ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਚੰਭਾ ਸੀ, ਅਖੇ ਹੁਣ ਤਾਂ ਨਵਾਂ ਈ ਰੇੜੀਆ ਆ ਗਿਆ ਕੋਈ। ਵਿੱਚ ਬੋਲਣ ਵਾਲੇ ਦੀ ਮੂਰਤ ਵੀ ਦਿੱਸਦੀ ਐ। ਉਹ ਚਿੱਟੀ ਕਬੂਤਰੀ ਦੀ ਗੱਲ ਹਮੇਸ਼ਾ ਛੇੜਦਾ। ਇੱਕ ਵਾਰੀ ਮੈਂ ਉਹ ਨੂੰ ਪੁੱਛ ਬੈਠਾ, ‘ਤੇਰੀ ਓਸ ਚਿੱਟੀ ਕਬੂਤਰੀ ਦਾ ਕੀ ਹਾਲ ਐ?’

‘ਕਿਹੜੀ?’ ਉਹ ਦੇ ਬੁੱਲ੍ਹ ਫਰਕਣ ਲੱਗੇ। ਚਿਹਰੇ ’ਤੇ ਮੁਸਕਾਣ ਦਾ ਜਲੌ ਸੀ।

ਮੈਂ ਕਿਹਾ, ‘ਜਿਹੜੀ ਉਸ ਦਿਨ ਮੁਰਮਰੇ ਦੇ ਕੇ ਗਈ ਸੀ। ਮਾਮਾ, ਝੂਠ ਨਾ ਬੋਲੀਂ, ਮੈਨੂੰ ਲੱਗਦਾ ਸੀ ਕੁਝ ਦਾਲ ਵਿੱਚ ਕਾਲਾ-ਕਾਲਾ।’ ਉਹ ਦਾ ਮੋਢਾ ਫੜ ਕੇ ਮੈਂ ਉਹ ਨੂੰ ਪੱਕਾ ਕਰਨਾ ਚਾਹਿਆ।

ਉਹ ਫੁੱਟ ਪਿਆ, ‘ਹਾਂ ਤੂੰ ਠੀਕ ਨਿਰਖ਼ ਕੀਤੀ। ਤੈਥੋਂ ਕੀ ਲਕੋਅ ਐ ਭਾਣਜਿਆ? ਤੂੰ ਕਿਹੜਾ ਪਿੰਡ ਦਾ ਐਂ, ਸਰੀਕ ਐ, ਬਈ ਹਵਾ ਗਾਹਾਂ ਖਿੰਡ ਜੂਗੀ?’

ਤੇ ਫੇਰ ਮੈਂ ਉਹ ਨੂੰ ਗੁੱਝਾ-ਗੁੱਝਾ ਬਹੁਤ ਛੇੜਿਆ। ਉਹ ਸਭ ਮੰਨੀ ਜਾ ਰਿਹਾ ਸੀ। ਉਹ ਨੇ ਦੱਸਿਆ, ‘ਦਾਣੇ ਦੇਣ ਆਉਣ ਦਾ ਉਹ ਤਾਂ ਬਹਾਨਾ ਸੀ। ਤੁਸੀਂ ਓਸ ਦਿਨ ਕੋਕੜੂ ਬਣਗੇ। ਉਹ ਤਾਂ ਧਾਰ ਕੇ ਆਈ ਸੀ। ਸੱਚ ਜਾਣ ਗੁੱਸਾ ਨਾ ਮੰਨੀਂ, ਪਿੱਛੋਂ ਮੈਂ ਥੋਨੂੰ ਬਹੁਤ ਗਾਲ੍ਹਾਂ ਕੱਢੀਆਂ।'

‘ਫੇਰ ਤਾਂ ਮਾਮਾ....?’ ਮੈਂ ਕੁਝ ਪੁੱਛਣ ਲੱਗਿਆ ਸੀ, ਉਹ ਹਿੱਕ ਕੱਢ ਕੇ ਵਿਚ ਦੀ ਬੋਲ ਪਿਆ। ਉਹ ਦੀ ਅਵਾਜ਼ ਵਿੱਚ ਜ਼ਾਇਕਾ ਸੀ, ‘ਇੱਕ ਖੋਟ ਐ ਸੀਬੋ ’ਚ, ਨਿੱਤ ਨੀਂ ਆਉਂਦੀ। ਕਦੇ ਕਦੇ ਗੇੜਾ ਮਾਰੂ। ਪਰ ਭਾਈ ਜਿੱਦਣ ਆਵੇ, ਰੂਹ ਤੱਕ ਉਤਰ ਜਾਂਦੀ ਐ ਸਾਲੇ ਮੇਰੇ ਦੀ। ਸਮਝ, ਧਰਤੀ-ਅਸਮਾਨ ਇੱਕ ਹੋ ਜਾਂਦੈ ਉਦੋਂ, ਭਾਣਜਿਆ ਬਹੁਤਾ ਕੀ ਅਖਵਾਉਨੈ।

‘ਇੱਕ ਗੱਲ ਦੱਸ ਛੋਟੂ ਮਾਮਾ, ਭਰਜਾਈਆਂ ਭਖਦੀਆਂ ਹੋਣਗੀਆਂ, ਬਈ ਜਦੋਂ ਅਸੀਂ ਹੈਗੀਆਂ?’

‘ਦੋ ਕੁ ਵਾਰੀ ਕੀਤੀ ਸੀ ਤਿੜ-ਫਿੜ, ਆਹੀ ਤੇਰੇ ਆਲੀ ਗੱਲ ਬਈ ਜਦੋਂ ਅਸੀਂ ਹੈਗੀਆਂ..।’ ਮੈਂ ਨ੍ਹੀਂ ਬੋਲਿਆ। ਭਕਾਈ ਮਾਰ ਕੇ ਹਟਗੀਆਂ।

‘ਭਾਈ ਵਰਜਦੇ ਹੋਣਗੇ? ਪਤਾ ਤਾਂ ਹੋਣੈ ਉਨ੍ਹਾਂ ਨੂੰ ਵੀ?’

‘ਨਾ, ਕੋਈ ਨ੍ਹੀਂ ਬੋਲਿਆ ਕਦੇ। ਕਿਵੇਂ ਬੋਲ ਜੂ ਸਾਲਾ ਕੋਈ, ਬਾਰ੍ਹਾਂ ਘੁਮਾਂ ਦਾ ਮਾਲਕ ਆਂ। ਬੋਲਣਗੇ, ਫੂਕ ਦੂੰ ਸਾਰੀ। ਮੰਦਰ ਗੁਰਦੁਆਰੇ ਬਥੇਰੇ ਨੇ।’

‘ਇਹ ਸੀਬੋ ਗਾਹਾਂ ਵੀ ਕੁਛ ਆਖਦੀ ਐ ਕਿ ਧਰਤੀ-ਅਸਮਾਨ ਇੱਕ ਕਰਨ ਆਉਂਦੀ ਐ?’

‘ਨਾ ਨਾ, ਇਹ ਵਿਚਾਰੀ ਕੁਛ ਨ੍ਹੀਂ ਭਾਲਦੀ। ਰੱਜੀ ਰੂਹ ਐ। ਇੱਕ ਦਿਨ ਵੀ ਨ੍ਹੀਂ ਆਖਿਆ, ਬਈ ਜਿਵੇਂ ਕਹਿੰਦੀਆਂ ਹੁੰਦੀਆਂ ਨੇ ਸੂਟ ਸਮਾਂ ਦੇ, ਕੰਨਾਂ ਨੂੰ ਕਰਾ ਦੇਹ, ਜਾਂ ਕੋਈ ਹੋਰ ਚੀਜ਼।’

‘ਨਹੀਂ ਆਉਂਦੀ ਕਈ-ਕਈ ਦਿਨ ਤਾਂ ਫੇਰ... ਬੈਠਾ ਝੁਰੀ ਜਾਂਦਾ ਹੋਵੇਂਗਾ?’

‘ਨਾ, ਮੈਨੂੰ ਉਹ ਦੀ ਉਡੀਕ ਵੀ ਕੋਈ ਨ੍ਹੀਂ ਹੁੰਦੀ। ਹੌਲ ਜ੍ਹਾ ਕਦੇ ਉੱਠਦੈ ਤਾਂ ਚਿੱਟੀ ਕਬੂਤਰੀ ਹੱਥਾਂ ’ਤੇ ਉਤਾਰ ਲੈਨਾਂ। ਕਬੂਤਰੀ ’ਚੋਂ ਮੈਨੂੰ ਸੀਬੋ ਦਿੱਸਦੀ ਐ। ਹਿੱਕ ਟੋਹ ਕੇ ਦੇਖਾਂ, ਜਮ੍ਹਾਂ ਸੀਬੋ ਸਾਹ ਲੈਂਦੀ ਹੁੰਦੀ ਐ।’

70

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ