ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਨਾਂ ਹੋ ਜਾਂਦੇ ਸਭ। ਅਸੀਂ ਉਹਨੂੰ ਜੰਮਿਆ-ਪਾਲਿਆ, ਪੜ੍ਹਾਇਆ-ਲਿਖਾਇਆ, ਸਾਡਾ ਭਲਾ ਹੱਕ ਨੀਂ ਸੀ ਬਣਦਾ ਕੋਈ?" ਉਹਦਾ ਤਪਿਆ ਚਿਹਰਾ ਦੱਸਦਾ ਸੀ ਕਿ ਉਹ ਪੈਸੇ ਦੇ ਮਾਮਲੇ ਵਿੱਚ ਸਭ ਤੋਂ ਵੱਧ ਦੁਖੀ ਹੈ।

ਹੁਣ ਕੀ ਕਰਦੀ ਐ ਉਹ? ਘਰੇ ਈ ਐ, ਆਪਣੇ ਮਾਪਿਆਂ ਕੋਲ? ਜਾਂ ਹੋਰ ਸ਼ਾਦੀ ਕਰਾ ਲੀ ਕੋਈ?'

‘ਸ਼ਾਦੀ ਨੀਂ ਕਰਾਈ। ਓਸੇ ਮਕਾਨ 'ਚ ਐ, ਨਰੇਸ਼ ਆਲੇ 'ਚ। ਸਮਾਨ ਦਾ ਡਾਲ ਨ੍ਹੀ ਹਿੱਲਣ ਦਿੰਦੀ ਕਿਧਰੇ। ਮਾਪਿਆਂ ਨੂੰ ਨੀਂ ਦਿੰਦੀ, ਮਾਪਿਆਂ ਨੂੰ ਕਿਹੜਾ ਦਿੰਦੀ ਐ। ਨਰੇਸ਼ ਦੀ ਜਗ੍ਹਾ ਨੌਕਰੀ ਵੀ ਲੈ ਲੀ। ਓਸੇ ਮਹਿਕਮੇ ’ਚ ਕਲਰਕ ਐ ਹੁਣ। ਮੌਜਾਂ ਕਰਦੀ ਐ, ਖਬਰੈ ਕੀ ਕਰਦੀ ਐ? ਕਹਿ ਨੀਂ ਸਕਦੇ, ਨੂੰਹ ਐ ਫੇਰ ਵੀ।'

‘ਚੁਸਤ ਐ ਫੇਰ ਤਾਂ।" ਮੈਂ ਕਿਹਾ।

ਚੁਸਤ ਵਰਗੀ ਚੁਸਤ। ਨਰੇਸ਼ ਕੋਈ ਯਾਦ ਨੀਂ ਹੁਣ ਉਹਦੇ। ਉਹਨੂੰ ਕੋਈ ਦੁੱਖ ਨੀਂ ਉਹਦੇ ਮਰੇ ਦਾ। ਮੇਰੇ ਵੱਲ ਮੂੰਹ ਕਰਕੇ ਉਹ ਫੇਰ ਕਹਿਣ ਲੱਗਆ-ਚਲੋਂ ਬੱਚਾ ਗਿਰਾ 'ਤਾ, ਕੋਈ ਗੱਲ ਨੀਂ। ਮੁੰਡੇ ਦੀ ਥਾਂ ਨੌਕਰੀ ਮਿਲ ’ਗੀ, ਕਾਨੂੰਨ ਐ, ਮਿਲਣੀ ਈ ਸੀ। ਪਰ ਪੈਸਾ ਜਿਹੜਾ ਜਮਾਂ ਸੀ, ਬੈਂਕਾਂ 'ਚ ਜਾਂ ਕਿਧਰੇ ਵੀ ਉਹਦਾ ਰੱਖਿਆ ਵਿਆ, ਉਹ ਦੇ 'ਚ ਸਾਡਾ ਵੀ ਹੱਕ ਸੀ। ਇਹ ਮਾੜਾ ਕੀਤਾ ਸਹੁਰੀ ਨੇ। ਕੁੱਛ ਵੀ ਨਾ ਸੋਚਿਆ।'

"ਓਏ, ਪੈਸਾ ਮੁੱਖ ਹੋ ਗਿਆ ਉਹਨੂੰ ਭਾਈ, ਰਾਜਪਾਲ। ਕੀ ਗੱਲਾਂ ਕਰਦੈ ਤੂੰ। ਪੈਸੇ ਕਰਕੇ ਸਭ ਰਿਸ਼ਤੇ ਨਾਤੇ ਟੁੱਟ ਜਾਂਦੇ ਐ। ਦੁਨੀਆ ਪੈਸੇ ਦੀ ਐ। ਮੈਂ ਗੱਲ 'ਤੇ ਪੋਚਾ ਫੇਰ ਦਿੱਤਾ।

ਅਗਲਾ ਅੱਡਾ ਆਇਆ ਤਾਂ ਮੈਂ ਪਿਸ਼ਾਬ ਕਰਨ ਲਈ ਥੱਲੇ ਉੱਤਰ ਗਿਆ। ਮੁੜ ਕੇ ਚੜ੍ਹਿਆ ਤਾਂ ਮੇਰੀ ਸੀਟ ਤੇ ਇੱਕ ਜ਼ਨਾਨੀ ਬੈਠੀ ਹੋਈ ਸੀ। ਰਾਜਪਾਲ ਨੇ ਉਹ ਨੂੰ ਬਿੰਦ ਦੀ ਬਿੰਦ ਬਿਠਾ ਲਿਆ ਹੋਵੇਗਾ। ਜ਼ਨਾਨੀ ਦੀ ਗੋਦੀ ਛੋਟਾ ਜੁਆਕ ਸੀ। ਮੈਨੂੰ ਦੇਖ ਕੇ ਰਾਜਪਾਲ ਨੇ ਉਸ ਜ਼ਨਾਨੀ ਨੂੰ ਉੱਠਣ ਲਈ ਕਿਹਾ। ਪਰ ਮੈਂ ਹੱਥ ਮਾਰ ਦਿੱਤਾ ਬੈਠੋ ਭਾਈ, ਬੈਠੋ। ਮੈਂ ਐਧਰ ਦੇਖ ਲੈਨਾਂ। ਦੋ ਸਵਾਰੀਆਂ ਨੂੰ ਪਾਸਾ ਮਰਵਾ ਕੇ ਮੈਂ ਨਿੱਕੀ ਜਿੰਨੀ ਥਾਂ 'ਤੇ ਟਿਕ ਗਿਆ। ਦੂਜੀ ਸਵਾਰੀ ਪਤਲਾ ਜਿਹਾ ਮੁੰਡਾ ਸੀ ਇੱਕ। ਧੌਣ ਭੰਵਾ ਕੇ ਮੈਂ ਰਾਜਪਾਲ ਵੱਲ ਝਾਕਿਆਂ ਤਾਂ ਉਹ ਨਾਲ ਬੈਠੀ ਜ਼ਨਾਨੀ ਵੱਲ ਦੇਖ-ਦੇਖ ਦੁਖੀ ਹੋ ਰਿਹਾ ਸੀ।

ਚਾਹੇ ਮੈਂ ਤੰਗ ਬੈਠਾ ਸੀ, ਪਰ ਰਾਜਪਾਲ ਦੀ ਅੰਤਹੀਣ ਵਾਰਤਾ ਤੋਂ ਖਹਿੜਾ ਛੁਡਾ ਕੇ ਖਾਸੀ ਰਾਹਤ ਮਿਲ ਗਈ। ਉਹ ਆਪਣੇ ਮੁੰਡੇ ਨੂੰ ਨਹੀਂ, ਪੈਸੇ ਨੂੰ ਕਲਪ ਰਿਹਾ ਸੀ। ਨੂੰਹ ਤੇ ਕਿੰਨਾ ਖਿਝ ਰਿਹਾ ਹੈ। ਨੂੰਹ ਜਿਵੇਂ ਡਾਕੂ ਹੋਵੇ। ਦੈਂਤਣੀ ਹੋਵੇ ਕੋਈ। ਮੁੰਡਾ ਖਾ ਗਈ ਸੋ ਖਾ ਗਈ, ਪੈਸਾ ਕਿਉਂ ਖਾਧਾ? ਐਨੇ ਨੂੰ ਸਾਡਾ ਸ਼ਹਿਰ ਆ ਗਿਆ। ਮੈਂ ਕਾਹਲ ਨਾਲ ਉਤਰ ਕੇ ਰਿਕਸ਼ਾ ਲੈਣਾ ਚਾਹਿਆ। ਪਰ ਉਹ ਤਾਂ ਮੇਰੇ ਨਾਲ ਹੀ ਆ ਖੜ੍ਹਾ, ਮੇਰੀ ਛਾਂ ਵਾਂਗ। ਆਖ ਰਿਹਾ ਸੀ, ਮੈਂ ਵੀ ਉੱਧਰ ਈ ਜਾਣੈ। ਇੱਕ ਰਿਕਸ਼ਾ ਕਰ ਲੈਨੇ ਆਂ।

ਰਿਕਸ਼ੇ ਵਿੱਚ ਜਾ ਰਹੇ ਅਸੀਂ ਕੋਈ ਗੱਲ ਨਹੀਂ ਕਰ ਰਹੇ ਸੀ। ਗੱਲਾਂ ਬਹੁਤ ਹੋ ਗਈਆਂ ਸਨ। ਬਾਕੀ ਹੁਣ ਕੀ ਰਹਿ ਗਿਆ ਸੀ, ਪਰ ਉਹਤੋਂ ਰਿਹਾ ਨਾ ਗਿਆ। ਬੋਲ

ਪਰਛਾਵਿਆਂ ਦਾ ਮੋਹ

117