ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਰੰਗ ਗੋਰਾ ਹੈ। ਸਿਰ ਦੇ ਵਾਲ ਬੁਆਏ-ਕੱਟ ਹਨ। ਮੈਂ ਝੱਟ ਪਹਿਚਾਣ ਲਿਆ, ਇਹੀ ਹੈ ਬਲਵਿੰਦਰ ਦੁਸਾਂਝ। ਮੇਰੀਆਂ ਫੋਟੋਆਂ ਤਾਂ ਉਹਨੇ ਕਈ ਵੇਖੀਆਂ ਹੋਣਗੀਆਂ। ਉਹ ਇਕੱਲੀ ਜਿਹੀ ਹੋ ਕੇ ਖੜ੍ਹ ਗਈ। ਜਿਵੇਂ ਸਾਰੇ ਅੰਗਾਂ ਨੂੰ ਗੰਢ ਦੇ ਲਈ ਹੋਵੇ। ਸ਼ਬਦ ਲਮਕਾ ਕੇ ‘ਸਤਿ ਸ੍ਰੀ ਅਕਾਲ’ ਆਖੀ। ਮੈਂ ਉਹਨੂੰ ਬੁੱਕਲ ਵਿੱਚ ਲੈ ਲਿਆ। ਕਿਹਾ, ਬਲਵਿੰਦਰ ਈ ਐਂ ਨਾ?'

ਅਜੇ ਵੀ ਕੋਈ ਸ਼ੱਕ ਐਂ?' ਉਹ ਬੋਲੀ ਤੇ ਫੇਰ ਮੇਰੇ ਬੈਠਣ ਲਈ ਆਪਣੇ ਨਾਲ ਵਾਲੀ ਸੀਟ ਦੀ ਤਾਕੀ ਖੋਲ੍ਹੀ। ਅਗਲੇ ਪਲ ਹੀ ਉਹਦੀ ਕਾਰ ਸੜਕ ਤੇ ਸਰਪੱਟ ਭੱਜੀ ਜਾ ਰਹੀ ਸੀ। ਉਹਨੇ ਮੈਨੂੰ ਕਈ ਸਵਾਲ ਪੁੱਛੇ। ਕੋਚ ਵਿੱਚ ਠੀਕ ਜਗ੍ਹਾ ਮਿਲ ਗਈ ਸੀ? ਕਦੋਂ ਵਾਪਸ ਜਾ ਰਹੇ ਹੋ ਇੰਡੀਆ? ਕਿਵੇਂ ਲੱਗਿਆ ਇੰਗਲੈਂਡ? ਕਿੱਥੇ-ਕਿੱਥੇ ਘੁੰਮ ਲਏ? ਮੈਂ ਉਹਦੀ ਹਰ ਗੱਲ ਦਾ ਸੰਖੇਪ ਵਿੱਚ ਜਵਾਬ ਦਿੰਦਾ। ਵਾਰ-ਵਾਰ ਉਹਦੇ ਚਿਹਰੇ ਵੱਲ ਝਾਕਦਾ। ਹਮੇਸ਼ਾ ਹੀ ਉਹਦੀ ਨਿਗਾਹ ਸਾਹਮਣੇ ਹੁੰਦੀ। ਉਹਦੀਆਂ ਬਾਹਾਂ ਦੱਸ ਰਹੀਆਂ ਸਨ, ਉਹਦਾ ਕੱਦ ਲੰਮਾ ਹੈ। ਬੈਠੀ ਹੋਈ ਦਾ ਚੁਗਾਠਾ ਵੀ ਤਕੜਾ ਭਰਵਾਂ ਲੱਗਿਆ। ਚਿਹਰੇ ਦੀ ਦਿੱਖ ਮੁੰਡਿਆਂ ਵਰਗੀ ਸੀ। ਲੱਗਦਾ ਹੀ ਨਹੀਂ ਸੀ ਕਿ ਉਹ ਤਿੰਨ ਬੱਚਿਆਂ ਦੀ ਮਾਂ ਹੈ।

ਉਨ੍ਹਾਂ ਦਾ ਘਰ ਬੱਸ-ਸਟਾਪ ਤੋਂ ਨੇੜੇ ਹੀ ਸੀ। ਸਿਟਿੰਗ ਰੂਮ ਵਿੱਚ ਜਾ ਕੇ ਬੈਠੇ ਤਾਂ ਸਾਢੇ ਬਾਰ੍ਹਾਂ ਦਾ ਵਕਤ ਹੋ ਚੁੱਕਿਆ ਸੀ। ਉਹਨੇ ਪੁੱਛਿਆ, ਚਾਹ, ਕੌਫ਼ੀ ਜਾਂ ਜੂਸ?'

ਜੂਸ ਪਿਆ ਦੇ। ਮੈਂ ਕਿਹਾ।

ਪਹਿਲਾਂ ਜੂਸ ਪੀ ਲਓ। ਫੇਰ ਚਾਹ ਬਣਾ ਦਿੰਨੀ ਆਂ। ਲੇਖਕ ਤਾਂ ਚਾਹ ਪੀਂਦੇ ਹੁੰਦੇ ਨੇ। ਉਹ ਹੱਸਣ ਲੱਗੀ।

ਜੂਸ ਬਾਅਦ ਅਸੀਂ ਚਾਹ ਵੀ ਪੀਤੀ। ਬੱਚੇ ਘਰ ਨਹੀਂ ਸਨ। ਅੰਦਾਜ਼ਾ ਲਾਇਆ, ਸਕੂਲ ਗਏ ਹੋਣਗੇ। ਉਹ ਮੈਨੂੰ ਮੇਰੇ ਨਾਵਲਾਂ ਦੇ ਪਾਤਰਾਂ ਬਾਰੇ ਪੁੱਛਦੀ ਜਾ ਰਹੀ ਸੀ। ਫੇਰ ਕਈ ਕਹਾਣੀਆਂ ਦੇ ਨਾਂ ਲਏ। ਪੁੱਛਦੀ, ਇਹ ਕਹਾਣੀ ਸੱਚੀ ਐ? ਉਹ ਕਹਾਣੀ ਕਿੱਥੋਂ ਮਿਲੀ ਤੁਹਾਨੂੰ? ਉਹ ਪੁੱਛ ਰਹੀ ਸੀ, ਹੋਰ ਕਿਹੜੇ-ਕਿਹੜੇ ਵਧੀਆ ਲੇਖਕ ਨੇ? ਮੈਂ ਕਈਆਂ ਦੇ ਨਾਂ ਲਏ। ਕੋਈ ਉਹਨੇ ਪੜ੍ਹਿਆ ਹੁੰਦਾ ਤਾਂ ਉਹਦੀ ਰਚਨਾ ਦਾ ਨਾਂ ਦੱਸਦੀ। ਕੋਈ ਨਾ ਪੜ੍ਹਿਆ ਹੁੰਦਾ, ਚੁੱਪ ਰਹਿੰਦੀ ਤੇ ਫੇਰ ਅਗਲਾ ਸਵਾਲ ਕਰ ਦਿੰਦੀ। ਉਹ ਬਹੁਤ ਕੁਝ ਪੁੱਛ ਰਹੀ ਸੀ, ਬਹੁਤ ਕੁਝ ਦੱਸ ਰਹੀ ਸੀ। ਬਹੁਤ ਬੋਲ ਰਹੀ ਸੀ। ਇੱਕ ਵਾਰ ਤਾਂ ਲੱਗਿਆ, ਬੜੀ ਬੋਰ ਤੀਵੀਂ ਹੈ, ਕਿੱਥੋਂ ਫਸ ਗਿਆ ਮੈਂ।

‘ਤੁਸੀਂ ਥੱਕੇ-ਥੱਕੇ ਲੱਗਦੇ ਓ, ਸ਼ਾਇਦ ਬੋਰ ਹੋ ਗਏ। ਡਰਿੰਕ ਤਾਂ ਲੈ ਈ ਲੈਂਦੇ ਹੋਵੋਗੇ। ਮੈਂ ਤੁਹਾਡੇ ਵਾਸਤੇ ਵਿਸਕੀ ਲਿਆ ਕੇ ਰੱਖੀ ਹੈ। ਲੇਖਕ ਲੋਕ ਤਾਂ....ਉਹ ਉੱਠੀ।

ਅਗਲੇ ਪਲ ਮੇਜ਼ ’ਤੇ ਦੋ ਪਿਆਲੇ ਸਨ। ਵਿਸਕੀ ਦਾ ਹਾਫ਼ ਸੀ। ਇੱਕ ਬੋਤਲ ਜੂਸ ਦੀ ਤੇ ਇੱਕ ਕੋਕ ਦੀ। ਕਹਿਣ ਲੱਗੀ, "ਕੋਕ ਪਸੰਦ ਕਰਦੇ ਓ ਤਾਂ ਕੋਕ ਲੈ ਲਓ, ਜੂਸ ਪਸੰਦ ਕਰਦੇ ਓ ਜੂਸ ਲੈ ਲਓ। ਲੈਮਨਾਈਡ ਵੀ ਹੈ। ਮੈਂ ਸਹਿਮਿਆਂ ਬੈਠਾ ਸੀ। ਇਹ ਹੁਣ ਆਪ ਵੀ ਵਿਸਕੀ ਪੀਏਗੀ ਤੇ ... ਪਤਾ ਨਹੀਂ ਕੀ...।

ਇੱਕ ਦਲੇਰ ਔਰਤ

131