ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੁੰਦੀ ਸੀ, ਪਰ ਜਦੋਂ ਉਹ ਉਹਦੇ ਕੋਲੋਂ ਦੂਰ ਚਲਿਆ ਗਿਆ ਤਾਂ ਉਹ ਮੱਥੇ 'ਤੇ ਦੋਵੇਂ ਹੱਥ ਰੱਖ ਕੇ ਰੋਣ ਲੱਗੀ। ਮੁੜਕੇ ਉਹ ਉਹਨੂੰ ਕਦੇ ਨਹੀਂ ਮਿਲਿਆ। ਮਾਮੇ ਦਾ ਘਰ ਛੱਡ ਕੇ ਆਪਣੇ ਪਿੰਡ ਨੂੰ ਤੁਰ ਗਿਆ ਸੀ।

ਰਾਮੋ ਦੇ ਬਾਪ ਨੇ ਉਹ ਦਾ ਛੇ ਸੌ ਰੁਪਿਆ ਲਿਆ। ਦੋ ਸੌ ਵਿੱਚ ਤਾਂ ਮਾੜਾ-ਮੋਟਾ ਕੁੜੀ ਦਾ ਝੱਗਾ-ਚੁੰਨੀ ਆ ਗਿਆ ਤੇ ਦਸ ਬੰਦਿਆਂ ਦੀ ਸੇਵਾ ਹੋ ਗਈ, ਚਾਰ ਸੌ ਉਹ ਦੀ ਘਰ ਕਬੀਲਦਾਰੀ ਵਿੱਚ ਸਹਾਈ ਹੋਇਆ। ਉਨ੍ਹਾਂ ਦਿਨਾਂ ਵਿੱਚ ਛੇ ਸੌ ਅੱਜ ਦੇ ਛੇ ਹਜਾਰ ਜਿੰਨਾ ਹੋਵੇਗਾ। ਇੱਥੋਂ ਤੱਕ ਮੈਂ ਇਹ ਕਹਾਣੀ ਸੁਣੀ ਹੋਈ ਸੀ।

ਮੇਰੇ ਦੇਖਦੇ-ਦੇਖਦੇ ਰਾਮ ਕੁਰ ਨੇ ਪੰਜ ਮੁੰਡੇ ਜੰਮੇ। ਪੰਜੇ ਮੁੰਡੇ ਗਲ੍ਹੋਟਾਂ ਵਰਗੇ ਕਦੇ ਕਿਸੇ ਨੂੰ ਤਾਪ-ਸਰਵਾਹ ਨਹੀਂ ਚੜ੍ਹਿਆ ਸੀ ਤੇ ਨਾ ਹੀ ਔਖ-ਕੰਨ ਦੁਖਦਾ। ਕੁੜੀ ਕੋਈ ਨਹੀਂ ਸੀ।

ਰਾਮ ਕੁਰ ਦਾ ਘਰਵਾਲਾ ਚਾਨਣ ਸਿੰਘ ਉਹ ਦੇ ਮੂਹਰੇ ਮਿੱਟੀ ਬਣ ਕੇ ਰਹਿੰਦਾ। ਉਹ ਦੇ ਆਪਣੇ ਵਿੱਚ ਹੀ ਨੁਕਸ ਸੀ। ਉਹ ਕੰਮ ਘੱਟ ਕਰਦਾ, ਦਾਰੂ ਬਹੁਤੀ ਪੀਂਦਾ। ਦਾਰੂ ਦੀ ਬਿਮਾਰੀ ਉਹ ਨੂੰ ਨਿੱਤ ਵਾਂਗ ਸੀ। ਕਿਤੇ ਵੀ ਮਿਲਦੀ, ਬਸ ਲਾਲਾਂ ਸੁੱਟ ਲੈਂਦਾ। ਰਾਮ ਕੁਰ ਹੀ ਏਧਰੋਂ-ਓਧਰੋਂ ਟੱਬਰ ਦੇ ਖਾਣ ਦਾ ਬੰਦੋਬਸਤ ਕਰਦੀ। ਉਹ ਨੇ ਆਪਣੇ ਜਵਾਕ ਵੀ ਤਾਂ ਪਾਲਣੇ ਸਨ। ਜਿੰਨੀ ਕੁ ਵੀ ਜ਼ਮੀਨ ਸੀ, ਉਹ ਨੂੰ ਹਿੱਸੇ 'ਤੇ ਦੇ ਕੇ ਵਾਹੀ ਕਰਵਾਉਂਦੀ, ਵੇਚਣ-ਵੱਟਣ ਦਾ ਕੰਮ ਆਪਣੇ ਹੱਥ ਰੱਖਦੀ। ਚਾਨਣ ਜਦੋਂ ਵੀ ਘਰ ਹੁੰਦਾ, ਉਹ ਦੇ ਨਾਲ ਉਹ ਲੜਦੀ ਰਹਿੰਦੀ। ਦੋ-ਤਿੰਨ ਵਾਰੀ ਤਾਂ ਉਹ ਨੇ ਚਾਨਣ ਨੂੰ ਕੁੱਟਿਆ ਵੀ ਸੀ। ਗੋਹੇ ਵਾਲਾ ਫਹੁੜਾ ਚੁੱਕ ਲੈਂਦੀ। ਪਰ ਜਦੋਂ ਕਦੇ ਉਹ ਢਿੱਲਾ ਮੱਠਾ ਹੋ ਜਾਂਦਾ, ਉਹ ਉਸਦੀ ਸੇਵਾ ਕਰਦੀ। ਪਿੰਡ ਦੇ ਡਾਕਟਰ ਤੋਂ ਦਵਾਈਆਂ ਲਿਆ ਕੇ ਦਿੰਦੀ। ਗਾਲ੍ਹਾਂ ਵੀ ਕੱਢਦੀ ਰਹਿੰਦੀ।

ਰਾਮ ਕੁਰ ਆਂਢ-ਗੁਆਂਢ ਨਾਲ ਵੀ ਬਣਾ ਕੇ ਨਹੀਂ ਰੱਖਦੀ ਸੀ। ਨਿੱਕੀ-ਨਿੱਕੀ ਗੱਲ ’ਤੇ ਆਢਾ ਲਾ ਕੇ ਬੈਠ ਜਾਂਦੀ। ਘੰਟਾ-ਘੰਟਾ, ਦੋ-ਦੋ ਘੰਟੇ ਗਾਲ੍ਹਾਂ ਹੀ ਕੱਢੀ ਜਾਂਦੀ। ਡਰਦਾ ਉਹਦੇ ਨਾਲ ਕੋਈ ਪੰਗਾ ਨਹੀਂ ਲੈਂਦਾ ਸੀ। ਆਂਢ-ਗੁਆਂਢ ਆਖਦਾ, ‘ਇਹ ਤਾਂ ਬਘਿਆੜੀ ਐ। ਇਹ ਨੂੰ ਤਾਂ ਮੱਥਾ ਟੇਕਿਆ ਬਾਬਾ।’ ਪਰ ਆਂਢ-ਗੁਆਂਢ ਵਿੱਚ ਉਹ ਕਿੰਨਾ ਵੀ ਕਿਸੇ ਨਾਲ ਲੜ-ਝਗੜ ਹਟਦੀ। ਦੂਰੋ-ਦੂਰੀ ਹੋ ਚੁੱਕੀ ਹੁੰਦੀ, ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਜ਼ਰੂਰ ਸ਼ਾਮਲ ਹੁੰਦੀ।

ਲੋਕ ਆਖਦੇ ਹੁੰਦੇ, ‘ਚਾਨਣ ਤੀਮੀਂ ਦਾ ਠਿੱਠ ਕੀਤਾ ਈ ਦਾਰੂ ਪੀਂਦੈ ਨਿੱਤ। ਇਹ ਬਘਿਆੜੀ ਉਹ ਨੂੰ ਚੈਨ ਨਾਲ ਜਿਉਣ ਨ੍ਹੀ ਦਿੰਦੀ। ਆਰਾਂ ਲਾਈ ਜਾਊ, ਲਾਈ ਜਾਊ।'

ਕਿਸੇ ਮੁੰਡੇ-ਖੁੰਡੇ ਦੀ ਮਜਾਲ ਨਹੀਂ ਸੀ ਕਿ ਰਾਮ ਕੁਰ ਨੂੰ ਕੋਈ ਗ਼ੰਦਾ ਮਖੌਲ ਕਰ ਸਕੇ। ਸਭ ਚਾਚੀ-ਚਾਚੀ ਕਰਦੇ। ਉਹ ਗੋਲ ਮਸ਼ਕਰੀਆਂ ਵੀ ਸਮਝਦੀ। ਅਗਲੇ ਨੂੰ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ।

ਇੱਕ ਦਿਨ ਚਾਨਣ ਤੀਮੀਂ ਦੇ ਦੁੱਖ ਦਾ ਮਾਰਿਆ ਕਿਧਰੇ ਗਾਇਬ ਹੋ ਗਿਆ। ਰਾਮ ਕੁਰ ਪੰਜ-ਸੱਤ ਦਿਨ ਤਾਂ ਉਹ ਦਾ ਕੋਈ ਉੱਤਾ ਨਾ ਵਾਚਿਆ, ਫੇਰ ਉਹ ਦਾ

96

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ