ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਨ ਦਾ ਬੀੜਾ ਮੂੰਹ ਵਿੱਚ ਪਾਉਣ ਵੇਲੇ ਜਾਂ ਨਵੀਂ ਸਿਗਰਟ ਸੁਲਗਾਉਂਦਿਆਂ ਉਹ ਦਰਸ਼ਕਾਂ ਵੱਲ ਗਹੁ ਨਾਲ ਝਾਕਦਾ, ਉਨ੍ਹਾਂ ਵਿੱਚ ਸਵਿੱਤਰੀ ਨਹੀਂ ਹੁੰਦੀ ਸੀ। ਉਹ ਉਹਨੂੰ ਉਡੀਕਦਾ ਰਹਿੰਦਾ। ਕਦੇ ਉਹਨੂੰ ਚੰਗਾ-ਚੰਗਾ ਲੱਗਦਾ ਕਿ ਉਹ ਨਹੀਂ ਆਈ, ਉਹ ਆਪਣਾ ਕੰਮ ਤੇਜ਼ੀ ਨਾਲ ਨਿਬੇੜਦਾ ਜਾ ਰਿਹਾ ਸੀ, ਪਰ ਉਹ ਬਹੁਤਾ ਉਹਨੂੰ ਉਡੀਕਦਾ ਹੀ। ਉਸ ਦਾ ਦਰਸ਼ਕਾਂ ਵੱਲ ਝਾਕਣਾ ਫ਼ਜ਼ੂਲ ਸੀ। ਫੇਰ ਤਾਂ ਉਹ ਦਰਸ਼ਕਾਂ ਵਿੱਚ ਆ ਕੇ ਬੈਠਦੀ ਹੀ ਨਹੀਂ ਸੀ। ਸਿੱਧਾ ਉਹ ਦੇ ਕੋਲ ਆਉਂਦੀ। ਸਲਾਮ ਕਰਦੀ ਤੇ ਕਿਚਨ ਵਿੱਚ ਚਲੀ ਜਾਂਦੀ। ਚਾਹ ਦੇ ਦੋ ਕੱਪ ਬਣਾ ਕੇ ਡਰਾਇੰਗ ਰੂਮ ਵਿੱਚ ਰੱਖਦੀ ਤੇ ਅਫ਼ਜ਼ਲ ਨੂੰ ਉਡੀਕਣ ਲੱਗਦੀ। ਬਹਾਦਰ ਘਰ ਹੁੰਦਾ ਤਾਂ ਵੀ ਸਵਿੱਤਰੀ ਚਾਹ ਬਣਾਉਂਦੀ।

ਜਿਵੇਂ ਚਿੱਤਰਕਾਰੀ ਉਸ ਦਾ ਕੰਮ ਸੀ ਤੇ ਸ਼ਾਇਰੀ ਉਸ ਦਾ ਸ਼ੌਕ, ਏਵੇਂ ਹੀ ਉਸ ਦੇ ਹੋਰ ਸ਼ੌਕ ਵੀ ਸਨ। ਮਸਲਨ; ਸ਼ਾਮ ਨੂੰ ਚਿੱਤਰ ਦੇ ਕੰਮ ਤੋਂ ਵਿਹਲਾ ਹੋ ਕੇ ਥਕਾਵਟ ਲਾਹੁਣ ਲਈ ਸ਼ਰਾਬ ਦੇ ਦੋ ਪੈੱਗ ਪੀਣਾ, ਕਦੇ-ਕਦੇ ਚਿੱਤਰ ਨੂੰ ਵਿੱਚੇ ਛੱਡ ਕੇ ਪਹਾੜ 'ਤੇ ਚਲੇ ਜਾਣਾ, ਆਪਣੀ ਮਨਪਸੰਦ ਔਰਤ ਨੂੰ ਭੋਗਣਾ। ਸਿਗਰਟ, ਪਾਨ, ਚਾਹ ਤੇ ਸ਼ਰਾਬ ਵਾਂਗ ਹੀ ਔਰਤ ਉਸ ਦੀ ਤਲਬ ਸੀ। ਸਗੋਂ ਇਹ ਤਲਬ ਦੂਜੀਆਂ ਨਾਲੋਂ ਤਿੱਖੀ ਤੇ ਵੇਗਮਈ ਸੀ। ਜਦੋਂ ਉਸ ਦੀ ਜ਼ਿੰਦਗੀ ਵਿੱਚ ਕੋਈ ਨਵੀਂ ਔਰਤ ਆਉਂਦੀ, ਉਹ ਬਾਕੀ ਸਭ ਕੁਝ ਭੁੱਲ ਜਾਂਦਾ। ਬਸ ਉਹ ਔਰਤ ਹੀ ਉਸ ਦਾ ਸੰਸਾਰ ਹੁੰਦੀ। ਤੇ ਫਿਰ ਕੁਝ ਮਹੀਨਿਆਂ ਬਾਅਦ ਜਾਂ ਸਾਲ ਬਾਅਦ ਉਹਦਾ ਇਹ ਸੰਸਾਰ ਉਸ ਦੀਆਂ ਅੱਖਾਂ ਤੋਂ ਓਝਲ ਹੋ ਜਾਂਦਾ। ਉਹ ਉਸਦੇ ਵਿਯੋਗ ਵਿੱਚ ਤੜਫਦਾ, ਸ਼ਾਇਰੀ ਕਰਦਾ, ਦਿਨ ਵਿੱਚ ਕਿਸੇ ਵੇਲੇ ਵੀ ਸ਼ਰਾਬ ਲੈ ਕੇ ਬੈਠ ਜਾਂਦਾ। ਪੌਦਿਆਂ ਦੇ ਨਵੇਂ ਪੱਤੇ ਕੱਢਣ ਵਾਂਗ ਫੇਰ ਉਹਦੀ ਚੇਤਨਾ ਜਾਗਦੀ। ਉਹ ਆਪਣੇ ਹਥਿਆਰ ਚੁੱਕ ਲੈਂਦਾ ਤੇ ਨਵਾਂ ਚਿੱਤਰ ਬਣਾਉਣ ਲੱਗਦਾ। ਉਸ ਦੀ ਜ਼ਿੰਦਗੀ ਵਿੱਚ ਐਨੀਆਂ ਔਰਤਾਂ ਆ ਚੁੱਕੀਆਂ ਸਨ ਕਿ ਸ਼ਾਦੀ ਨਾਂ ਦਾ ਸੰਕਲਪ ਕਿਧਰੇ ਗਾਇਬ ਹੀ ਹੋ ਗਿਆ। ਉਸ ਨੂੰ ਸਮਝ ਨਹੀਂ ਸੀ ਕਿ ਸ਼ਾਦੀ ਵਾਲੀ ਉਹਦੀ ਔਰਤ ਕਿਹੋ ਜਿਹੀ ਹੋਵੇਗੀ।

ਤੇ ਫੇਰ ਇਕ ਮਹੀਨੇ ਬਾਅਦ ਸਵਿੱਤਰੀ ਆਈ। ਗਰਮੀ ਦਾ ਮੌਸਮ ਆਖਰੀ ਸਾਹਾਂ 'ਤੇ ਸੀ। ਸਵੇਰੇ-ਸ਼ਾਮ ਮੱਠੀ-ਮੱਠੀ ਠੰਡ ਹੁੰਦੀ। ਰਾਤ ਨੂੰ ਚੱਦਰ ਲੈ ਕੇ ਸੌਣਾ ਪੈਂਦਾ। ਉਹ ਸ਼ਾਮ ਦੇ ਵਕਤ ਆਈ ਸੀ। ਉਸ ਸਮੇਂ ਹੋਰ ਦਰਸ਼ਕ ਕੋਈ ਨਹੀਂ ਸੀ। ਸਲਾਮ ਕੀਤਾ ਤੇ ਕੁਰਸੀ ਖਿਸਕਾ ਕੇ ਅਫ਼ਜ਼ਲ ਦੇ ਕੋਲ ਬੈਠ ਗਈ। ਉਹ ਆਪਣੇ ਕੰਮ ਵਿੱਚ ਮਗਨ ਸੀ। ਬਿਨਾਂ ਝਾਕੇ ਬੋਲਿਆ, 'ਇਤਨੇ ਦਿਨੋਂ ਤੱਕ ਕਹਾਂ ਰਹੀ ਹੋ?'

'ਆਪ ਤੋਂ ਬਾਤ ਭੀ ਨਹੀਂ ਕਰਤੇ ਢੰਗ ਸੇ। ਆ ਕੇ ਕਯਾ ਕਰਤੀ?' ਉਹ ਖਿਝੀ ਹੋਈ ਸੀ।

‘ਢੰਗ ਸੇ ਕੈਸੇ ਹੋਤੀ ਹੈਂ ਬਾਤੇਂ, ਬਤਾਈਏ ਜ਼ਰਾ।' ਅਫ਼ਜ਼ਲ ਦੀ ਨਜ਼ਰ ਕੈਨਵਸ 'ਤੇ ਸੀ। ਉਸ ਨੇ ਪੈਂਟ ਦੀ ਜੇਬ੍ਹ ਵਿੱਚੋਂ ਰੁਮਾਲ ਕੱਢ ਕੇ ਆਪਣਾ ਨੱਕ ਘੁੱਟਿਆ।

'ਜੈਸੇ ਅਬ, ਆਪ ਢੰਗ ਸੇ ਬਾਤ ਨਹੀਂ ਕਰ ਰਹੇ। ਆਪ ਕੇ ਪਾਸ ਕਯਾ ਇਤਨੀ ਫੁਰਸਤ ਭੀ ਨਹੀਂ ਕਿ ...' ਉਹ ਦਾ ਬੋਲ ਰੋਣ-ਹਾਕਾ ਸੀ।

‘ਚਾਏ ਨਹੀਂ ਪਿਲਾਓਗੀ ਕਯਾ ਆਜ?' ਅਫ਼ਜ਼ਲ ਨੇ ਗੱਲ ਟਾਲ ਦਿੱਤੀ।

ਜਮਾਂ ਖਾਤਾ

79