ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/186

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 'ਫੇਰ ਵੀ ਇਹ ਕੌਣ ਐ, ਖੇਤਾ ਰਾਮ ਹਲਵਾਈ?'

ਦੋਸਤ ਮੁਸਕਰਾਇਆ ਬੋਲਿਆ, 'ਤੂੰ ਚੰਗੀ ਤਰ੍ਹਾਂ ਜਾਣਦੈ ਖੇਤਾ ਰਾਮ ਹਲਵਾਈ ਨੂੰ।'

'ਮੈਂ ਜਾਣਦਾ? ਮੈਨੂੰ ਕੀ ਪਤਾ ਖੇਤਾ ਰਾਮ ਹਲਵਾਈ ਦਾ?'

'ਜਾਣਦੈ, ਜਾਣਦੈ, ਖੂਬ ਜਾਣਦੈ ਤੂੰ ਖੇਤਾ ਰਾਮ ਹਲਵਾਈ ਨੂੰ।

'ਬਈ ਕਮਾਲ ਐ, ਮੈਂ ਤਾਂ ਸਗੋਂ ਤੈਨੂੰ ਪੁੱਛ ਰਿਹਾਂ, ਖੇਤਾ ਰਾਮ ਹਲਵਾਈ ਬਾਰੇ।'

'ਇਉਂ ਨਹੀਂ ਤੂੰ ਸਮਝੇਗਾ। ਪਹਿਲਾਂ ਸਾਰੀ ਗੱਲ ਸੁਣ।' ਅਸੀਂ ਰੋਟੀ ਸ਼ੁਰੂ ਕਰ ਲਈ ਸੀ। ਦੋਸਤ ਦੱਸਣ ਲੱਗਿਆ, 'ਖੇਤਾ ਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਅਸਲ ਵਿੱਚ ਰੇਲਵੇ ਰੋਡ ਤੇ ਹੀ ਹੈ। ਬਹੁਤ ਪੁਰਾਣੀ ਦੁਕਾਨ ਐ। ਓਥੇ ਅਸਲੀ ਦੇਸੀ ਘਿਓ ਦੀਆਂ ਜਲੇਬੀਆਂ ਪੱਕਦੀਆਂ ਨੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਜਲੇਬੀਆਂ ਪੱਕਦੀਆਂ ਰਹਿੰਦੀਆਂ ਨੇ। ਨੇੜੇ-ਤੇੜੇ ਦੇ ਪਿੰਡਾਂ ਵਿੱਚ ਵੀ ਇਹ ਜਲੇਬੀਆਂ ਪਹੁੰਚਦੀਆਂ ਨੇ। ਗਰਮ-ਗਰਮ ਜਲੇਬੀਆਂ ਦੁਕਾਨ ਅੱਗੇ ਪਈ ਵੱਡੀ ਸਾਰੀ ਪਰਾਤ ਵਿੱਚ ਆ ਕੇ ਡਿੱਗਦੀਆਂ ਤੇ ਨਾਲ ਦੀ ਨਾਲ ਤੱਕੜੀ ਤੇ ਤੁਲ ਕੇ ਗਾਹਕਾਂ ਦੇ ਹੱਥਾਂ ਤੇ ਟਿਕਦੀਆਂ ਤੁਰੀਆਂ ਜਾਂਦੀਆਂ ਨੇ। ਬੋਹੜ ਦੇ ਹਰੇ ਪੱਤਿਆਂ ਤੇ ਧਰ ਕੇ ਜਲੇਬੀਆਂ ਦਿੱਤੀਆਂ ਜਾਂਦੀਆਂ। ਸੌ ਗ੍ਰਾਮ, ਦੋ ਸੌ ਗ੍ਰਾਮ, ਢਾਈ ਸੌ ਗ੍ਰਾਮ। ਅੱਧਾ ਕਿੱਲੋਂ ਤੇ ਕਿੱਲੇ ਜਲੇਬੀਆਂ ਲਈ ਲਿਫ਼ਾਫ਼ਾ ਹੁੰਦੈ। ਦੇਖਣ ਵਿੱਚ ਜਲੇਬੀ ਦੀਆਂ ਸਾਂਝਾਂ ਐਨੀਆਂ ਸੋਹਣੀਆਂ ਨਹੀਂ ਲੱਗਦੀਆਂ, ਉੱਗਲ ਜਿੰਨੀਆਂ ਮੋਟੀਆਂ-ਮੋਟੀਆਂ, ਪਰ ਵਿੱਚ ਉਨ੍ਹਾਂ ਦੇ ਰਸਾ ਕੋਰਾ ਅੰਮ੍ਰਿਤ ਹੁੰਦੈ, ਜਿਵੇਂ ਗਰਮ ਮਖਿਆਲ ਦੀਆਂ ਘੁੱਟਾਂ।

'ਤੂੰ ਤਾਂ ਜਲੇਬੀਆਂ ਦੀ ਗੱਲ ਈ ਕਰੀ ਜਾਨੈ, ਜਿਵੇਂ ਖੇਤਾ ਰਾਮ ਦੀ ਦੁਕਾਨ ਦਾ ਕੋਈ ਏਜੰਟ ਹੋਵੇ ਤੂੰ, ਮੈਂ ਅਸਲੀ ਤੇ ਪੁਰਾਣੀ ਦੁਕਾਨ ਦੀ ਕਹਾਣੀ ਪੁੱਛੀ ਸੀ। ਮੈਂ ਟੋਕਿਆ।

'ਹਾਂ, ਠੀਕ ਐ। ਦੱਸਦਾ-ਖੇਤਾ ਰਾਮ ਦੇ ਦੋ ਮੁੰਡੇ ਨੇ। ਉਹ ਦਸ-ਦਸ ਜਮਾਤਾਂ ਪੜ੍ਹੇ ਤੇ ਪਿਓ ਦੀ ਦੁਕਾਨ 'ਤੇ ਈ ਬੈਠ ਗਏ। ਪੂਰੇ ਹਲਵਾਈ ਬਣ ਗਏ ਉਹ ਵੀ। ਵਿਆਹੇ ਗਏ, ਫੇਰ ਅੱਡ ਹੋ ਗਏ। ਮਾਂ ਮਰ ਚੁੱਕੀ ਸੀ। ਦੋਵਾਂ ਨੇ ਅੱਡ-ਅੱਡ ਮਕਾਨ ਬਣਾ ਲਏ। ਪਿਓ ਨੂੰ ਦੁਕਾਨ 'ਚੋਂ ਕੱਢ ਦਿੱਤਾ ਤੇ ਦੁਕਾਨ ਵੰਡ ਲਈ। ਵੱਡੇ ਮੁੰਡੇ ਨੇ ਅੱਧ ਦੇ ਪੈਸੇ ਦੇ ਕੇ ਰੇਲਵੇ ਰੋਡ ਵਾਲੀ ਅਸਲੀ ਦੁਕਾਨ ਸੰਭਾਲ ਲਈ। ਛੋਟੇ ਨੇ ਗਊਸ਼ਾਲਾ ਰੋਡ 'ਤੇ ਨਵੀਂ ਦੁਕਾਨ ਖੋਲ੍ਹ ਲਈ। ਇਹ ਫੱਟੇ ਲਿਖ ਕੇ ਲਾਉਣ ਦੀ ਇਸ਼ਤਿਹਾਰਬਾਜ਼ੀ ਪਹਿਲਾਂ ਛੋਟੇ ਮੁੰਡੇ ਨੇ ਹੀ ਸ਼ੁਰੂ ਕੀਤੀ ਸੀ। ਫੇਰ ਵੱਡਾ ਵੀ ਆਪਣਾ ਪ੍ਰਚਾਰ ਕਰਨ ਲੱਗਿਆ। ਉਂਝ ਦੋਵੇਂ ਦੁਕਾਨਾਂ ਇੱਕੋ ਜਿੰਨੀਆਂ ਮਸ਼ਹੂਰ ਨੇ।'

'ਨਹੀਂ, ਫ਼ਰਕ ਹੋਣੈ।' ਮੈਂ ਕਿਹਾ।

'ਇੱਕੋ ਪਿਓ ਦੇ ਪੁੱਤ ਨੇ, ਯਾਰ। ਜਲੇਬੀਆਂ 'ਚ ਭੋਰਾ ਵੀ ਫ਼ਰਕ ਨਹੀਂ। ਓਹੀ ਚੀਜ਼।

'ਜਲੇਬੀਆਂ ਜ਼ਰੂਰ ਇੱਕੋ ਹੋਣਗੀਆਂ।

'ਹੋਰ ਫੇਰ?'

186
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ