ਪਟਵਾਰੀ ਵਾਲੇ ਪਾਸੇ ਇੱਕ ਨਿੱਕਾ ਕਮਰਾ ਉਹਨੇ ਆਪਣੇ ਬੈਠਣ ਲਈ ਅਲੱਗ ਰੱਖ ਲਿਆ ਸੀ। ਇਹ ਬੈਠਕ ਦੇ ਅੰਦਰਲੇ ਬਾਰ ਨੂੰ ਉਹ ਜਿੰਦਾ ਲਾ ਕੇ ਰੱਖਦਾ। ਉੱਥੇ ਇੱਕ ਮੰਜਾ-ਬਿਸਤਰਾ ਵੀ ਰੱਖਿਆ ਹੋਇਆ ਸੀ। ਦੋ-ਚਾਰ ਭਾਂਡੇ, ਲਾਲਟੈਣ ਤੇ ਇੱਕ ਅਲਮਾਰੀ ਵਿੱਚ ਕਾਗਜ਼-ਪੱਤਰ ਜਿਹੇ ਸੀ। ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਇਸ ਅਲਮਾਰੀ ਵਿੱਚ ਉਹਦੀਆਂ ਬਹੀਆਂ ਵੀ ਸਨ।
ਕਰਮ ਸਿੰਘ ਕੋਲ ਪਿੰਡ ਦੇ ਥੁੜੇ-ਟੁੱਟੇ ਕਿਸਾਨਾਂ ਨੂੰ ਗਰਜ਼ ਪੈਂਦੀ ਹੀ ਰਹਿੰਦੀ। ਉਹਨੇ ਪੰਜ-ਸੱਤ ਘਰਾਂ ਦੀ ਜ਼ਮੀਨ ਵੀ ਗਹਿਣੇ ਲੈ ਰੱਖੀ ਸੀ। ਜ਼ਮੀਨ ਛੁਡਾਉਂਦਾ ਤਾਂ ਕੋਈ-ਕੋਈ ਸੀ, ਪਰ ਬਹੁਤਿਆਂ ਨੂੰ ਹੋਰ ਪੈਸਿਆਂ ਦੀ ਲੋੜ ਪੈਂਦੀ ਤੇ ਉਹ ਜ਼ਮੀਨ ਤੇ ਹੀ ਹੋਰ ਪੈਸੇ ਚੜ੍ਹਵਾ ਲੈਂਦੇ ਜਾਂ ਇੱਕ-ਅੱਧਾ ਕਿੱਲਾ ਹੋਰ ਦੇ ਦਿੰਦੇ। ਕੁਝ ਇੱਕ ਘਰਾਂ ਦਾ ਗਹਿਣ ਤਾਂ ਐਨਾ ਵਧ ਚੁੱਕਿਆ ਸੀ ਕਿ ਉਹ ਸਾਰੀ ਉਮਰ ਇਹ ਜ਼ਮੀਨ ਨਹੀਂ ਛੁਡਵਾ ਸਕਦੇ ਸਨ। ਬੈਅ ਜਿੰਨਾ ਗਹਿਣਾ ਬਣ ਗਿਆ ਸੀ। ਏਦਾਂ ਹੀ ਪੈਸੇ ਚੜ੍ਹਾ-ਚੜ੍ਹਾ ਕਰਮ ਸਿੰਘ ਨੇ ਦੋ ਘਰਾਂ ਦੀ ਜ਼ਮੀਨ ਬੈਅ ਕਰਵਾ ਲਈ ਸੀ।
ਛੋਟੇ ਜ਼ਿਮੀਦਾਰਾਂ ਤੋਂ ਛੁੱਟ ਕਰਮ ਸਿੰਘ ਦਾ ਦੇਣ-ਲੈਣ ਮਜ਼ਹਬੀ, ਰਾਮਦਾਸੀਆਂ ਦੇ ਘਰਾਂ ਨਾਲ ਵੀ ਰਹਿੰਦਾ ਸੀ। ਪਰ ਉਨ੍ਹਾਂ ਨੂੰ ਉਹ ਰੋਕ ਪੈਸੇ ਜਾਂ ਦਾਣੇ ਹੀ ਦਿੰਦਾ। ਬਹੁਤੇ ਪੈਸੇ ਜਾਂ ਬਹੁਤੇ ਦਾਣੇ ਨਹੀਂ ਦਿੰਦਾ ਸੀ। ਅਗਲੇ ਦੀ ਪਹੁੰਚ ਦੇਖ ਕੇ ਓਨੇ ਕੁ ਪੈਸੇ ਜਾਂ ਦਾਣੇ ਦਿੰਦਾ, ਜਿਨ੍ਹਾਂ ਨੂੰ ਅਗਲਾ ਅਸਾਨੀ ਨਾਲ ਮੋੜ ਸਕਦਾ। ਉਨ੍ਹਾਂ ਕੋਲ ਜ਼ਮੀਨ ਜਾਇਦਾਦ ਤਾਂ ਕੋਈ ਹੁੰਦੀ ਨਹੀਂ ਸੀ। ਵੱਧ ਤੋਂ ਵੱਧ ਕੋਈ ਪਸ਼ੂ ਹੁੰਦਾ ਜਾਂ ਕੋਈ ਨਿੱਕਾ ਮੋਟਾ ਟੂਮ-ਛੱਲਾ। ਕਈ ਮਜ਼ਹਬੀ, ਰਾਮਦਾਸੀਆਂ ਨਾਲ ਤਾਂ ਉਹ ਦੋ-ਦੋ, ਚਾਰ-ਚਾਰ ਮਹੀਨਿਆਂ ਦਾ ਉਧਾਰ ਹੀ ਕਰਦਾ। ਪੰਜਾਹ ਰੁਪਏ ਦੇ ਦਿੱਤੇ, ਵੱਧ ਤੋਂ ਵੱਧ ਸੌ ਦੇ ਦਿੱਤਾ।
ਹੋਰ ਕਿਸੇ ਥਾਂ ਹੱਥ ਪੈਂਦਾ ਨਾ ਦੇਖ ਕੇ ਜਬਰਾ ਕਰਮ ਸਿੰਘ ਦੇ ਕੋਠਿਆਂ ਨੂੰ ਚੱਲ ਪਿਆ ਉਸ ਦਿਨ ਉਹ ਸੜਕ 'ਤੇ ਨਹੀਂ ਗਿਆ। ਛੁੱਟੀ ਲੈ ਲਈ। ਇਸ ਤਰ੍ਹਾਂ ਕਦੇ-ਕਦੇ ਮੇਟ ਉਹਨੂੰ ਛੁੱਟੀ ਦਿੰਦਾ, ਪਰ ਇਸ ਛੁੱਟੀ ਬਦਲੇ ਉਹਨੂੰ ਮੇਟ ਦਾ ਕੋਈ ਨਾ ਕੋਈ ਕੰਮ ਕਰਨਾ ਪੈਂਦਾ। ਮੇਟ ਵੀ ਇੱਕ ਤਰ੍ਹਾਂ ਨਾਲ ਉਨ੍ਹਾਂ ਦਾ ਅਫ਼ਸਰ ਸੀ। ਚਾਹੇ ਉਨ੍ਹਾਂ ਦੀ ਜਾਤ-ਬਰਾਦਰੀ ਵਿਚੋਂ ਸੀ। ਉਨ੍ਹਾਂ ਦੇ ਘਰਾਂ ਵਿਚੋਂ ਹੀ, ਪਰ ਅਫ਼ਸਰ ਤਾਂ ਅਫ਼ਸਰ ਹੁੰਦਾ ਹੈ। ਅਫ਼ਸਰ ਨਾਲ ਕਾਹਦੀ ਦੋਸਤੀ। ਅਫ਼ਸਰ ਦੀ ਲਿਹਾਜ਼ ਵਿੱਚ ਵੀ ਕੋਈ ਗਰਜ਼ ਹੁੰਦੀ ਹੈ। ਅਫ਼ਸਰ ਤਾਂ ਕਦੇ ਵੀ ਦੋਸਤ ਨਹੀਂ ਹੁੰਦਾ।
ਦੁਪਹਿਰ ਦਾ ਵੇਲਾ ਸੀ। ਮੌਸਮ ਵਿੱਚ ਠੰਡ ਬਿਲਕੁੱਲ ਨਹੀਂ ਰਹਿ ਗਈ ਸੀ। ਗਰਮੀ ਵੀ ਚੰਗੀ ਤਰ੍ਹਾਂ ਸ਼ੁਰੂ ਨਹੀਂ ਹੋਈ ਸੀ। ਨਾ ਸਰਦੀ, ਨਾ ਗਰਮੀ। ਬੜਾ ਵਧੀਆ ਮੌਸਮ ਸੀ, ਨਿਰਮਲ ਅਸਮਾਨ। ਜਬਰਾ ਸੋਚ ਰਿਹਾ ਸੀ, ਕਰਮ ਸਿੰਘ ਕੋਠਿਆਂ ਵਿੱਚ ਹੀ ਮਿਲ ਜਾਵੇ ਤਾਂ ਚੰਗੀ ਗੱਲ ਹੈ। ਕਿਧਰੇ ਛੁੱਟੀ ਲਈ ਹੋਈ ਐਵੇਂ ਹੀ ਨਾ ਜਾਵੇ। ਉਹਨੂੰ ਇਹ ਵੀ ਡਰ ਸੀ ਕਿ ਕਿਤੇ ਕਰਮ ਸਿੰਘ ਜਵਾਬ ਹੀ ਨਾ ਦੇਵੇ। ਉਹ ਵੀ ਦੇਖ-ਪਰਖ ਕੇ ਕਿਸੇ ਨੂੰ ਦਾਣੇ-ਰੁਪਈਏ ਦਿੰਦਾ ਹੈ। ਜਬਰਾ ਲੱਤ ਦਾ ਆਰੀ ਸੀ। ਸੜਕ `ਤੇ ਲੱਗ ਕੇ ਉਹ ਕਿੰਨਾ ਕੁ ਕਮਾ ਰਿਹਾ ਸੀ, ਇਹ ਸਭ ਕਰਮ ਸਿੰਘ ਨੂੰ ਪਤਾ ਸੀ। ਜਬਰੇ ਨੂੰ ਆਪਣਾ-ਆਪ ਬਹੁਤ ਛੋਟਾ-ਛੋਟਾ ਲੱਗ ਰਿਹਾ ਸੀ। ਉਹ ਤਾਂ ਜਿਹੋ-ਜਿਹਾ ਇਸ ਜੱਗ
100
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ