ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਤੇ ਦੇਵਤਾ ਪ੍ਰਸੰਨ ਸੀ

ਸੂਰਜਮੁੱਖ ਦੇ ਉੱਤਰ ਵੱਲ ਇੱਕ ਸ਼ੂਕਦੀ ਨਦੀ ਵਗਦੀ ਸੀ। ਬਰਸਾਤ ਦੇ ਦਿਨਾਂ ਵਿੱਚ ਤਾਂ ਇਹ ਹੋਰ ਵੀ ਤੇਜ਼ ਚੱਲਦੀ, ਭਰੀ-ਭਰੀ, ਫੈਲੀ-ਫੈਲੀ। ਕਿਨਾਰਿਆਂ 'ਤੇ ਕਿੰਨੇ ਹੀ ਪਿੰਡ ਵਸੇ ਹੋਏ ਸਨ। ਬਰਸਾਤ ਦੇ ਦਿਨਾਂ ਵਿੱਚ ਕੋਈ ਪਿੰਡ ਰੁੜ੍ਹ ਜਾਂਦਾ ਤਾਂ ਬਰਸਾਤ ਦਾ ਮੌਸਮ ਲੰਘ ਜਾਣ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਓਸੇ ਥਾਂ ਨਵਾਂ ਪਿੰਡ ਖੜ੍ਹਾ ਹੋ ਜਾਂਦਾ। ਲੋਕਾਂ ਨੇ ਕਿਤੇ ਤਾਂ ਰਹਿਣਾ ਸੀ। ਕਿਤੇ ਵੀ ਰਹਿ ਸਕਦੇ। ਨਦੀ ਦੀ ਕਰੋਪੀ ਤੋਂ ਬਚਣ ਲਈ ਕਿੰਨੀਆਂ ਹੀ ਮੰਨਤਾਂ ਮੰਗਦੇ। ਯੱਗ ਤੇ ਹਵਨ ਕੀਤੇ ਜਾਂਦੇ। ਅਜੀਬ-ਅਜੀਬ ਰਿਵਾਜ ਸਨ। ਸੂਰਜਮੁੱਖ ਵਿੱਚ ਤਾਂ ਹਰ ਸਾਲ ਇੱਕ ਨੌਜਵਾਨ ਦੀ ਬਲੀ ਦਿੱਤੀ ਜਾਂਦੀ।

ਨੇੜੇ-ਤੇੜੇ ਦੇ ਸਾਰੇ ਪਿੰਡਾਂ ਵਿੱਚੋਂ ਇਹ ਵੱਡਾ ਪਿੰਡ ਸੀ। ਇੱਕ ਸਾਲ ਅਜਿਹਾ ਨੌਜਵਾਨ ਬਲੀ ਚੜ੍ਹਦਾ, ਉਹ ਅਗਲੇ ਸਾਲ ਦੀ ਨਰ-ਬਲੀ ਲਈ ਪਿੰਡ ਦੇ ਸਭ ਤੋਂ ਸੁਹਣੇ ਲੜਕੇ ਨੂੰ ਆਪਣੀ ਜੁੱਤੀ ਦੇ ਜਾਂਦਾ। ਤੇ ਫੇਰ ਅਗਲਾ ਸਾਰਾ ਸਾਲ ਉਸ ਨੂੰ ਖੂਬ ਪਾਲ਼ਿਆ ਜਾਂਦਾ। ਬਲੀ ਚੜ੍ਹਨ ਤੋਂ ਸਵਾ ਮਹੀਨਾ ਪਹਿਲਾਂ ਉਹ ਨੌਜਵਾਨ ਪਿੰਡ ਦੀ ਕਿਸੇ ਵੀ ਖ਼ੂਬਸੂਰਤ ਕੁੜੀ ਕੋਲ ਜਾ ਸਕਦਾ। ਜਿਸ ਕੁੜੀ 'ਤੇ ਉਸ ਦਾ ਮਨ ਆਉਂਦਾ, ਉਸ ਦੇ ਮਗਰ ਲੱਗ ਤੁਰਦਾ। ਕੁੜੀ ਆਪਣੇ ਘਰ ਆਉਂਦੀ ਤੇ ਬਾਕੀ ਦਾ ਸਾਰਾ ਟੱਬਰ ਬਾਹਰ ਹੋ ਜਾਂਦਾ। ਨੌਜਵਾਨ ਜੁੱਤੀ ਉਸ ਘਰ ਦੇ ਬਾਰ ਮੂਹਰੇ ਲਾਹ ਦਿੰਦਾ। ਜਿਸ ਦਾ ਮਤਲਬ ਹੁੰਦਾ ਕਿ ਉਹ ਅੰਦਰ ਹੈ। ਬਾਰ ਮੂਹਰੇ ਪਈ ਜੁੱਤੀ ਦੇਖ ਕੇ ਕਿਸੇ ਦੀ ਹਿੰਮਤ ਨਾ ਹੁੰਦੀ ਕਿ ਅੰਦਰ ਜਾ ਸਕੇ। ਕਮਾਲ ਦੀ ਗੱਲ ਇਹ, ਜਿਸ ਬਾਰ ਮੂਹਰੇ ਇਹ ਜੁੱਤੀ ਲਹਿੰਦੀ, ਉਹ ਘਰ ਭਾਗਾਂ ਵਾਲਾ ਸਮਝਿਆ ਜਾਂਦਾ। ਉਹ ਕੁੜੀ ਸੁਲੱਖਣੀ ਗਿਣੀ ਜਾਂਦੀ।

ਹਰ ਸਾਲ ਦਿੱਤੀ ਜਾਂਦੀ ਇਸ ਨਰ-ਬਲੀ ਕਰਕੇ ਸੂਰਜਮੁੱਖ ਪਿੰਡ ਨੂੰ ਸਾਰੀਆਂ ਬਰਕਤਾਂ ਹਾਸਲ ਸਨ। ਫ਼ਸਲ ਵਧੀਆ ਹੁੰਦੀ। ਨਦੀ ਨੇ ਕਦੇ ਏਧਰ ਮੂੰਹ ਨਹੀਂ ਕੀਤਾ। ਸਾਰੇ ਲੋਕ ਸੁਖੀ ਸਨ।

ਗੋਪਾਲ ਬਚਪਨ ਤੋਂ ਬਹੁਤ ਨਰੋਆ ਮੁੰਡਾ ਸੀ। ਸੁਹਣਾ ਵੀ ਬੜਾ। ਉਸ ਦੀ ਮਾਂ ਸੋਚਦੀ ਹੁੰਦੀ, ਉਹ ਤਾਂ ਜ਼ਰੂਰ ਨਰ-ਬਲੀ ਲਈ ਚੁਣਿਆ ਜਾਵੇਗਾ। ਉਸ ਦਾ ਬਾਪ ਸੋਚਦਾ, ਉਹ ਤਾਂ ਜ਼ਰੂਰ ਹੀ ਬਲੀ ਚੜ੍ਹੇਗਾ। ਗੋਪਾਲ ਦੀ ਸਿਹਤ ਤੇ ਸੁਹੱਪਣ ਨੂੰ ਦੇਖ-ਦੇਖ ਮਾਪਿਆਂ ਨੂੰ ਚਾਅ ਚੜ੍ਹਿਆ ਰਹਿੰਦਾ। ਦੇਵਤਾ ਜਿਵੇਂ ਉਨ੍ਹਾਂ ਦੇ ਘਰ 'ਤੇ ਮੁੱਢ ਤੋਂ ਹੀ ਪ੍ਰਸੰਨ ਸੀ। ਸੱਤੇ ਖੈਰਾਂ ਸਨ, ਇਸ ਘਰ ਲਈ।

82

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ