ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ‘ਕਣਕ ਐਡੀ ਛੇਤੀ ਮੁਕਾ ਲੀ? ਇੱਕ ਤੂੰ ਐਂ, ਇੱਕ ਤੇਰੀ ਤੀਵੀਂ, ਦੋ-ਚਾਰ ਜੁਆਕ ਹੋਣਗੇ।

‘ਜਵਾਕ ਤਾਂ ਇੱਕੋ ਐ, ਮੁੰਡੈ, ਪੰਜ-ਛੇ ਸਾਲ ਦਾ।

"ਹਾਂ ਹੋ, ਇਹੋ ਕਹਿਨਾਂ ਮੈਂ, ਬਈ ਤਿੰਨ ਤਾਂ ਜੀਅ ਓ ਤੁਸੀਂ। ਐਨਾ ਕਿੰਨਾ ਕੁ ਖਰਚ ਐ ਥੋਡਾ?'

‘ਖ਼ਰਚ ਤਾਂ ਕੋਈ ਨੀਂ ਬਾਬਾ। ਬੱਸ ਸੜਕ ਤੋਂ ਤਨਖ਼ਾਹ ਜਿਹੜੀ ਮਿਲਦੀ ਐ, ਉਹ ਤਾਂ ਆਈ-ਚਲਾਈ ਐ। ਪੈਸੇ ਮਿਲਦੇ ਨੇ, ਖੱਡੀ ਵੜ ਜਾਂਦੇ ਨੇ। ਪਿੜਾਂ ਵੇਲੇ ਕੱਠੀ ਕਣਕ ਜਿਹੜੀ ਲਈ ਸੀ, ਹੁਣ ਤਾਈ ਚੱਲ ਗੀ। ਬੱਸ, ਆਹ ਦੋ ਮਹੀਨਿਆਂ ਦੀ ਭੀੜ-ਸੰਘੀੜ ਐ, ਫੇਰ ਸਾਨੂੰ ਮਹਿਕਮੇ ਨੇ ਕਣਕ ਦਾ ਕਰਜ਼ਾ ਦੇ ਦੇਣੈ। ਫੇਰਤਾਂ 'ਕੱਠੀ ਈ ਲੈ ਲਾਂਗੇ, ਤਿੰਨ-ਚਾਰ ਬੋਰੀਆਂ।

ਹੁਣ ਫੇਰ ਇੱਕ ਬੋਰੀ ਕੀ ਕਰਨੀ ਐਂ ਤੂੰ? ਦੋ ਮ੍ਹੀਨੇ ਵਾਸਤੇ ਇੱਕ ਮਣ ਕਣਕ ਨੀਂ ਮੁੱਕਦੀ ਥੋਨੂੰ ਤਿੰਨਾਂ ਜੀਆਂ ਨੂੰ।

‘ਮਹਿਕਮੇ ਦਾ ਕੀ ਪਤੈ, ਖਬਰੈ ਇੱਕ-ਅੱਧਾ ਮ੍ਹੀਨਾ ਲੇਟ ਕਰ ਦੇਣ। ਫੇਰ ਦੂਜੀ ਵਾਰ ਕੀਹਦਾ ਕੁੰਡਾ ਖੜਕਾਵਾਂਗੇ?'

‘ਤਾਂ ਇੱਕ ਬੋਰੀ ਬਿਨਾਂ ਨੀਂ ਸਰਦਾ।'

‘ਹਾਂ ਇੱਕ ਬੋਰੀ ਕਰਦੇ ਬਾਬਾ, ਕਿਵੇਂ ਕਰ।'

‘ਚੰਗਾ, ਜਿਵੇਂ ਕਹੇਂ, ਕਰ ਲੈਨੇ ਆਂ।' ਗਰ੍ਹਨਾ ਰੋਕ ਕੇ ਕਰਮ ਸਿੰਘ ਉਹਦੇ ਵੱਲ ਗਹੁ ਨਾਲ ਝਾਕਣ ਲੱਗਿਆ ਤੇ ਫੇਰ ਸੋਚ-ਸੋਚ ਕਹਿਣ ਲੱਗਿਆ, "ਤੂੰ ਔਖਾ ਨਾ ਹੋ ਭੋਰਾ ਵੀ, ਹੋਰ ਦੱਸ?

ਬੱਸ ਬਾਬਾ। ਬੱਸ ਐਨਾ ਕਰ।'

‘ਤੂੰ ਆਇਓਂ ਕਰ। ਸੰਗ ਨਾ ਜਮਾਂ ਈ। ਸੌ ਰੁਪਈਆ ਵੀ ਲੈ ਜਾ। ਜਦੋਂ ਤੇਰਾ ਜੀਅ ਕਰੇ ਕੱਠੇ ਈ ਮੋੜ ਦੇਂ। ਕਣਕ ਦੇ ਪੈਸੇ ਵੀ ਤੇ ਸੌ ਵੀ।'

ਜਬਰਾ ਫ਼ਿਕਰਾਂ ਵਿੱਚ ਪੈ ਗਿਆ। ਇੱਕ ਗੱਲੋਂ ਉਹ ਸੁਖਾਲਾ-ਸੁਖਾਲਾ ਜਿਹਾ ਵੀ ਮਹਿਸੂਸ ਕਰਨ ਲੱਗਿਆ। ਸੋਚਿਆ, "ਚੱਲ, ਸੌ ਵੀ ਲੈ ਜਾਨੇ ਆਂ। ਜਿੱਥੇ ਕੱਟਿਆਂ ਦਾ ਲੇਖਾ, ਉੱਥੇ ਵੱਛਿਆ ਦਾ। ਕੋਈ ਝੱਗਾ-ਚੁੰਨੀ ਬਣਾ ਲਾਂਗੇ। ਕਿੱਦਣ ਦੀ ਸੂਟ-ਸੂਟ ਕਰਦੀ ਐ, ਮੁਖਤਿਆਰ ਕੁਰ, ਬੂਟੇ ਨੂੰ ਨਵਾਂ ਕੁੜਤਾ ਲੈ ਦਿੰਨੇ ਆਂ। ਮੇਰੇ ਕੋਲ ਵੀ ਸਿਰ ਨੂੰ ਪੱਗ ਹੈ ਨੀਂ। ਜਮਾਂ ਬੋਦੀ ਹੋਈ ਪਈ ਐ। ਸੜਕ `ਤੇ ਤਾਂ ਮਹਿਕਮੇ ਦੀ ਲਾਲ ਪੱਗ ਨਾਲ ਸਰ ਜਾਂਦੈ। ਕਦੇ ਪਿੰਡ ਚ ਜਾਣਾ ਪੈ ਜਾਂਦੈ। ਗਰਾਂ-ਘੋਹੀ ਵੀ। ਉੱਥੇ ਮਹਿਕਮੇ ਵਾਲੀ ਪੱਗ ਕੀ ਸੋਹਣੀ ਲੱਗਦੀ ਕੋਈ।' ਉਹਨੇ ਸੌ ਲਈ ਸਿਰ ਝੁਕਾ ਲਿਆ।

‘ਚੰਗਾ ਫੇਰ, ਦਿਨ ਛਿਪਦੇ ਨਾਲ ਆਉਂ ਮੈਂ ਪਿੰਡ, ਚਰਨੀ ਬਾਣੀਏ ਦੀ ਦੁਕਾਨ ’ਤੇ ਲਿਖਤ ਕਰ ਲਾਂਗੇ। ਬਹੀ ਮੈਂ ਲਈ ਆਊਂ। ਚਰਨੀ ਦੀ ਹੱਟੀ ਤੋਂ ਈ ਤੈਨੂੰ ਬੋਰੀ ਚੁਕਾ ਦੂੰ। ਸੌ ਦਾ ਨੋਟ ਵੀ ਓਥੇ ਹੀ ਫੜ ਲੀਂ। ਕਰਮ ਸਿੰਘ ਨੇ ਸਾਰੀ ਗੱਲ ਸਮਝਾ ਦਿੱਤੀ।

ਉਨ੍ਹਾਂ ਦਿਨਾਂ ਵਿੱਚ ਕਣਕ ਦਾ ਆਮ ਭਾਓ ਡੇਢ ਸੌ ਰੁਪਏ ਤੋਂ ਥੱਲੇ ਸੀ। ਪਰ ਕਰਮ ਸਿੰਘ ਨੇ ਦੱਸਿਆ ਕਿ ਉਹ ਪੌਣੇ ਦੋ ਸੌ ਰੁਪਿਆ ਇੱਕ ਕੁਇੰਟਲ ਦਾ ਲਵੇਗਾ। ਸੌ


102

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ