ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਉਹ ਚਾਰ ਜੀਅ ਹਨ। ਉਹ ਤੇ ਪਰਮਾਤਮਾ ਨੰਦ, ਪਰਮਾਤਮਾ ਨੰਦ ਦੀ ਮਾਂ ਤੇ ਉਨ੍ਹਾਂ ਦੀ ਦਸ-ਗਿਆਰਾਂ ਸਾਲ ਦੀ ਛੋਟੀ ਕੁੜੀ। ਉਹ ਸਕੂਲ ਪੜ੍ਹਨ ਜਾਂਦੀ ਹੈ। ਸਕੂਲ ਵਿੱਚ ਉਹ ਵੀ ਦੁਖੀ ਹੈ। ਉਹਨੂੰ ਹਿੰਦੀ ਨਹੀਂ ਬੋਲਣੀ ਆਉਂਦੀ। ਉਹਦੀ ਪੰਜਾਬੀ 'ਤੇ ਕੁੜੀਆਂ ਉਹਨੂੰ ਛੇੜਦੀਆਂ ਹਨ ਤੇ ਉਹਦੇ 'ਤੇ ਬੁਰੀ ਤਰ੍ਹਾਂ ਹੱਸਦੀਆਂ ਹਨ। ਪੰਜਾਬੀ ਸ਼ਬਦਾਂ ਨੂੰ ਲੈ ਕੇ ਉਹਨੂੰ ਖਿੱਝਾਂ ਪਾ ਰੱਖੀਆਂ ਹਨ। ਘਰ ਆ ਕੇ ਕੁੜੀ ਉਦਾਸ ਰਹਿੰਦੀ ਹੈ। ਜੇ ਇਸ ਤਰ੍ਹਾਂ ਦਾ ਹੀ ਹਾਲ ਰਿਹਾ ਤਾਂ ਇੱਕ ਦਿਨ ਉਹ ਭੁੱਖੇ ਮਰ ਜਾਣਗੇ। ਲੱਗਦਾ ਹੈ, ਜਿਵੇਂ ਡੰਗਾਂ ਦੀ ਰੋਟੀ ਵੀ ਨਦੀਦ ਹੋਵੇ। ਇੱਥੇ ਨਾ ਘਰ ਦਾ ਮਕਾਨ ਤੇ ਨਾ ਕਮਾਈ। ਇਨਾਂ ਲੋਕਾਂ ਦੀਆਂ ਓਪਰੀਆਂ ਅੱਖਾਂ ਅਲੱਗ।

ਨਿੱਤ ਵਾਂਗ ਉਹਨੇ ਅੱਜ ਵੀ ਆਪਦਾ ਦੋ ਸੈੱਲਾਂ ਵਾਲਾ ਟੁੱਟਿਆ-ਤਿੜਕਿਆ ਟਰਾਂਜ਼ਿਸਟਰ ਸੁਣਿਆ ਹੈ। ਤਰਨ ਤਾਰਨ ਨੇੜੇ ਨਹਿਰ ਦੀ ਪਟੜੀ ਤੇ ਜਾਂਦੇ ਇੱਕ ਸਾਈਕਲ ਸਵਾਰ ਦੋਧੀ ਨੂੰ ਗੋਲੀ ਮਾਰ ਦਿੱਤੀ ਗਈ। ਦੋਧੀ ਥਾਂ ਦੀ ਥਾਂ ਦਮ ਤੋੜ ਗਿਆ। ਮੋਗੇ ਵਿੱਚ ਸ਼ਾਮ ਨੂੰ ਇੱਕ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ, ਉਹਨੂੰ ਸਰੇ-ਬਜ਼ਾਰ ਸੜਕ ਤੇ ਭੰਨ੍ਹ ਦਿੱਤਾ ਗਿਆ। ਨਿੱਤ ਅਜਿਹੀਆਂ ਖ਼ਬਰਾਂ ਸੁਣਨ ਦੀ ਨੰਦ ਲਾਲ ਨੂੰ ਜਿਵੇਂ ਆਦਤ ਪੈ ਗਈ ਹੋਵੇ। ਹੁਣ ਇਹ ਖ਼ਬਰਾਂ ਸੁਣ ਕੇ ਉਹਦਾ ਦਿਲ ਨਹੀਂ ਕੰਬਦਾ।

ਆਪਣੇ ਪਿੰਡੋਂ ਚੱਲਣ ਵੇਲੇ ਉਹ ਇੱਕ ਟਰੱਕ ਵਿੱਚ ਆਪਣਾ ਸਾਰਾ ਕੁਝ ਲਕਾ-ਤੁਕਾ ਲੱਦ ਲਿਆਇਆ ਸੀ। ਘਰ ਦੇ ਸਾਰੇ ਬਾਰਾਂ ਨੂੰ ਜਿੰਦਰੇ ਲਾ ਕੇ ਚਾਬੀਆਂ ਆਪਣੇ ਗਵਾਂਢੀ ਜਰਨੈਲ ਸਿੰਘ ਨੂੰ ਫੜਾ ਦਿੱਤੀਆਂ ਸਨ। ਅਖਿਆ ਸੀ, 'ਜੈਲਿਆ ਭਰਾਵਾ, ਆਹ ਫੜ ਚਾਬੀਆਂ। ਕੁਦਰਤ ਦਾ ਕੀ ਪਤਾ, ਕੀਹ ਐ ਮੁੜ ਕੇ ਆ ਜਾਈਏ, ਨਹੀਂ ਫੇਰ ਤੂੰ ਮਾਲਕ ਏਸ ਘਰ ਦਾ।'

ਜਰਨੈਲ ਸਿੰਘ ਦੀਆਂ ਅੱਖਾਂ ਗਿੱਲੀਆਂ ਸਨ, ਨੰਦ ਭਾਈ, ਦੇ ਜਾ ਚਾਬੀਆਂ। ਤੇਰੀ 'ਮਾਨਤ ਐ ਤੇਰਾ ਘਰ। ਜਿਹੜਾ ਕੁਝ ਛੱਡ ਗਿਐ, ਹੱਥ ਤਾਂ ਕਿਸੇ ਨੂੰ ਲੌਣ ਨੀਂ ਦੇਣਾ ਮੈਂ। ਜਦੋਂ ਮਰਜ਼ੀ ਚਾਬੀਆਂ ਫੜ ਲਈਂ ਆਣ ਕੇ। ਮੈਂ ਤਾਂ ਬਥੇਰਾ ਸਮਝਾਇਆ ਤੈਨੂੰ, ਤੇਰਾ ਦਿਲ ਨਹੀਂ ਖੜ੍ਹਦਾ ਤਾਂ, ਤੇਰੀ ਮਰਜ਼ੀ।'

ਜਰਨੈਲ ਸਿੰਘ ਨੂੰ ਹੀ ਪਤਾ ਸੀ, ਬੱਸ ਇੱਕ ਦਿਨ ਨੰਦ ਲਾਲ ਤੜਕੇ ਚਾਰ ਵਜੇ ਪਿੰਡੋਂ ਨਿਕਲ ਤੁਰਿਆ ਸੀ।

ਇਸ ਸ਼ਹਿਰ ਵਿੱਚ ਅੱਜ ਉਹਨੇ ਫੇਰ ਟਰੱਕ ਭਾੜੇ ਕੀਤਾ ਹੈ। ਦਿਨ ਦੇ ਚਿੱਟੇ ਚਾਨਣ ਵਿੱਚ ਆਪਣਾ ਸਾਰਾ ਸਮਾਨ ਟਰੱਕ ਤੇ ਲੱਦ ਲਿਆ ਹੈ। ਸ਼ਾਮ ਤੱਕ ਉਹ ਪੰਜਾਬ ਵਿੱਚ ਆਪਣੇ ਪਿੰਡ, ਆਪਣੇ ਘਰ, ਆਪਣੀ ਧਰਤੀ ਤੇ ਪਹੁੰਚ ਜਾਵੇਗਾ। ਸ਼ਾਮ ਕੀ, ਚਾਹੇ ਅੱਧੀ ਰਾਤ ਹੋ ਜਾਵੇ। ਆਪਣੇ ਪਿੰਡ ਜਾ ਕੇ ਕਾਹਦਾ ਡਰ?

ਮਾਂ-ਧੀ ਡਰਾਈਵਰ ਕੋਲ ਬੈਠ ਗਈਆਂ ਹਨ। ਉਹ ਆਪ ਵੀ ਇੱਥੇ ਹੀ ਬੈਠ ਜਾਵੇਗਾ। ਪਰਮਾਤਮਾ ਨੰਦ ਟਰੱਕ ਦੇ ਉਤੇ ਜਾਕੇ ਟੂਲ-ਬਾਕਸ ਵਿੱਚ ਅੱਧ ਲੇਟਿਆ ਜਿਹਾ ਬੈਠ ਗਿਆ ਹੈ। ਮਕਾਨ-ਮਾਲਕ ਨੂੰ ਕਮਰਾ ਸੰਭਾਲ ਕੇ ਨੰਦ ਲਾਲ ਬੋਲਿਆ, "ਚੰਗਾ ਭਾਈ ਸਾਅਬ, ਏਥੇ ਭੁੱਖੇ ਮਰਨ ਨਾਲੋਂ, ਜੇ ਮਰਨਾ ਈ ਹੋਇਆ, ਓਥੇ ਆਪਣੀ ਧਰਤੀ ਤੇ ਖਾਂਦੇ-ਪੀਂਦੇ ਤਾਂ ਮਰਾਂਗੇ।

164

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ