ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਿਕਰ ਕਰਨ ਲੱਗੀ। ਉਹ ਨੇ ਲਵੇ-ਲੌਣੇਦੇ ਪਿੰਡਾਂ ਵਿੱਚ ਬੰਦੇ ਭਿਜਵਾਏ। ਉਹ ਦੇ ਮੁੰਡੇ ਰਿਸ਼ਤੇਦਾਰੀਆਂ ਵਿੱਚ ਉਹ ਨੂੰ ਲੱਭਣ ਗਏ, ਪਰ ਉਹ ਕਿਤੇ ਵੀ ਨਹੀਂ ਸੀ। ਰਾਮ ਕੁਰ ਉਹ ਦਾ ਝੋਰਾ ਕਰਦੀ ਤੇ ਕਦੇ-ਕਦੇ ਚੁੱਲ੍ਹੇ ਦੇ ਵੱਟੇ ਕੋਲ ਬੈਠ ਕੇ ਉਹ ਦੇ ਕੀਰਨੇ ਪਾਉਣ ਲੱਗ ਪੈਂਦੀ। ਆਂਢਣਾਂ-ਗੁਆਂਢਣਾਂ ਇਹ ਉਹ ਦੇ ਖੇਖਣ ਸਮਝਦੀਆਂ ਆਖਦੀਆਂ:-

ਜਿਉਂਦਾ ਜੀਅ ਨਾ ਮੰਨਿਆ।

ਮਰਿਆ ਦੁਹੱਥੜ ਪਿੱਟਿਆ।

ਜਦੋਂ ਕਈ ਮਹੀਨੇ ਗੁਜ਼ਰ ਗਏ ਤਾਂ ਲੋਕਾਂ ਨੇ ਖਿਆਲ ਕੀਤਾ, ਚਾਨਣ ਜ਼ਰੂਰ ਕਿਸੇ ਖੂਹ-ਖਾਤੇ ਪੈ ਕੇ ਮਰ ਗਿਆ ਹੈ। ਜਿਉਂਦਾ ਹੁੰਦਾ ਤਾਂ ਹੁਣ ਨੂੰ ਕਦੋਂ ਦਾ ਮੁੜ ਆਇਆ ਹੁੰਦਾ।

‘ਕੁਸ ਵੀ ਸੀ, ਸਿਰ ਦਾ ਸਾਈਂ ਤਾਂ ਸੀ।' ਕੋਈ ਆਖਦਾ।

'ਏਸ ਬਘਿਆੜੀ ਕੰਨੀਓਂ ਤਾਂ ਉਹ ਜਿਉਂਦਾ ਵੀ ਮਰਿਆਂ ਅਰਗਾ ਸੀ। ਇਹ ਨੇ ਤਾਂ ਇੱਕ ਦਿਨ ਵੀ ਆਦਰ-ਊਦਰ ਨੀ ਕੀਤਾ ਸੀ ਉਹਦਾ। ਜਿਮੇਂ ਕੁੱਤੇ ਨੂੰ ਦੂਰੋਂ ਬੁਰਕੀ ਸਿੱਟ ਦੇਈ ਦੀਐ, ਕੋਈ ਜੂਨ ਅਰਗੀ ਜੂਨ ਸੀ ਉਹਦੀ।’ ਬਹੁਤੇ ਰਾਮ ਕੁਰ ਨੂੰ ਬੁਰਾ-ਭਲਾ ਕਹਿੰਦੇ।

ਰਾਮ ਕੁਰ ਦੇ ਦੋ ਵੱਡੇ ਮੁੰਡੇ ਜੁਆਨ ਹੋਏ ਤਾਂ ਉਹ ਨੇ ਉਨ੍ਹਾਂ ਨੂੰ ਵਿਆਹ ਲਿਆ। ਅੰਗਰੇਜ਼ ਸਿੰਘ ਤੇ ਗੁਰਜੰਟ ਸਿੰਘ ਦੋਵੇਂ ਹੀ ਮਾਂ ਦੀ ਆਖੀ ਵਿੱਚ ਰਹਿੰਦੇ। ਬਹੂਆਂ ਬਹੁਤ ਛੈਲ ਸਨ। ਸੱਸ ਦੀਆਂ ਪਾਤਲੀਆਂ ਥੱਲੇ ਹੱਥ ਦਿੰਦੀਆਂ। ਘਰ ਦਾ ਸਾਰਾ ਕੰਮ ਉਨ੍ਹਾਂ ਨੇ ਸਾਂਭ ਲਿਆ।

ਰਾਮ ਕੁਰ ਨੂੰ ਮਹਿਸੂਸ ਹੋਣ ਲੱਗਿਆ, ਜਿਵੇਂ ਦੋਵੇਂ ਮੁੰਡੇ ਬਹੂਆਂ ਦੇ ਹੀ ਬਹੁਤੇ ਬਣਦੇ ਜਾਂਦੇ ਹੋਣ। ਬਹੂਆਂ ਦੇ ਹੀ ਗੋਡੇ ਮੁੱਢ ਬੈਠੇ ਰਹਿੰਦੇ ਹੋਣ। ਜਿਵੇਂ ਖੇਤੀ ਦੇ ਕੰਮਾਂ ਵੱਲ ਉਨ੍ਹਾਂ ਦਾ ਧਿਆਨ ਘਟ ਗਿਆ ਹੋਵੇ, ਰਾਤ ਬਹੂ ਦੀ, ਦਿਨ ਖੇਤਾਂ ਦਾ-ਇਹ ਗੱਲ ਤਾਂ ਮੰਨੀ ਭਲਾਂ। ਪਰ ਇਹ ਕਿਵੇਂ-ਰਾਤ ਵੀ ਬਹੂ ਦੀ, ਦਿਨ ਵੀ ਬਹੂ ਦਾ। ਇਹ ਬਹੂਆਂ ਤਾਂ ਮੁੰਡਿਆਂ ਨੂੰ ਗਾਲ ਕੇ ਰੱਖ ਦੇਣਗੀਆਂ। ਉਹ ਮੁੰਡਿਆਂ ਨੂੰ ਝਿੜਕਣ ਲੱਗੀ। ਬਹੂਆਂ ਨੂੰ ਵੀ ਹਰਖ਼-ਹਰਖ਼ ਪਿਆ ਕਰੇ।

ਮੁੰਡਿਆਂ ਨਾਲ ਲੜਾਈ ਇੱਥੋਂ ਤੱਕ ਵਧ ਗਈ ਕਿ ਉਨ੍ਹਾਂ ਨੂੰ ਘਰ ਛੱਡਣਾ ਪੈ ਗਿਆ। ਮੁਰੱਬਾ ਬੰਦੀ ਵੇਲੇ ਫਿਰਨੀ ’ਤੇ ਕੱਟਿਆ ਉਨ੍ਹਾਂ ਦਾ ਪਲਾਟ ਖਾਲੀ ਪਿਆ ਸੀ। ਦੋਵੇਂ ਭਰਾਵਾਂ ਨੇ ਔਖੇ-ਸੁਖਾਲੇ ਹੋ ਕੇ ਉੱਥੇ ਦੋ ਕੋਠੇ ਛੱਤ ਲਏ ਤੇ ਬਹੂਆਂ ਨੂੰ ਨਾਲ ਲੈ ਕੇ ਰਹਿਣ ਲੱਗੇ। ਉਨ੍ਹਾਂ ਦੇ ਦੋ-ਦੋ ਜਵਾਕ ਵੀ ਹੋ ਚੁੱਕੇ ਸਨ। ਦੋਵੇਂ ਭਰਾ ਹੋਰਾਂ ਜਿਮੀਂਦਾਰਾਂ ਦੀ ਜ਼ਮੀਨ ਹਿੱਸੇ 'ਤੇ ਲੈ ਕੇ ਗੁਜ਼ਾਰਾ ਕਰਦੇ। ਆਪਣੀ ਜ਼ਮੀਨ 'ਤੇ ਬੁੜ੍ਹੀ ਉਨ੍ਹਾਂ ਨੂੰ ਨਹੁੰ ਵੀ ਨਹੀਂ ਧਰਨ ਦਿੰਦੀ ਸੀ। ਮੁੰਡਿਆਂ ਦੇ ਨਾਉਂ ਜ਼ਮੀਨ ਚੜ੍ਹੀ ਵੀ ਨਹੀਂ ਸੀ, ਕਿਉਂ ਜੋ ਉਨ੍ਹਾਂ ਦੇ ਪਿਓ ਚਾਨਣ ਸਿੰਘ ਦੇ ਮਰਨ ਦਾ ਕੋਈ ਪੱਕਾ ਸਬੂਤ ਨਹੀਂ ਸੀ। ਰਾਮ ਕੁਰ ਹੀ ਸਭ ਕਾਸੇ ਨੂੰ ਜੱਫ਼ਾ ਮਾਰੀ ਬੈਠੀ ਸੀ।

ਪਰ ਅਜੀਬ ਸੀ ਰਾਮ ਕੁਰ ਦੀ ਮਿੱਟੀ। ਵੱਡੇ ਮੁੰਡਿਆਂ ਤੇ ਬਹੂਆਂ ਵੱਲ ਤਾਂ ਉਹ ਥੱਕ ਕੇ ਲੰਘਦੀ ਜਾਂ ਉਨ੍ਹਾਂ ਵਿੱਚੋਂ ਦਿੱਸ ਪੈਂਦਾ ਤਾਂ ਪਾਸਾ ਵੱਟ ਲੈਂਦੀ। ਪਰ ਉਨ੍ਹਾਂ ਦਾ

ਉੱਜੜੀ-ਉੱਖੜੀ

97