ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਈ ਜਵਾਕ ਜੇ ਭੁੱਲ-ਭੁਲੇਖੇ ਰਾਮ ਕੁਰ ਦੇ ਘਰ ਆ ਵੜਦਾ ਤਾਂ ਉਹ ਨੂੰ ਉਹ ਹਾਰੇ ਦੀ ਤੌੜੀ ਵਿੱਚੋਂ ਸੂਹਾ-ਸੂਹਾ ਦੁੱਧ ਵਿੱਚ ਖੰਡ ਦੀ ਕੜਛੀ ਘੋਲ ਕੇ ਪਿਆਉਂਦੀ। ਜਵਾਕ ਦੀਆਂ ਵਾਗੀਆਂ ਲੈਣ ਲੱਗਦੀ।

ਫੇਰ ਉਹ ਨੇ ਘੀਚਰ ਤੇ ਦੁੱਲਾ ਛੋਟੇ ਮੁੰਡੇ ਵਿਆਹ ਲਏ। ਇੱਕੋ ਘਰ ਵਿਆਹੇ-ਬਹੂਆਂ ਸਕੀਆਂ ਭੈਣਾਂ ਸਨ। ਵਿਆਹ ਵਿੱਚ ਅੰਗਰੇਜ਼ ਤੇ ਗੁਰਜੰਟ ਨੂੰ ਨਹੀਂ ਸੱਦਿਆ, ਨਾ ਉਨ੍ਹਾਂ ਦੀਆਂ ਬਹੂਆਂ ਆਈਆਂ। ਨਿਆਣੇ ਆਪਣੇ-ਆਪ ਹੀ ਆ ਵੜੇ ਸਨ। ਰਾਮ ਕੁਰ ਨਿਆਣਿਆਂ ਨੂੰ ਖਵਾਉਂਦੀ-ਪਿਆਉਂਦੀ ਤੇ ਉਨ੍ਹਾਂ ਦੇ ਕਪੂਤ ਪਿਊਆਂ ਨੂੰ ਗਾਲ੍ਹਾਂ ਕੱਢਦੀ।

‘ਵੇ ਤੂੰ ਪਿਓ ਵਰਗਾ ਨਾ ਨਿਕਲ ਜੀਂ?' ਅੰਗਰੇਜ਼ ਦੇ ਮੁੰਡੇ ਨੂੰ ਉਹ ਆਖਦੀ।

‘ਨੀਂ ਤੈਨੂੰ ਮਾਂ ਨੇ ਔਣ ਦੇ 'ਤਾਂ ਮੇਰੇ ਘਰ?' ਗੁਰਜੰਟ ਦੀ ਕੁੜੀ ਵੱਲ ਉਹ ਕੌੜ-ਕੌੜ ਝਾਕਦੀ। ਪਰ ਉਹ ਦੀ ਜੇਬ੍ਹ ਲੱਡੂਆਂ ਨਾਲ ਭਰ ਦਿੰਦੀ।

ਘੀਚਰ-ਦੁੱਲੇ ਦੇ ਵਿਆਹ ਤੋਂ ਦੋ ਕੁ ਸਾਲਾਂ ਬਾਅਦ ਰਾਮ ਕੁਰ ਨੇ ਇੱਕ ਮੱਝ ਹੋਰ ਲੈ ਲਈ। ਇੱਕ ਪਹਿਲਾਂ ਜੋ ਸੀ, ਬੁੱਢੀ ਹੋ ਚੁੱਕੀ ਸੀ। ਉਹ ਢੋਲ ਵਾਲੇ ਮੁੰਡੇ ਨੂੰ ਦੋਵਾਂ ਮੱਝਾਂ ਦਾ ਦੁੱਧ ਪਾਉਣ ਲੱਗੀ। ਅਗਲੇ ਸਾਲ ਇਕ ਮੱਝ ਹੋਰ ਕਿੱਲੇ ਲਿਆ ਬੰਨ੍ਹੀਂ।

ਫੇਰ ਦੁੱਧ ਨੂੰ ਲੈ ਕੇ ਹੀ ਘਰ ਵਿੱਚ ਝਗੜਾ ਰਹਿਣ ਲੱਗਿਆ। ਘੀਚਰ ਤੇ ਦੁੱਲਾ ਕਹਿੰਦੇ ਸਨ ਕਿ ਉਨ੍ਹਾਂ ਨੂੰ ਰੱਜਵਾਂ ਦੁੱਧ ਪੀਣ ਨੂੰ ਦਿੱਤਾ ਜਾਵੇ। ਉਹ ਸਾਰਾ-ਸਾਰਾ ਦਿਨ ਖੇਤਾਂ ਵਿੱਚ ਦੇਹ ਵੇਲਦੇ ਹਨ। ਤਿੰਨ ਮੱਝਾਂ ਦਾ ਦੁੱਧ ਮਾਂ ਢੋਲ ਵਾਲੇ ਨੂੰ ਪਾ ਦਿੰਦੀ ਹੈ। ਮੁੰਡੇ ਗੁੱਝਾ-ਗੁੱਝਾ ਇਹ ਵੀ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਬਹੂਆਂ ਵੀ ਦੁੱਧ ਪੀਣ। ਸਾਰਾ-ਸਾਰਾ ਦਿਨ ਗੋਹਾ-ਕੂੜਾ ਹੀ ਕਰਦੀਆਂ ਰਹਿੰਦੀਆਂ ਹਨ। ਜਿਹੜੀ ਔਰਤ ਮੱਝਾਂ ਦੀ ਮੁਤਰਾਲ ਵਿੱਚ ਹੱਥ ਪਾਵੇ, ਉਹ ਨੂੰ ਦੁੱਧ ਦਾ ਗਲਾਸ ਕਿਉਂ ਨਾ ਮਿਲੇ?

ਬੁੜ੍ਹੀ ਨੂੰ ਲਾਲਚ ਪਿਆ ਹੋਇਆ ਸੀ। ਉਹ ਚਾਹੁੰਦੀ ਸੀ ਕਿ ਪੈਸੇ ਜਮ੍ਹਾਂ ਕਰਕੇ ਉਹ ਇੱਕ ਕਿੱਲਾ ਪੈਲੀ ਹੋਰ ਲੈ ਲਵੇ। ਜਵਾਬ ਦਿੰਦੀ...'ਦੁੱਧ ਦੀ ਵੱਟਤ ’ਚੋਂ ਖ਼ਲ-ਵੜੇਵੇਂ ਮਸ੍ਹਾਂ ਪੂਰੇ ਹੁੰਦੇ ਐ ਭਾਈ। ਕਿੱਥੋਂ ਦੇ ਦਿਆਂ ਥੋਨੂੰ ਨੇਕੜੂ ਮੈਂ? ਬਚੇ ਤਾਂ ਦੇਮਾਂ', ਆਖਦੀ, ‘ਬਥੇਰਾ ਖਵਾਇਆ ਥੋਨੂੰ ਵਿਆਹ ਤੋਂ ਪਹਿਲਾਂ। ਬਹੂਆਂ ਮਾਪਿਆਂ ਦੇ ਘਰ ਖਾ ਕੇ ਔਂਦੀਆਂ। ਹੁਣ ਕਬੀਲਦਾਰ ਓਂ ਤੁਸੀਂ, ਧੀਆਂ-ਪੁੱਤਾਂ ਆਲੇ, ਛੜੇ-ਮਲੰਗ ਨ੍ਹੀਂ। ਖਾ-ਪੀ ਕੇ ਛਰ੍ਹਲੇ ਉਡੌਣੇ ਨੇ ਤਾਂ ਘਰ ਕਿਮੇਂ ਤੁਰੂ।' ਫੇਰ ਤਾੜ ਵੀ ਦਿੰਦੀ-'ਆਵਦੀ ਅਕਲ ਵਰਤਣੀ ਐ ਤਾਂ ਕਿਨਾਰਾ ਕਰੋ। ਪਹਿਲਾਂ ਦੋ ਕਿਹੜਾ ਹੋਏ ਨੀ ਬੈਠੇ ਅੱਡ ਵਿੱਢ।'

ਘੀਚਰ-ਦੁੱਲੇ ਨੂੰ ਤਾਂ ਉਹ ਫੇਰ ਵੀ ਕਦੇ-ਹੱਥ ਝਾਂੜ ਦਿੰਦੀ, ਪਰ ਬਹੂਆਂ ਨੂੰ ਸੁੱਕੇ ਟੁੱਕ ’ਤੇ ਰੱਖਦੀ। ਬਹੂਆਂ ਉਹ ਨੂੰ ਚੰਗੀਆਂ ਨਾ ਲੱਗਦੀਆਂ। ਇੱਕ ਦਿਨ ਦੁੱਲੇ ਨੇ ਆਪਣਾ ਜੂਠਾ ਦੁੱਧ ਦਾ ਅੱਧਾ ਕੁ ਗਲਾਸ ਆਪਣੀ ਬਹੂ ਨੂੰ ਦੇ ਦਿੱਤਾ। ਬਹੂ ਦੁੱਧ ਪੀਂਦੀ ਰਾਮ ਕੁਰ ਦੀ ਨਿਗਾਹ ਪੈ ਗਈ। ਬੱਸ ਫੇਰ ਕੀ ਸੀ। ਤੂਫ਼ਾਨ ਖੜ੍ਹਾ ਕਰ ਦਿੱਤਾ ਰਾਮ ਕੁਰ ਬੁੜ੍ਹੀ ਨੇ। ਸਾਰਾ ਦਿਨ ਬੋਲਦੀ ਹੀ ਰਹੀ। ਦੁਹੱਥੜੀ ਪਿੱਟਦੀ ਤੇ ਬਹੂਆਂ ਨੂੰ ਗਾਲ੍ਹਾਂ ਕੱਢਦੀ। ਨਾ ਮੁੰਡੇ ਬੋਲੇ, ਨਾ ਬਹੂਆਂ। ਰਾਮ ਕੁਰ ਸਾਹਮਣੇ ਬੋਲਣਾ,ਬਾਰੂਦ ’ਤੇ ਚੰਗਿਆੜੀ

98

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ