੇ ਹੱਸਦੇ, ‘ਲਾਲਾ ਬੁੜ੍ਹਾ ਪਤਾ ਨਹੀਂ ਕਿਹੜੇ ਖੂਹ ’ਚ ਰਹਿੰਦੈ।’

ਇੱਕ ਦਿਨ ਸਵੇਰੇ ਹੀ ਲਾਲੇ ਦੀ ਭਤੀਜ-ਨੂੰਹ ਚਾਹ ਫੜਾਉਣ ਆਈ। ਦੇਖਿਆ ਤਾਂ ਬੁੜ੍ਹਾ ਮੰਜੀ ਤੋਂ ਥੱਲੇ ਡਿੱਗਿਆ ਪਿਆ ਹੈ। ਕੁੱਜੇ, ਤੌੜਾ ਤੇ ਕੂੰਡਾ ਆਦਿ ਨਿੱਕ-ਸੁੱਕ ਜਿਹੜਾ ਮੰਜੀ ਦੇ ਕੋਲ ਪਿਆ ਸੀ, ਉਸ ’ਤੇ ਡਿੱਗ ਕੇ ਉਸ ਦਾ ਮੂੰਹ ਸਾਰਾ ਉੱਚੜ ਗਿਆ ਹੈ।

‘ਬਾਬਾ।’ ਬਹੂ ਨੇ ਅਵਾਜ਼ ਦਿੱਤੀ।

ਬਾਬਾ ਬੋਲਿਆ ਨਾ। ਚਾਹ ਦੀ ਗੜਵੀ ਬਹੂ ਨੇ ਦੇਹਲੀ ’ਤੇ ਰੱਖ ਦਿੱਤੀ। ਗਰਦਨ ਥੱਲੇ ਸਹਾਰਾ ਦੇ ਕੇ ਬੁੜ੍ਹੇ ਨੂੰ ਬੈਠਾ ਕੀਤਾ ਤੇ ਮੰਜੀ ’ਤੇ ਪਾ ਦਿੱਤਾ। ਬਾਬੇ ਦੇ ਬੁੱਲ੍ਹ ਫਰਕਦੇ ਸੁਣੇ ....,ਭੂਅ...ਅ...ਰ...ਓ’

ਚਾਹ ਦੀ ਗੜਵੀ ਉਹ ਮੋੜ ਕੇ ਲੈ ਗਈ।

46

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ