ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਉੱਜੜੀ-ਉੱਖੜੀ

ਅੱਜ ਮੈਂ ਤੁਹਾਨੂੰ ਰਾਮਕੁਰ ਬੁੜ੍ਹੀ ਦੀ ਕਹਾਣੀ ਸੁਣਾਉਂਦਾ ਹਾਂ। ਇਸ ਕਹਾਣੀ ਦਾ ਇੱਕ ਹਿੱਸਾ ਮੈਂ ਸੁਣਿਆ ਸੀ, ਤਿੰਨ ਹਿੱਸੇ ਆਪ ਵਾਪਰਦੇ ਦੇਖੇ।

ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ-ਪੰਜਾਬ ਦੇ ਪਿੰਡਾਂ ਵਿੱਚ ਥੁੜੇ-ਟੁੱਟ ਕਿਸਾਨ ਘਰ ਦੀ ਕਬੀਲਦਾਰੀ ਸੰਢਣ ਲਈ ਆਪਣੀਆਂ ਧੀਆਂ ਦਾ ਮੁੱਲ ਵੱਟ ਲੈਂਦੇ ਸਨ।

ਪਿਓ ਦੀ ਉਹ ਇਕੱਲੀ ਧੀ ਸੀ ਤੇ ਆਪਣੇ ਤਿੰਨ ਭਰਾਵਾਂ ਤੋਂ ਵੱਡੀ। ਭਰ ਜਵਾਨੀ ਵਿੱਚ ਉਹ ਦੇਖਣ ਵਾਲੀ ਕੁੜੀ ਸੀ। ਫੁਰਤੀਲੀ ਤੇ ਸੱਫ਼ਰ। ਕੱਦ ਉਹ ਦਾ ਚਾਹੇ ਮਧਰਾ ਰਹਿ ਗਿਆ ਸੀ। ਤੇ ਫੇਰ ਇਹ ਦੇ ਹੋਰ ਵਧਣ ਦੀ ਆਸ ਵੀ ਘੱਟ ਸੀ, ਪਰ ਉਹ ਦਾ ਰੰਗ ਤੇ ਨੈਣ-ਨਕਸ਼ ਦਿਲਖਿੱਚ ਸਨ। ਗਠਿੱਲ ਜਿਹੀ ਰਾਮੋ ਤਾਂ ਮਾਂ ਉੱਤੇ ਗਈ ਸੀ।

ਓਸੇ ਅਗਵਾੜ ਵਿੱਚ ਨਾਨਕੀਂ ਆਇਆ ਮੁੰਡਾ ਗੁਰਚਰਨ ਉਹ ਨੇ ਮੋਹ ਲਿਆ। ਤੈਂ ਮੈਂ ਮੋਹ ਲਿਆ ਨੀ,

ਮੋਤੀ ਬਾਗ ਦੀਏ ਕੂੰਜੇ।

ਗੁਰਚਰਨ ਛੇ ਮਹੀਨੇ ਓਸੇ ਪਿੰਡ ਰਿਹਾ। ਪਤਾ ਨਈਂ, ਮਾਮੇ ਦੀ ਖੇਤੀ ਵਿੱਚ ਉਹ ਹੱਥ ਵਟਾਉਣ ਲਈ ਜਾਂ ਰਾਮੋ ਕਰਕੇ। ਆਪਣੇ ਮਾਂ-ਬਾਪ ਦਾ ਉਹ ਸੱਤਵਾਂ ਪੁੱਤ ਸੀ, ਸਭ ਤੋਂ ਛੋਟਾ। ਉਨ੍ਹਾਂ ਕੋਲ ਜ਼ਮੀਨ ਥੋੜ੍ਹੀ ਹੋਵੇਗੀ, ਇਸੇ ਕਰਕੇ ਉਹ ਦੇ ਪਿੰਡ ਉਹ ਦੀ ਕੋਈ ਖ਼ਾਸ ਲੋੜ ਨਹੀਂ ਹੋਣੀ। ਕੋਈ ਕਾਰਨ ਜ਼ਰੂਰ ਸੀ। ਉਹ ਛੇ ਮਹੀਨੇ ਮਾਮੇ ਦੇ ਘਰ ਹੀ ਬੈਠਾ ਰਿਹਾ।

ਇੱਕ ਦਿਨ ਰਾਮੋ ਉਹ ਨੂੰ ਕਹਿੰਦੀ, 'ਮੇਰੇ ਪਿਓ ਨੇ ਤੇਰੇ ਨਾਲ ਵਿਆਹ ਤਾਂ ਮੇਰਾ ਕਰਨਾ ਨੀ, ਤੂੰ ਊਂ ਲੈ ਚੱਲ ਮੈਨੂੰ। ਕਿਧਰੇ ਲੈ ਚੱਲ। ਮੈਂ ਤਾਂ ਤੇਰੀ ਚੱਪਾ ਰੋਟੀ ਖਾ ਕੇ ਹਾਰਨ ਮਾਰ ਲਿਆ ਕਰੂੰ।’

ਉਹਨੇ ਰੋਣਹਾਕਾ ਹੋ ਕੇ ਜਵਾਬ ਦਿੱਤਾ, 'ਕਿੱਥੇ ਲੈ ਚੱਲਾਂ ਤੈਨੂੰ?' ਮੇਰੇ ਤਾਂ ਹੱਥ ਪੱਲੇ ਈ ਕੁਸ਼ ਨ੍ਹੀਂ। ਮੈਂ ਤਾਂ ਨੰਗ ਮਲੰਗ ਆਂ।'

'ਫੇਰ, ਮਾੜੇ ਖਲਣੇ ਦਿਆ ਜੱਟਾ, ਫੁੱਲ-ਬੂਹਕੀ ਕਿਉਂ ਤੋੜੀ? ਲਿਆ ਤੇਰਾ ਪਾੜਾਂ ਸਿਰ।’ ਰਾਮੋ ਨੇ ਇੱਕ ਇੱਟ ਚੁੱਕ ਲਈ ਸੀ। ਉਹ ਉਹਦੇ ਕੋਲੋਂ ਉੱਠ ਕੇ ਤੁਰ ਹੀ ਗਿਆ, ਨਹੀਂ ਤਾਂ ਰਾਮੋ ਦਾ ਜੀਅ ਕਰਦਾ ਸੀ ਕਿ ਉਹ ਗਲ ਘੁੱਟ ਕੇ ਉਹ ਨੂੰ ਮਾਰ ਦੇਵੇ।

ਚੰਦਰੇ ਨੇ ਐਨੀ ਗੱਲ ਵੀ ਨਾ ਮੰਨੀ ਉਹਦੀ। ਕਿੱਥੇ ਤਾਂ ਉਹ ਇੱਟ ਮਾਰ ਕੇ ਉਹਦਾ ਸਿਰ ਪਾੜਨ ਨੂੰ ਤਿਆਰ ਸੀ ਤੇ ਉਹਦਾ ਗਲ ਘੁੱਟ ਕੇ ਉਹਨੂੰ ਖ਼ਤਮ ਕਰ ਦੇਣਾ

ਉੱਜੜੀ-ਉੱਖੜੀ

95