ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਪੇਂਟਿੰਗ ਦੇਖਨੇ ਕਾ ਸ਼ੌਕ ਹੈ ਕਯਾ?'

‘ਸ਼ਾਇਰੀ ਸੇ ਵੀ ਕੁਛ ਲਗਾਓ ਹੈ। ਖ਼ਾਸ ਕਰਕੇ ਆਪਕੀ ਗ਼ਜ਼ਲੋਂ ਪਰ ਤੋਂ ਮਰਤੀ ਹੂੰ ਮੈਂ। ਮੈਂ ਨੇ ਆਪ ਕੋ ਸੁਨਾ ਹੈ। ਏਕ ਕੋਈ ਸ਼ੇਅਰ ਲਿਖ ਦੀਜੀਏ ਮੇਰੇ ਲੀਏ ਤਾਕਿ ਸਨਦ ਰਹੇ।' ਸਵਿੱਤਰੀ ਨੇ ਡਾਇਰੀ ਉਸ ਦੇ ਗੋਡਿਆਂ 'ਤੇ ਰੱਖ ਦਿੱਤੀ।

ਉਸ ਨੇ ਸਵਿੱਤਰੀ ਤੋਂ ਹੀ ਪੈੱਨ ਲਿਆ ਤੇ ਲਿਖ ਦਿੱਤਾ:-

ਜਿਸ ਕੋ ਆਪਨੀ ਭੀ ਕੋਈ ਖ਼ਬਰ ਨਹੀਂ ਹੋਤੀ।

ਨਹੀਂ ਮੁਮਕਿਨ ਕਿ ਔਰੋਂ ਪੇ ਨਜ਼ਰ ਨਹੀਂ ਹੋਤੀ।

ਥੱਲੇ ਲਿਖ ਦਿੱਤਾ:'ਸਾਵਿੱਤਰੀ ਕੇ ਨਾਮ, ਅਫ਼ਜ਼ਲ।'

ਉਹ ਨੇ ਡਾਇਰੀ ਆਪਣੀਆਂ ਅੱਖਾਂ ਅੱਗੇ ਲਿਆ ਕੇ ਸ਼ੇਅਰ ਪੜ੍ਹਿਆ ਤੇ ਖੁਸ਼ ਹੋ ਗਈ। 'ਸ਼ੁਕਰੀਆ, ਅਫ਼ਜ਼ਲ ਸਾਹਿਬ।' ਉਹ ਦੇ ਮੂੰਹੋਂ ਨਿਕਲਿਆ। ਡਾਇਰੀ ਬੰਦ ਕੀਤੀ ਤੇ ਜਾਣ ਲਈ ਇਜਾਜ਼ਤ ਮੰਗੀ।

ਅਫ਼ਜ਼ਲ ਬੋਲਿਆ, 'ਬੈਠੀਏ ਕੁਛ ਦੇਰ ਔਰ ਬੈਠੀਏ।'

'ਨਹੀਂ, ਫਿਰ ਕਭੀ ਆਊਂਗੀ।'

'ਆਨਾ ਜ਼ਰੂਰ। ਬੈਠੇਂਗੇ।’ ਅਫ਼ਜ਼ਲ ਉਸ ਦੇ ਵੱਲ ਪੂਰੀ ਨਜ਼ਰ ਭਰ ਕੇ ਝਾਕਿਆ। ਤੇ ਡਾਇਰੀ ਖੱਬੇ ਹੱਥ ਵਿੱਚ ਫੜ ਕੇ ਤੇ ਹੱਥ ਵੱਖੀ ਤੱਕ ਉਠਾ ਕੇ ਵਾਪਸ ਤੁਰੀ ਜਾ ਰਹੀ ਸੀ। ਜਿਵੇਂ ਉਸ ਸ਼ੇਅਰ ਨੂੰ ਬਹੁਤ ਸੰਭਾਲ ਕੇ ਲਿਜਾ ਰਹੀ ਹੋਵੇ। ਅਫ਼ਜ਼ਲ ਉਸ ਦੇ ਮੋਢਿਆਂ ਵੱਲ ਝਾਕਿਆ, ਫੇਰ ਉਹਦੇ ਡਿੱਗਦੇ-ਉੱਠਦੇ ਨਿਤੰਭਾਂ ਵੱਲ ਤੇ ਫੇਰ ਉਹ ਦੀਆਂ ਨੰਗੀਆਂ ਅੱਡੀਆਂ 'ਤੇ ਉਹਦੀ ਨਜ਼ਰ ਜਾ ਟਿਕੀ। ਉਹਨੇ ਸੈਂਡਲ ਪਹਿਨੇ ਹੋਏ ਸਨ। ਗਾਜਰ ਦੇ ਰੰਗ ਦੀਆਂ ਅੱਡੀਆਂ ਬਾਹਰ ਦਿੱਸ ਰਹੀਆਂ ਸਨ। ਅੱਡੀਆਂ ਅਫ਼ਜ਼ਲ ਨੂੰ ਬਹੁਤ ਸੁਹਣੀਆਂ ਲੱਗੀਆਂ। ਉਹ ਕਿਵੇਂ ਵੀ ਉਹਦੇ ਚਿਹਰੇ ਨਾਲੋਂ ਘੱਟ ਨਹੀਂ ਸਨ। ਕਿੰਨੀਆਂ ਸੁੰਦਰ ਸਨ ਅੱਡੀਆਂ, ਗੱਲਾਂ ਕਰਦੀਆਂ। ਗਾਜਰ-ਪਾਕ ਦੀਆਂ ਤਾਜ਼ਾ ਟੁਕੜੀਆਂ ਜਿਹੀਆਂ। ਉਹਦਾ ਜੀਅ ਕੀਤਾ, ਉਹ ਭੱਜ ਕੇ ਜਾ ਕੇ ਉਨ੍ਹਾਂ ਅੱਡੀਆਂ ਨੂੰ ਚੁੰਮ ਲਵੇ।

ਉਸ ਤੋਂ ਬਾਅਦ ਉਹ ਕੈਨਵਸ ਸਾਹਮਣੇ ਨਹੀਂ ਬੈਠਾ। ਆਪਣੇ ਡਰਾਇੰਗ ਰੂਮ ਵਿੱਚ ਜਾ ਕੇ ਦੀਵਾਨ ’ਤੇ ਲੇਟ ਗਿਆ। ਅੱਖਾਂ ਬੰਦ ਕਰ ਲਈਆਂ। ਉਹ ਕੁਝ ਵੀ ਨਹੀਂ ਸੋਚ ਰਿਹਾ ਸੀ। ਸੌਣ ਦੀ ਕੋਸ਼ਿਸ਼ ਕਰਨ ਲੱਗਿਆ।

ਗੋਬਿੰਦਗੜ੍ਹ ਸ਼ਹਿਰ ਵਿੱਚ ਅਫ਼ਜ਼ਲ ਨੂੰ ਕੌਣ ਨਹੀਂ ਜਾਣਦਾ ਸੀ? ਉਹ ਹਿੰਦੀ ਦਾ ਸ਼ਾਇਰ ਸੀ, ਗ਼ਜ਼ਲਾਂ ਲਿਖਦਾ। ਉਹ ਸ਼ਹਿਰ ਦੀਆਂ ਰੰਗੀਨ ਮਹਿਫ਼ਲਾਂ ਦਾ ਸ਼ਿੰਗਾਰ ਤਾਂ ਸੀ ਹੀ, ਦੂਜੇ ਸ਼ਹਿਰਾਂ ਦੇ ਕਵੀ ਸੰਮੇਲਨਾਂ ਵਿੱਚ ਵੀ ਸ਼ਿਰਕਤ ਕਰਦਾ। ਉਸ ਦੇ ਸ਼ੇਅਰਾਂ ਵਿੱਚ ਇੱਕ ਖ਼ਾਸ ਚਮਕ ਸੀ, ਅਦਾਇਗੀ ਵਿੱਚ ਗਜ਼ਬ ਦਾ ਅੰਦਾਜ਼ ਗਾ ਕੇ ਪੜ੍ਹਦਾ। ਜਿੱਥੇ ਵੀ ਜਾਂਦਾ ਮੁਸ਼ਇਰਾ ਲੁੱਟ ਕੇ ਲੈ ਜਾਂਦਾ। ਸ਼ਾਇਰੀ ਉਹ ਦਾ ਸ਼ੌਕ ਸੀ।

ਉਹ ਚਿੱਤਰਕਾਰ ਵੀ ਸੀ। ਸਾਲ ਵਿੱਚ ਇੱਕੋ ਚਿੱਤਰ ਬਣਾਉਂਦਾ। ਕਦੇ-ਕਦੇ ਦੋ ਸਾਲਾਂ ਵਿੱਚ ਇੱਕ ਚਿੱਤਰ। ਵੱਡੀ ਕੈਨਵਸ ਵਾਲੇ ਤੇਲ-ਚਿੱਤਰ ਬਣਾਉਂਦਾ ਸੀ। ਲੱਕੜ ਦਾ ਚੌਖ਼ਟਾ ਆਪ ਬਣਵਾ ਕੇ ਲਿਆਉਂਦਾ ਤੇ ਉਹ ਦੇ 'ਤੇ ਖ਼ੁਦ ਹੀ ਕੈਨਵਸ ਫਿੱਟ

74

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ