ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ, ਮੈਂ ਉਹ ਦਾ ਚੂਲੀਏਂ ਲਹੂ ਪੀਣੇ ਬੱਸ, ਪਾਪੀ ਦਾ। ਫੇਰ ਕਹਿਣ ਲੱਗੀ, 'ਦੇਖ, ਮੈਂ ਤੇਰੀ ਕਪਲਾ ਗਊ ਆਂ, ਮੈਨੂੰ ਗਾਰ 'ਚੋਂ ਕੱਢ ਲੈ। ਉਹ ਨੇ ਸਿਰ ਦੀ ਚੁੰਨੀ ਲਾਹ ਕੇ ਘਣੀਏ ਦੇ ਪੈਰਾਂ 'ਤੇ ਰੱਖ ਦਿੱਤੀ।

ਦੋ ਮਹੀਨੇ ਉਹ ਪਤਾ ਨਹੀਂ ਕਿੱਥੇ-ਕਿੱਥੇ ਫਿਰਦੇ ਰਹੇ। ਕਿਹੜੇ ਦੇਸ਼-ਪ੍ਰਦੇਸ਼ ਗਾਹੇ ਉਨ੍ਹਾਂ ਨੇ। ਅਖ਼ੀਰ ਅਦਾਲਤ ਵਿੱਚ ਪੇਸ਼ ਹੋ ਕੇ ਘਣੀਏ ਨੇ ਦੁਰਗੀ ਨਾਲ ਕਰੇਵਾ ਕਰਵਾ ਲਿਆ ਤੇ ਉਹ ਪਿੰਡ ਆ ਵੜੇ।

ਘਣੀਏ ਦੀ ਸਿਹਰੇ ਬੰਨ੍ਹ ਕੇ ਲਿਆਂਦੀ ਬਹੂ ਪੇਕਿਆਂ ਨੇ ਹੋਰ ਕਿਸੇ ਥਾਂ ਬਿਠਾ ਦਿੱਤੀ। ਬਾਬੂ ਨੇ ਦੂਜਾ ਵਿਆਹ ਕਰਵਾ ਲਿਆ।੍ਰਦੁਰਗੀ ਦਾ ਮੁੰਡਾ ਛਿੰਦਾ ਬਾਬੂ ਕੋਲ ਸੀ।

ਦੁਰਗੀ ਦੇ ਮੁੜ ਕੇ ਕੋਈ ਜੁਆਕ ਨਾ ਹੋਇਆ। ਓਧਰ ਬਾਬੂ ਦੀ ਦੂਜੀ ਬਹੂ ਨੇ ਇਸ ਦੌਰਾਨ ਤਿੰਨ ਜੁਆਕ ਜੰਮ ਲਏ। ਜੱਭਲ ਜਿਹੀ ਔਰਤ ਸੀ, ਪਤਾ ਨਹੀਂ ਹੋਰ ਕਿੰਨੇ ਜੁਆਕ ਜੰਮਣੇ ਸੀ ਉਹਨੇ। ਬਾਬੂ ਏਸ ਤੀਵੀਂ ਤੇ ਪੂਰਾ ਖੁਸ਼ ਰਹਿੰਦਾ।ਉਹ ਸੰਤੁਸ਼ਟ ਸੀ ਕਿ ਉਹ ਬੜੀ ਕੂਨੀ ਹੈ। ਡੱਕਾ ਵੀ ਘਰ ਦਾ ਡੋਲ੍ਹਦੀ-ਵਿਗਾੜਦੀ ਨਹੀਂ। ਆਣ-ਜ਼ਤ ਸੰਭਾਲ ਕੇ ਰੱਖਣ ਵਾਲੀ ਤੀਵੀਂ ਹੈ। ਹਮੇਸ਼ਾ ਧਰਤੀ 'ਤੇ ਨਿਗਾਹ ਰੱਖਦੀ ਹੈ। ਦੁਰਗੀ ਵਰਗੀ ਹੰਕਾਰੀ ਹੋਈ ਨਹੀਂ ਹੈ।

ਬਾਬੂ ਦੀ ਤੀਵੀਂ ਤੋਂ ਆਪਣੇ ਜੁਆਕ ਹੀ ਮਸ੍ਹਾਂ ਸੰਭਲਦੇ, ਛਿੰਦੇ ਨੂੰ ਉਹ ਵਾਧੂ ਜਿਹਾ ਸਮਝਦੀ। ਉਹ ਨੂੰ ਕੁੱਤਿਆਂ-ਬਿੱਲਿਆ ਵਾਂਗ ਰੋਟੀ ਦਿੰਦੀ। ਉਹ ਨੂੰ ਯਾਦ ਹੀ ਨਹੀਂ ਰਹਿੰਦਾ ਸੀ, ਛਿੰਦੇ ਨੇ ਰੋਟੀ ਖਾ ਲਈ ਹੈ ਜਾਂ ਨਹੀਂ। ਦੂਜੇ ਜੁਆਕ ਰੋਟੀ ਖਾਣ ਲੱਗਦੇ ਤਾਂ ਉਹ ਵੀ ਉਨ੍ਹਾਂ ਵਿੱਚ ਬੈਠ ਜਾਂਦਾ। ਚਾਹ ਵੇਲੇ ਉਹ ਵੀ ਆਪਣਾ ਗਲਾਸ ਚੁੱਕ ਲੈਂਦਾ। ਸਿਰ ਤੇੜ ਦੇ ਕੱਪੜੇ ਉਹ ਆਪ ਹੀ ਕੁੱਟ-ਧੋ ਲੈਂਦਾ ਸੀ।

ਵੱਡਾ ਮੁੰਡਾ ਸਕੂਲ ਪੜ੍ਹਨ ਲਾਇਆ ਤਾਂ ਛਿੰਦਾ ਵੀ ਸਕੂਲ ਜਾਣ ਲੱਗ ਪਿਆ। ਚਾਹੇ ਛਿੰਦਾ ਉਹ ਤੋਂ ਚਾਰ ਵਰ੍ਹੇ ਵੱਡਾ ਸੀ, ਉਹ ਦੋਵੇਂ ਪਹਿਲੀ ਜਮਾਤ ਵਿੱਚ ਪੜਨ ਲੱਗੇ।

ਜਿਵੇਂ ਕਿ ਹੁੰਦਾ ਸੀ, ਪਹਿਲੀਆਂ ਜਮਾਤਾਂ ਵਿੱਚ ਜੁਆਕ ਦੂਜੇ ਮਹੀਨੇ ਕੈਦਾ-ਕਿਤਾਬ ਪਾੜ ਦਿੰਦੇ ਹਨ। ਉਨ੍ਹਾਂ ਦੀਆਂ ਦੁਆਤਾਂ-ਪੈਨਸਿਲਾਂ ਤਾਂ ਨਿੱਤ ਗੁਆਚੀਆਂ ਰਹਿੰਦੀਆਂ ਹਨ। ਪੈਨਸਿਲਾਂ-ਕਲਮਾਂ ਨੂੰ ਉਹ ਘੜ-ਘੜ ਹੀ ਮੁਕਾ ਦਿੰਦੇ ਹਨ। ਟੀਨ ਦੀਆਂ ਸਲੇਟਾਂ ਨੂੰ ਕਾਤਰੀਆਂ ਬਣਾ ਲੈਂਦੇ ਹਨ। ਬਾਬੂ ਦੀ ਤੀਵੀ ਆਪਣੇ ਮੁੰਡੇ ਨੂੰ ਤਾਂ ਨਵੀਆਂ ਚੀਜ਼ਾਂ ਲੈ ਦਿੰਦੀ, ਛਿੰਦੇ ਨਾਲ ਲੜਦੀ। ਉਹ ਨੂੰ ਕੁਟਦੀ-ਮਾਰਦੀ ਵੀ। ਆਖਦੀ-'ਨਿੱਤ ਮੈਂ ਤੈਨੂੰ ਕੀ-ਕੀ ਲੈ ਕੇ ਦੇਈ ਜਾਵਾਂ ਵੇ?' ਰੱਜੀ-ਧਾਈ ਮੈਂ ਤੇਰੀਆਂ ਪੜ੍ਹਾਈਆਂ ਤੋਂ। ਸਿਰ ਚੜ੍ਹਾਅ ਰੱਖਿਐ, ਪਿਓ ਨੇ ਤੈਨੂੰ ਚੀਚਲੇ ਨੂੰ। ਅਖੇ ਪੜ੍ਹਾਉਂਗਾ ਇਹ ਨੂੰ। ਫੇਰ ਕਿਧਰੋਂ ਬਣਜੇਂਗਾ ਤੂੰ ਤਹਿਸੀਲਦਾਰ, ਇਹੀ ਰਹੇਂਗਾ ਡੰਗਰ ਦਾ ਡੰਗਰ। ਮ੍ਹੈਸ ਲੈ ਕੇ ਜਾਇਆ ਕਰ ਖੇਤ ਨੂੰ। ਹੋ ਗੀਆਂ ਤੇਰੀਆਂ ਪੜਾਈਆਂ।

ਉਹ ਦੇ ਕੋਲ ਕਿਤਾਬ ਨਾ ਹੁੰਦੀ, ਫੁੱਟੀ ਹੁੰਦੀ ਜਾਂ ਕਲਮ-ਦਵਾਤ ਤਾਂ ਸਕੂਲ ਵਿੱਚ ਮਾਸਟਰਾਣੀ ਉਹ ਦੇ ਨਾਲ ਵੈਰ ਬੰਨ੍ਹ ਲੈਂਦੀ। ਉਹ ਨੂੰ ਡੰਡੇ ਨਾਲ ਕੁੱਟਦੀ। ਪੁੱਠੇ ਕੰਨ ਫੜਾ ਕੇ ਮੁਰਗਾ ਬਣਾਈ ਰੱਖਦੀ। ਛਿੰਦਾ ਆਪਣੀ ਕਿਸਮਤ ਨੂੰ ਰੋਂਦਾ।

ਉਹਦੀ ਮਤੇਰ ਉਹਨੂੰ ਉਧਲ ਗਈ ਮਾਂ ਦੇ ਮਿਹਣੇ ਮਾਰਦੀ। ਅਲੇਲ ਮਨ ’ਤੇ ਪ੍ਰਭਾਵ ਤਾਂ ਦਿਨੋ-ਦਿਨ ਡੂੰਘੇ ਹੁੰਦੇ ਜਾ ਰਹੇ ਸਨ, ਪਰ ਉਹ ਬੋਲਦਾ ਕੁਝ ਨਹੀਂ ਸੀ। ਸਭ ਚੁੱਪ-ਚਾਪ ਸਹਿੰਦਾ

ਨਾੜੂਆ
93