ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/86

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਨਿੰਮੋ

ਉਹ ਦੇ ਘਰਵਾਲਾ ਫ਼ੌਜੀ ਸੀ। ਸਾਲ ਵਿੱਚ ਦੋ ਵਾਰ ਛੁੱਟੀ ਆਉਂਦਾ। ਜਦੋਂ ਆਉਂਦਾ, ਨਿੰਮੋ ਉਹ ਦੇ ਲਈ ਜਿਵੇਂ ਕੋਈ ਖਿਡੌਣਾ ਹੋਵੇ। ਮਸ੍ਹਾਂ ਲੱਭੀ ਕੋਈ ਕੀਮਤੀ ਚੀਜ਼। ਛੁੱਟੀ ਮੌਕੇ ਤੋਂ ਉਹ ਉਦਾਸ ਚਿਹਰਾ ਲੈ ਕੇ ਮੁੜਦਾ। ਦੋਵਾਂ ਦੇ ਚਾਅ ਪੂਰੇ ਨਾ ਹੋਏ ਹੁੰਦੇ। ਬਾਕੀ ਸਮੇਂ ਵਿੱਚ ਉਹ ਸੱਸ ਕੋਲ ਰਹਿੰਦੀ। ਨਾ ਉਹ ਦਾ ਪਿਓ ਸੀ, ਨਾ ਸਹੁਰਾ। ਨਿੰਮੋ ਦਾ ਹੋਰ ਭੈਣ-ਭਾਈ ਵੀ ਕੋਈ ਹੀ ਸੀ।

ਉਹ ਸਾਂਵਲੇ ਰੰਗ ਦੀ ਤਕੜੇ ਜੁੱਸੇ ਵਾਲੀ ਕੁੜੀ ਸੀ। ਨੈਣ-ਨਕਸ਼ ਤਿੱਖੇ। ਉਹ ਦੀਆਂ ਸੋਹਣੀਆਂ ਮੋਟੀਆਂ ਅੱਖਾਂ ਸਾਹਮਣੇ ਜਿਸਮ ਦੇ ਸਾਂਵਲੇ ਰੰਗ ਦੀ ਕੋਈ ਪਹਿਚਾਣ ਨਾ ਰਹਿੰਦੀ।

ਤੋਖਾ ਗੋਰੇ ਰੰਗ ਦਾ ਭਰ ਜਵਾਨ ਗੱਭਰੂ ਸੀ। ਜੁੱਸੇ ਦਾ ਉਹ ਵੀ ਪੂਰਾ। ਤੋਖੇ ਦੀਆਂ ਅੱਖਾਂ ਥੋੜ੍ਹੀਆਂ ਭੂਰੀਆਂ ਸਨ। ਛੁੱਟੀ ਆਇਆ ਉਹ ਨਿੰਮੋ ਦੇ ਇਉਂ ਅੱਗੇ-ਪਿੱਛੇ ਰਹਿੰਦਾ, ਜਿਵੇਂ ਕਦੇ ਕੁਝ ਦੇਖਿਆ ਹੀ ਨਾ ਹੋਵੇ। ਜਾਂ ਕੀ ਪਤਾ ਮੁੜ ਕੇ ਛੁੱਟੀ ਆਉਣਾ ਕਦੇ ਨਸੀਬ ਹੋਵੇਗਾ ਕਿ ਨਹੀਂ? ਨਿੰਮੋ ਲਈ ਦੁਨੀਆ ਜਹਾਨ ਵਿੱਚ ਉਹ ਸਭ ਤੋਂ ਵੱਧ ਸੋਹਣਾ ਸੀ। ਪਰ ਫ਼ੌਜੀ ਦੀ ਤੀਵੀਂ ਨੂੰ ਕਾਹਦਾ ਮਾਣ, ਨਾ ਸੁਹਾਗਣ, ਨਾ ਰੰਡੀ।

ਉਹ ਛੁੱਟੀ ਆਉਂਦਾ ਤਾਂ ਘਰ ਦਾ ਕੁਝ ਨਾ ਕੁਝ ਸੰਵਾਰ ਕੇ ਜਾਂਦਾ। ਇੱਕ ਵਾਰ ਉਹ ਨੇ ਨਵੀਂ ਬਸਤੀ ਵਿੱਚ ਛੋਟਾ ਜਿਹਾ ਪਲਾਟ ਖਰੀਦ ਲਿਆ। ਚਾਰ ਦੀਵਾਰੀ ਵੀ ਕਰ ਦਿੱਤੀ। ਫੇਰ ਇੱਕ ਵਾਰ ਆਇਆ, ਇੱਕ ਕਮਰਾ ਛੱਤ ਲਿਆ। ਅਗਲੀ ਵਾਰ ਦੂਜਾ ਕਮਰਾ ਛੱਤ ਕੇ ਤੇ ਰਸੋਈ-ਗੁਸਲਖ਼ਾਨਾ ਬਣਾ ਕੇ ਨਵੀਂ ਬਸਤੀ ਵਿੱਚ ਜਾ ਰਿਹਾਇਸ਼ ਕੀਤੀ। ਨੂੰਹ-ਸੱਸ ਸਰਦਾਰਨੀਆਂ ਬਣ ਕੇ ਰਹਿੰਦੀਆਂ। ਵਿਹੜੇ ਵਿੱਚ ਤਾਂ ਉਨ੍ਹਾਂ ਦਾ ਪੁਰਾਣਾ ਮਕਾਨ ਨਰਕ ਸੀ। ਲਟੈਣ ਘੁਣੇ ਦੀ ਖਾਧੀ ਤੇ ਕੜੀਆਂ ਸ਼ਤੀਰ ਬੋਦੇ ਹੋ ਚੁੱਕੇ ਸਨ। ਕੋਈ ਪਤਾ ਨਹੀਂ ਸੀ, ਮੀਂਹ-ਕਣੀ ਵਿੱਚ ਕਦੋਂ ਕੋਈ ਖਣ ਡਿੱਗ ਪਵੇਂ ਤੇ ਉਹ ਨੂੰਹ-ਸੱਸ ਛੱਤ ਦੀ ਮਿੱਟੀ ਥੱਲੇ ਦਬੀਆਂ ਪਈਆਂ ਭਾਲੀਆਂ ਵੀ ਕਿਧਰੇ ਨਾ ਥਿਆਉਣ।

ਨਵੀਂ ਬਸਤੀ ਵਿੱਚ ਹੋਰਾਂ ਪਿੰਡਾਂ ਤੋਂ ਆ ਕੇ ਵਸੋਂ ਵੱਖ-ਵੱਖ ਜਾਤ-ਬਰਾਦਰੀਆਂ ਦੇ ਲੋਕ ਸਨ। ਵੱਖ-ਵੱਖ ਕੰਮ-ਧੰਦੇ, ਨੌਕਰੀਆਂ, ਦੁਕਾਨਦਾਰੀਆਂ ਤੇ ਪਤਾ ਨਹੀਂ ਕੀ-ਕੀ ਕਾਰੋਬਾਰ ਸਨ, ਉਨ੍ਹਾਂ ਦੇ। ਹਰ ਘਰ ਦਾ ਆਪਣਾ ਇਕ ਅਲੱਗ ਸੰਸਾਰ ਸੀ। ਘਰ ਨੂੰ ਘਰ ਦੀ ਪਹਿਚਾਣ ਨਹੀਂ ਸੀ। ਪਹਿਚਾਣ ਸੀ ਵੀ ਤਾਂ ਸਿਰਫ਼ ਬੁੱਢੇ ਬੰਦਿਆਂ ਤੇ ਛੋਟੇ

86

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ