ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਜੰਗ ਬਾਰੇ ਮੈਂ ਪਤਨੀ ਨੂੰ ਦੱਸਿਆ-ਇਹ ਟਿੱਚਰੀ ਬੜਾ ਹੁੰਦਾ ਸੀ। ਮੁੱਢ ਤੋਂ ਈ ਮਜ਼ਾਕੀਆ ਸਭਾਅ ਸੀ ਇਹਦਾ। ਹੁਣ ਵੀ ਓਹੀ, ਸੁਭਾਅ ਐ! ਪਰ ਵਿਚਾਰਾ ਦੁੱਖਾਂ ਨੇ ਮਾਰ 'ਤਾ। ਹੋਸਟਲ 'ਚ ਮੇਰੇ ਕਮਰੇ ਦੇ ਨਾਲ ਇਹਦਾ ਕਮਰਾ ਸੀ। ਇਹ ਪੜ੍ਹਦਾ-ਪੜ੍ਹਦਾ ਜਦੋਂ ਥੱਕ ਜਾਂਦਾ ਤਾਂ ਤਾਜ਼ਾ-ਦਮ ਹੋਣ ਖ਼ਾਤਰ ਆ ਕੇ ਮੇਰਾ ਬਾਰ ਖੜਕਾ ਦਿੰਦਾ। ਬੋਲਦਾ ਓਏ ਸੁਣਾ ਬਈ ਸਰਦਾਰ ਗਿਆਨ ਸਿੰਘ ਭੱਠਲ? ਫੇਰ ਅੰਦਰ ਆ ਕੇ ਮੇਰੀਆਂ ਗੱਲ੍ਹਾਂ ਪੱਟਣ ਲੱਗਦਾ। ਕਮਰੇ ਵਿੱਚ ਖੜ੍ਹਾ ਉੱਚਾ ਬੋਲ ਕੱਢਦਾ-ਸਰਦਾਰ ਗਿਆਨ ਸਿੰਘ ਭੱਠਲ..... ਕੱਦੂ... ਫਿੱਸ... ਟੈਂਟੋ ਫਿੱਸ! ਤੇ ਚਲਿਆ ਜਾਂਦਾ। ਕਦੇ ਕਿਸੇ ਨਵੇਂ ਮੁੰਡੇ ਨਾਲ ਮੇਰੀ ਜਾਣਕਾਰੀ ਕਰਵਉਂਦਾ... ਚੰਗੇ ਰਉਂ ਚ ਹੁੰਦਾ ਤਾਂ ਆਖਦਾ-ਇਹ ਗਿਆਨ ਐ। ਮਜ਼ਾਕੀਆ ਰਓਂ 'ਚ ਹੁੰਦਾ ਤਾਂ ਬੋਲਦਾ-ਗਿਆਨ ਸਿੰਘ, ਇਹਦਾ ਪੂਰਾ ਨਾਉਂ ਐ ਸਰਦਾਰ ਗਿਆਨ ਸਿੰਘ ਭੱਠਲ ਉਰਫ਼ ਗਿਆਨ ਕੱਦੂ ਉਰਫ਼ ਫਿੱਸ-ਟੈਂ .... ਟੈਂ.. ਫਿੱਸ।'

'ਹਾਂ ਜੀ, ਹੁਣ ਤਾਂ ਜਦੋਂ ਦਾ ਮੁੰਡਾ ਮਰਿਆ, ਉਹ ਗੱਲ ਈ ਨ੍ਹੀਂ ਰਹਿ ਗੀ। ਉਹ ਵਿਚਾਰਾ ਜਿਹਾ ਮੂੰਹ ਬਣਾ ਕੇ ਬੋਲੀ।

'ਪਰ ਬਰਫ਼ੀ ਦਾ ਡੱਬਾ? ਅਖੇ-ਮੁੰਡੇ ਪਾਸ ਹੋਏ ਐ। ਸੱਚੀਂ ਕੱਦੂ ਆਖਿਆ ਸੀ ਉਹਨੇ ਮੈਨੂੰ?'

'ਹਾਂ ਜੀ, ਦੋ-ਤਿੰਨ ਵਾਰੀ ਕੱਦੂ ਕਿਹੈ।

'ਫੇਰ ਤਾਂ ਕੋਈ ਗੱਲ ਐ।'

ਮੈਨੂੰ ਬੇਹੱਦ ਖ਼ੁਸ਼ੀ ਸੀ ਕਿ ਉਹ ਫੇਰ ਚੜ੍ਹਦੀ ਕਲਾ ਵਿੱਚ ਹੈ। ਹੈਰਾਨੀ ਇਹ ਹੈ ਕਿ ਅਜਿਹੀ ਤਬਦੀਲੀ ਆਈ ਕਿਵੇਂ?

ਸੱਚੀ ਗੱਲ ਹੈ, ਮੈਂ ਤਾਂ ਉਹਤੋਂ ਕਤਰਾਉਣ ਲੱਗ ਪਿਆ ਸੀ। ਉਹ ਸਮਝਦਾ ਹੀ ਨਹੀਂ ਸੀ। ਬੰਦਾ ਕਦੇ ਤਾਂ ਦਿਲ ਧਰੇ। ਕਦੇ ਤਾਂ ਮਨ ਨੂੰ ਕਿਸੇ ਟਿਕਾਣੇ ਲਾਵੇ ਪਰ ਉਹ ਤਾਂ ਮਿਲਦਾ ਸੀ ਤੇ ਇੱਧਰ-ਉੱਧਰ ਦੀਆਂ ਕੁਝ ਗੱਲਾਂ ਕਰਨ ਬਾਅਦ ਅਖ਼ੀਰ 'ਕੁੱਕੜ ਦੀ ਗੱਲ ਲੈ ਕੇ ਬਹਿ ਜਾਂਦਾ ਤੇ ਰੋਣ ਲੱਗਦਾ। ਅੱਖਾਂ ਵਿੱਚ ਪਾਣੀ, ਅਵਾਜ ਭਿੱਜੀ ਭਿੱਜੀ। ਮੇਰਾ ਦਿਲ ਵੀ ਭੈੜਾ ਪੈ ਜਾਂਦਾ। ਮੈਨੂੰ ਕੋਈ ਗੱਲ ਔੜਦੀ ਹੀ ਨਾ। ਇਸ ਬੰਦੇ ਨੂੰ ਹੁਣ ਕੋਈ ਸਮਝਾਵੇ ਵੀ ਤਾਂ ਕੀ ਸਮਝਾਵੇ। ਮੈਂ ਆਖਦਾ, 'ਜੰਗ ਯਾਰ, ਹੁਣ ਸਬਰ ਕਰ ਮਨ ਨੂੰ ਸਮਝਾ। ਕੁਦਰਤ ਨੇ ਜਿਹੜਾ ਕਰ 'ਤਾ, ਉਹਦੇ ਅੱਗੇ ਕੋਈ ਜ਼ੋਰ ਨੀਂ ਕਿਸੇ ਦਾ।

'ਕਿਵੇਂ ਸਮਝਾਵਾਂ ਮਨ ਨੂੰ, ਸਮਝਦਾ ਨੀਂ ਜਦੋਂ। ਤੂੰ ਸਮਝਾ ਕੇ ਦੇਖ ਲੈ।' ਉਹ ਮੈਨੂੰ ਭੱਜ ਕੇ ਪੈਂਦਾ ਤੇ ਗੁੱਸੇ ਵਿੱਚ ਬੋਲਦਾ।ਮੈਂ ਚੁੱਪ ਵੱਟ ਲੈਂਦਾ ਤੇ ਕੁਝ ਵੀ ਨਾ ਕਹਿ ਸਕਦਾ।

'ਕੁੱਕੜ ਮਰੇ ਨੂੰ ਇੱਕ ਸਾਲ ਤੋਂ ਉੱਤੇ ਹੋ ਗਿਆ ਸੀ। ਜੰਗ ਨੇ ਹਾਲ ਤੱਕ ਦਿਲ ਨਹੀਂ ਧਰਿਆ ਸੀ। 'ਕੁੱਕੜ ਦੀ ਮੌਤ ਬਾਰੇ ਸਾਨੂੰ ਤੁਰੰਤ ਪਤਾ ਨਹੀਂ ਲੱਗਿਆ। ਇਸ ਕਰਕੇ ਅਸੀਂ ਭੋਗ ਤੇ ਨਹੀਂ ਗਏ ਸੀ। ਦੋ ਮਹੀਨੇ ਬਾਅਦ ਉਨ੍ਹਾਂ ਦੇ ਪਿੰਡ ਦੇ ਇੱਕ ਨੰਬਰਦਾਰ ਨੇ ਦੱਸਿਆ। ਸੁਣਿਆ ਤਾਂ ਮੇਰਾ ਜਿਵੇਂ ਕਾਲਜਾ ਢੇਰੀ ਹੋ ਗਿਆ ਹੋਵੇ। ਖਿੰਡਣ ਲੱਗੀ। ਵਿਚਾਰਾ ਜੰਗ! ਲਓ, ਹੁਣ ਨਹੀਂ ਬਚਦਾ ਉਹ। ਇਹ ਆਖ਼ਰ ਦੀ ਸੱਟ ਹੈ। ਇਸ ਉਮਰ ਵਿੱਚ ਇਹ ਭਾਣਾ?


136

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ